ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, February 7, 2010

ਸੁਖਿੰਦਰ - ਨਜ਼ਮ

ਦੋਸਤੋ! ਸੁਖਿੰਦਰ ਜੀ ਦੀ ਭੇਜੀ ਇਸ ਨਜ਼ਮ ਨੇ ਮੈਨੂੰ ਨਿਸ਼ਬਦ ਕਰ ਦਿੱਤਾ ਹੈ, ਮੇਰੀਆਂ ਅੱਖਾਂ ਵਹਿ ਤੁਰੀਆਂ ਨੇ। ਇਸਨੂੰ ਪੜ੍ਹ ਕੇ ਇਹੀ ਆਖਾਂਗੀ ਕਿ ਸੁਖਿੰਦਰ ਜੀ ਸ਼ੁਕਰੀਆ, ਏਨੇ ਸਾਦੇ ਅਤੇ ਸਪੱਸ਼ਟ ਲਫ਼ਜ਼ਾਂ ਚ ਏਨੀਆਂ ਕੋਝੀਆਂ ਹਕੀਕਤਾਂ ਬਿਆਨ ਕਰਨ ਲਈ...ਤੁਹਾਡੀ ਕਲਮ ਨੂੰ ਸਲਾਮ। ਹੁਣ ਇਹ ਨਜ਼ਮ ਵੀ ਮੇਰੀਆਂ ਮਨ-ਪਸੰਦੀਦਾ ਨਜ਼ਮਾਂ ਚ ਸ਼ਾਮਿਲ ਹੋ ਗਈ ਹੈ। ਬਾਹਰਲੇ ਦੇਸ਼ਾਂ ਦੇ ਝਾਂਸੇ ਚ ਨੌਕਰੀਆਂ ਦੇ ਬਹਾਨੇ ਨਾਲ਼ ਕੁੜੀਆਂ ਦੀ ਤਸਕਰੀ ਹੋ ਰਹੀ ਹੈ, ਸਿੱਟਾ ਸੰਗੀਨ ਜੁਰਮ ਹੋ ਰਹੇ ਨੇ। ਮਾਂ-ਬਾਪ ਅਤੇ ਖ਼ੁਦ ਕੁੜੀਆਂ ਨੂੰ ਚੇਤੰਨ ਹੋਣਾ ਪਵੇਗਾ।

-----

ਰਾਤ ਹੀ ਮੈਂ ਇਕ ਮੂਵੀ ਵੇਖ ਰਹੀ ਸੀ ਜਿਸ ਵਿਚ ਕਾਲ-ਸੈਂਟਰਾਂ ਦਾ ਧਨਾਢ ਮਾਲਿਕ ਨਵੀਆਂ-ਨਵੀਆਂ ਅਤੇ ਭੋਲ਼ੀਆਂ-ਭਾਲ਼ੀਆਂ ਕੁੜੀਆਂ ਨੂੰ ਮਹਿੰਗੇ ਤੋਹਫ਼ੇ ਦੇ ਕੇ ਵਰਗਲਾਉਂਦਾ ਹੈ। ਪਰ ਜਦੋਂ ਉਸਦੀ ਆਪਣੀ ਹੀ ਵਿਗੜੀ ਹੋਈ ਸਪੁੱਤਰੀ, ਪੈਸੇ ਦੇ ਲਾਲਚ, ਕਿਸੇ ਦਲਾਲ ਰਾਹੀਂ ਉਸ ਤੱਕ ਪਹੁੰਚਦੀ ਹੈ ਤਾਂ ਉਹ ਆਪਣੇ-ਆਪ ਨੂੰ ਗੋਲ਼ੀ ਮਾਰਨ ਦੀ ਕੋਸ਼ਿਸ਼ ਕਰਦਾ ਹੈ।

