ਨਜ਼ਮ
ਮੈਂ ਨਹੀਂ ਕਹਿੰਦਾ
ਕਿ ਮੈਂ ਤੇਰੀ ਖ਼ਾਤਿਰ
ਜਾ ਅਰਸ਼ਾਂ ਤੋਂ ਤਾਰੇ ਨੋਚਾਂ
ਜਾਂ ਮੈਂ ਤੇਰੇ ਪਿਆਰ ‘ਚ ਲਟਬੌਰਾ-ਦੀਵਾਨਾ
ਇੰਨੀ ਮਾਸੂਮੀਅਤ
ਤਾਂ ਸ਼ਾਇਦ ਦੇਵਤਿਆਂ ਨੂੰ ਹੀ ਬਖ਼ਸ਼ੀ ਗਈ ਹੈ।
.............
ਮੈਂ ਨਹੀਂ ਕਹਿੰਦਾ
ਕਿ ਤੇਰੇ ਪਾਸ ਹੋਇਆਂ
ਮੈਨੂੰ ਜ਼ਿੰਦਗੀ ਦੇ ਰਾਜ਼
ਸਮਝ ਆਉਂਦੇ
ਜਾਂ ਪੁਲਾੜ ਦੇ, ਖਿਲਾਅ ਦੇ
ਗਹਿਰੇ ਭੇਦ
...............
ਮੈਨੂੰ ਤਾਂ ਆਪੇ ਦੀ
ਸਮਝ ਨਹੀਂ
ਕੀ ਸਮਝਾਂਗਾ
ਦੁਨੀਆਂ ਦੇ ਕਰਿਸ਼ਮੇ।
..................
ਮੈਂ ਨਹੀਂ ਕਹਿੰਦਾ
ਕਿ ਤੇਰੇ ਨਾਲ਼
ਮੈਨੂੰ ਦੁਨੀਆਂ ਦੀ
ਹਰ ਦੌਲਤ ਮਿਲ਼ ਗਈ
ਇਸ ਜਹਾਨ ‘ਚ
ਬੰਦੇ ਦੀ ਕੀਮਤ ਹੈ ਕੀ!
ਦੰਮਾਂ ਤੋਂ ਬਿਨਾਂ ਤਾਂ
ਸਿਵਾ ਵੀ ਮਿਲਦਾ ਨਹੀਂ।
..............
ਮੈਂ ਨਹੀਂ ਕਹਿੰਦਾ
ਕਿ ਤੇਰੇ ਨਾਲ਼
ਮੈਨੂੰ ਮਿਲ਼ ਗਏ
ਤਮਾਮ ਹੀਰੇ ਮੋਤੀ
ਤੇਰੀ ਧੜਕਦੀ,
ਮਘਦੀ ਜ਼ਿੰਦਗਾਨੀ ਦੀ ਤੁਲਨਾ
ਨਿਰਸੰਦੇਹ ਚਮਕੀਲੇ
ਪਰ ਨਿਰਜਿੰਦ ਪੱਥਰ ਨਾਲ਼ ਕੀਕੂੰ?
.................
ਮੈਂ ਨਹੀਂ ਕਹਿੰਦਾ
ਕਿ ਤੂੰ ਮੇਰੀ
ਕਵਿਤਾ, ਗ਼ਜ਼ਲ, ਗੀਤ
ਤੇਰੇ ਚਿਹਰੇ ਦਾ ਗੁਲਾਬੀ ਰੰਗ,
ਬੁੱਲ੍ਹਾਂ ਦੀ ਕਿਰਮਚੀ ਭਾਅ
ਅੱਖੀਆਂ ਦੀ ਡੂੰਘੀ ਨਿਲੱਤਣ
ਸੰਘਣੇ ਵਾਲਾਂ ਦੀ ਉਡਾਰੀ
ਖ਼ੁਸ਼ਬੂ ਅਤੇ ਰੰਗਾਂ ਦੀ ਦੁਨੀਆਂ।
...................
ਮੈਂ ਅਣਗਿਣਤ ਅਲੰਕਾਰਾਂ ਤੋਂ
ਤੇਰੀ ਪਰਿਭਾਸ਼ਾ ਦਾ ਦਾਨ ਮੰਗਿਆ
ਪਰ ਏਡਾ ਕੋਈ ਦਾਨੀ ਨਹੀਂ
ਜੋ ਮੇਰੇ ਭਾਵਾਂ ਦੀ ਤਰਜਮਾਨੀ ਕਰੇ।
No comments:
Post a Comment