-----

ਮੇਰੇ ਖ਼ਿਆਲ ਚ ਇਹਨਾਂ ਸੱਚਾਈਆਂ ਨੂੰ ਬਿਆਨ ਕਰਦੀ, ਕਿਸੇ ਵੀ ਭਾਸ਼ਾ ਹੋਰ ਕੋਈ ਨਜ਼ਮ ਘੱਟ-ਘੱਟ ਮੈਂ ਤਾਂ ਨਹੀਂ ਪੜ੍ਹੀ। ਸੋ, ਇਸਨੂੰ ਮੈਂ ਉਹਨਾਂ ਕਰਮਾਂ ਮਾਰੀਆਂ ਕੁੜੀਆਂ ਦੇ ਨਾਮ ਕਰਦੀ ਹਾਂ ਜਿਹੜੀਆਂ ਭੈੜੇ ਹਾਲਾਤ ਵੱਸ ਅਜਿਹੀ ਜ਼ਿੰਦਗੀ ਜਿਉਣ ਲਈ ਮਜਬੂਰ ਨੇ ਜਾਂ ਜਾਣ-ਬੁੱਝ ਕੇ ਖੂਹ ਵਿਚ ਡਿੱਗਦੀਆਂ ਨੇ। ਕਦੇ ਡੈਡੀ ਜੀ ਬਾਦਲ ਸਾਹਿਬ ਦੀ 1960-62 ਚ ਲਿਖੀ ਇਕ ਨਜ਼ਮ ਪੋਸਟ ਜ਼ਰੂਰ ਕਰਾਂਗੀ ਜਿਹੜੀ ਉਹਨਾਂ ਨੇ ਦੁਨੀਆਂ ਦੀ ਸਭ ਤੋਂ ਆਖ਼ਰੀ ਵੇਸਵਾ ਦੇ ਨਾਂ ਲਿਖੀ ਸੀ ਇਸ ਆਸ ਨਾਲ ਕਿ ਕਦੇ ਤਾਂ ਏਸ ਜ਼ੁਲਮ/ਸ਼ੋਸ਼ਣ ਦਾ ਅੰਤ ਹੋਵੇਗਾ...। ਨਜ਼ਮ ਆਰਸੀ ਪਰਿਵਾਰ ਨਾਲ਼ ਸਾਂਝੀ ਕਰਨ ਲਈ ਸੁਖਿੰਦਰ ਜੀ, ਤੁਹਾਡਾ ਇਕ ਵਾਰ ਫੇਰ ਤੁਹਾਡਾ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

************

ਚਿੜੀਆਂ

ਨਜ਼ਮ

ਫੁਰ ਫੁਰ ਕਰਦੀਆਂ ਚਿੜੀਆਂ ਵਾਂਗ

ਉੱਡਦੀਆਂ ਫਿਰਦੀਆਂ ਕੁੜੀਆਂ

ਸਹਿਜੇ ਹੀ ਫਸ ਜਾਂਦੀਆਂ ਨੇ

ਸ਼ਿਕਾਰੀਆਂ ਦੇ ਸੁੱਟੇ ਹੋਏ ਜਾਲ਼ ਵਿੱਚ

...........

ਲਾਹੌਰ ਦੀ ਹੀਰਾ ਮੰਡੀ ਹੋਵੇ

ਜਾਂ ਟੋਰਾਂਟੋ ਦੀ ਯੰਗ ਸਟਰੀਟ

ਵੈਨਕੂਵਰ ਦੇ ਸਟਰਿਪਟੀਜ਼ ਕਲੱਬ ਹੋਣ

ਜਾਂ ਦਿੱਲੀ ਦੀ ਜੀ.ਬੀ. ਰੋਡ

ਹਰ ਜਗ੍ਹਾ ਹੀ ਰੁਲ਼ ਰਹੀਆਂ ਨੇ

ਘਰਾਂ ਚੋਂ ਵਰਗਲਾ ਕੇ

ਲਿਆਂਦੀਆਂ ਹੋਈਆਂ, ਮਾਸੂਮ

ਅਤੇ ਭੋਲੀਆਂ ਭਾਲੀਆਂ ਕੁੜੀਆਂ

...........

ਨਵੇਂ ਯੁੱਗ ਵਿੱਚ ਸ਼ਿਕਾਰੀਆਂ ਨੇ

ਨਵੇਂ ਬਹਾਨੇ ਲੱਭ ਲਏ ਹਨ

ਇਨ੍ਹਾਂ ਚਿੜੀਆਂ ਨੂੰ

ਆਪਣੇ ਜਾਲ਼ਾਂ ਵਿੱਚ ਫਸਾਣ ਲਈ

ਬੇਗਾਨੇ ਦੇਸ਼ਾਂ ਵਿੱਚ

ਚੰਗੀਆਂ ਨੌਕਰੀਆਂ ਦਵਾਉਣ ਦਾ ਚੋਗਾ ਸੁੱਟ

ਲਿਆ ਬਿਠਾਂਦੇ ਹਨ ਉਨ੍ਹਾਂ ਨੂੰ

ਰੰਡੀਆਂ ਦੇ ਕੋਠਿਆਂ ਉੱਤੇ:

ਮੈਸਾਜ਼ ਪਾਰਲਰਾਂ ਦੇ ਸਾਈਨ ਬੋਰਡ ਲਗਾ ਕੇ

ਕਾਲ ਸੈਂਟਰਾਂ ਦੀਆਂ ਓਪਰੇਟਰਾਂ ਦਾ ਬਹਾਨਾ ਬਣਾ ਕੇ

ਰੇਡੀਓ ਨੀਊਜ਼ਕਾਸਟਰਾਂ ਦਾ ਖ਼ੂਬਸੂਰਤ ਲੇਬਲ ਲਗਾ ਕੇ

.............

ਹਰੇਕ ਦੇਸ਼ ਦੀਆਂ ਚਿੜੀਆਂ ਨੂੰ

ਜਾਲ਼ ਵਿੱਚ ਫਸਾਉਣ ਲਈ

ਉਨ੍ਹਾਂ ਕੋਲ, ਕੋਈ ਨਵਾਂ ਫਾਰਮੂਲਾ ਹੁੰਦਾ ਹੈ:

ਭਾਰਤੀ ਚਿੜੀਆਂ ਵਾਸਤੇ

ਨਰਸਾਂ ਦੀ ਲੋੜਦਾ ਚੋਗਾ ਸੁੱਟਦੇ ਹਨ

ਰੁਮਾਨੀਅਨ ਚਿੜੀਆਂ ਵਾਸਤੇ

ਡਾਂਸਰਾਂ ਦੀ ਲੋੜਦਾ ਚੋਗਾ ਸੁੱਟਦੇ ਹਨ

ਰੂਸੀ ਚਿੜੀਆਂ ਵਾਸਤੇ

ਮਾਲਿਸ਼ ਕਰਨ ਵਾਲੀਆਂ ਦੀ ਲੋੜਦਾ ਚੋਗਾ ਸੁੱਟਦੇ ਹਨ

ਪਾਕਿਸਤਾਨੀ ਚਿੜੀਆਂ ਵਾਸਤੇ

ਪਤਨੀਆਂ ਦੀ ਲੋੜਦਾ ਚੋਗਾ ਸੁੱਟਦੇ ਹਨ

...................

ਫੁਰ ਫੁਰ ਕਰਦੀਆਂ ਚਿੜੀਆਂ ਨੂੰ

ਆਪਣੇ ਜਾਲ ਵਿੱਚ ਫਸਾਉਣ ਲਈ

ਵਿਸ਼ਵਮੰਡੀ ਦੇ ਮੱਕਾਰ ਦਲਾਲਾਂ ਕੋਲ

ਸਤਰੰਗੀ ਪੀਂਘ ਦੇ ਰੰਗਾਂ ਵਰਗੇ

ਰੰਗੀਨ ਸੁਪਨਿਆਂ ਦੇ ਭੰਡਾਰ ਹਨ

ਤੁਹਾਡੀ ਲੋੜ ਨੂੰ ਸਮਝ

ਤੁਹਾਡੀ ਮਜਬੂਰੀ ਨੂੰ ਪਹਿਚਾਣ

ਹਰ ਗਾਹਕ ਨੂੰ

ਆਪਣਾ ਮਾਲ ਵੇਚ ਸਕਣ ਦੀ

ਸਮਰੱਥਾ ਰੱਖਣ ਵਾਲੇ

ਚੁਸਤ ਵਿਉਪਾਰੀਆਂ ਵਾਂਗ

No comments: