
-----
ਮੈਂ ਇਕ ਦਿਨ ਡਾ: ਫ਼ਿਲ ਦਾ ਸ਼ੋਅ ਵੇਖ ਰਹੀ ਸੀ, ਉਸ ਵਿਚ ਇਕ ਗੋਰੀ ਦਾਦੀ ਧਾਹਾਂ ਮਾਰ-ਮਾਰ ਰੋ ਰਹੀ ਸੀ ਕਿ ਉਸਦੀ ਨੂੰਹ ਉਸਨੂੰ ਉਸਦੇ ਪੋਤੇ-ਪੋਤੀਆਂ ਨੂੰ ਨਈਂ ਮਿਲ਼ਣ ਦਿੰਦੀ ਤੇ ਸ਼ਰਤਾਂ ਲਾਉਂਦੀ ਹੈ ਕਿ ਜੇ ਬੱਚਿਆਂ ਨੂੰ ਮਿਲ਼ਣਾ ਹੈ ਤਾਂ ਬੇਬੀ ਸਿਟਿੰਗ ਕਰ ਤੇ ਘਰ ਦਾ ਸਾਰਾ ਕੰਮ ਕਰ। ਘੰਟੇ ਭਰ ਦੇ ਸ਼ੋਅ ਦਾ ਡਾ: ਫ਼ਿਲ ਨੇ ਇਹ ਨਤੀਜਾ ਕੱਢਿਆ ਕਿ ਪਹਿਲਾਂ ਮਨ ਵਿੱਚੋਂ ਇਹ ਗੱਲ ਸਾਰੇ ਨਾਨੇ-ਨਾਨੀਆਂ ਤੇ ਦਾਦੇ-ਦਾਦੀਆਂ ਨੂੰ ਕੱਢ ਦੇਣੀ ਚਾਹੀਦੀ ਹੈ ਕਿ ਤੁਹਾਡੇ ਪੋਤੇ/ਪੋਤੀਆਂ, ਦੋਹਤੇ/ਦੋਹਤੀਆਂ ‘ਤੁਹਾਡੇ ਬੱਚੇ’ ਹਨ। ਬਲਕਿ ਇਹ ਸੋਚਣਾ ਚਾਹੀਦਾ ਹੈ ਕਿ ਉਹ ਸਾਡੇ ‘ਬੱਚਿਆਂ ਦੇ ਬੱਚੇ’ ਹਨ ਤੇ ਓਨੀ ਕੁ ਹੀ ਭਾਵੁਕਤਾ ਦੇ ਨਾਮ ‘ਤੇ ਸ਼ੋਸ਼ਣ ਕਰਨ ਦੀ ਆਗਿਆ ਆਪਣੇ ਨੂੰਹਾਂ-ਪੁੱਤਾਂ ਅਤੇ ਧੀਆਂ-ਜਵਾਈਆਂ ਨੂੰ ਦੇਣੀ ਚਾਹੀਦੀ ਹੈ, ਕਿਉਂਕਿ ਆਪਣੇ ਬੱਚੇ ਪਾਲ਼ ਕੇ ਤੁਸੀਂ ਆਪਣੀ ਜ਼ਿੰਮੇਵਾਰੀ ਨਿਭਾ ਦਿੱਤੀ ਹੈ। ਹੁਣ ਪੋਤੇ/ਪੋਤੀਆਂ, ਦੋਹਤੇ/ਦੋਹਤੀਆਂ ਨੂੰ ਤੁਸੀਂ ਕਿੰਨੇ ਵਕ਼ਤ ਦੇਣਾ ਚਾਹੁਦੇ ਓ, ਤੁਹਾਡੇ ਨਿਮਰ ਸੁਭਾਅ ਅਤੇ ਤੁਹਾਡੇ ਰੁਝੇਵਿਆਂ ‘ਤੇ ਨਿਰਭਰ ਕਰਦਾ ਹੈ। 'ਮੂਲ ਨਾਲ਼ੋਂ ਵਿਆਜ ਪਿਆਰਾ' ਵਾਲ਼ੀ ਗੱਲ ਛੱਡੋ ਕਿਉਂਕਿ ਜ਼ਿੰਦਗੀ ਇਕ ਵਾਰ ਹੀ ਮਿਲ਼ਦੀ ਹੈ, ਇਸਦਾ ਭਰਪੂਰ ਆਨੰਦ ਲਓ।
----
ਇਹ ਤਾਂ ਸੀ ਘਰਦਿਆਂ ਦੀ ਗੱਲ, ਰਿਟਾਇਡ ਅਤੇ ਘਰ ਰਹਿਣ ਵਾਲ਼ੇ ਇਨਸਾਨ ਨੂੰ ਉਸਦੇ ਦੋਸਤ-ਮਿੱਤਰ ਵੀ ਨਹੀਂ ਬਖ਼ਸ਼ਦੇ, ਨਿੱਤ ਨਵੀਆਂ ਬੇਗਾਰਾਂ ਪਾਈ ਜਾਣਗੇ ਕਿ ਘਰੇ ਵਿਹਲੇ ਈ ਓਂ...ਸਾਡਾ ਹੱਥ ਈ ਵਟਾ ਜਾਓ। ਭਲਾ ਇਹ ਰਿਟਾਇਰਮੈਂਟ ਹੋਈ ??? ਮੇਰੇ ਖ਼ਿਆਲ ‘ਚ ਕੰਮ ਤੋਂ ਸੇਵਾ-ਮੁਕਤ ਬੰਦਾ ਏਥੇ ਜ਼ਿਆਦਾ ਰੁੱਝਿਆ ਹੋਇਆ ਹੁੰਦਾ ਹੈ। ਹਾਂ! ਕਦੇ–ਕਦਾਈਂ ਜੇਕਰ ਕੋਈ ਆਪਣੀ ਮਰਜ਼ੀ ਨਾਲ਼ ਮੱਦਦ ਕਰਨਾ ਚਾਹੁੰਦਾ ਹੈ ਤਾਂ ਉਸ ਵਿਚ ਕੋਈ ਹਰਜ਼ ਨਹੀਂ। ਮੈਂ ਹੁਣ ਚੁੱਪ ਕਰਦੀ ਹਾਂ ਤੇ ਹੁਣ ਤਾਂ ਕੋਕਿਟਲਮ ਵਸਦੇ ਲੇਖਕ ਸ: ਹਰਚੰਦ ਸਿੰਘ ਬਾਗੜੀ ਸਾਹਿਬ ਕਾਵਿ-ਵਿਅੰਗ ‘ਚ ਦੱਸਣਗੇ ਕਿ ਰਿਟਾਇਡ ਹੋ ਕੇ ਉਹਨਾਂ ਕਿੰਨਾ ਕੁ ਜ਼ਿੰਦਗੀ ਨੂੰ ਮਾਣਿਆ ਹੈ। ਜਦੋਂ ਦੀ ਮੈਂ ਨਜ਼ਮ ਸੁਣੀ ਹੈ, ਮੈਂ ਵਾਹ-ਵਾਹ ਕਰੀ ਜਾ ਰਹੀ ਹਾਂ। ਬਾਗੜੀ ਸਾਹਿਬ! ਏਨਾ ਖ਼ੂਬਸੂਰਤ ਕਾਵਿ-ਵਿਅੰਗ ਲਿਖਣ ਤੇ ਆਰਸੀ ਪਰਿਵਾਰ ਵੱਲੋਂ ਮੁਬਾਰਕਬਾਦ ਕਬੂਲ ਕਰੋ ਜੀ। ਡੈਡੀ ਜੀ ਬਾਦਲ ਸਾਹਿਬ ਇਹ ਆਖ ਕੇ ਸਪੈਸ਼ਲ ਵਧਾਈਆਂ ਦੇ ਰਹੇ ਨੇ ਕਿ ਬਾਗੜੀ ਸਾਹਿਬ ਸਾਡੇ ਲਾਅਨ ਦਾ ਘਾਹ ਵੀ ਕੱਟਣ ਵਾਲ਼ਾ ਹੈ, ਕਦੇ ਏਧਰੋਂ ਵੀ ਲੰਘਦੇ ਜਾਇਓ J ਇਹ ਤਾਂ ਸੀ ਮਜ਼ਾਕ ਦੀ ਗੱਲ। ਬਾਗੜੀ ਸਾਹਿਬ ਨਜ਼ਮ ਸਭ ਨਾਲ਼ ਸਾਂਝੀ ਕਰਨ ਦਾ ਬੇਹੱਦ ਸ਼ੁਕਰੀਆ। ਆਸ ਹੈ ਇਸ ਨਜ਼ਮ ਵਿਚਲਾ ਵਿਅੰਗ ਕਿਸੇ 'ਤੇ ਤਾਂ ਅਸਰ ਕਰੇਗਾ ਹੀ।
ਅਦਬ ਸਹਿਤ
ਤਨਦੀਪ ਤਮੰਨਾ
**************
ਬੇਗਾਰਾਂ ਜੋਗਾ ਰਹਿ ਗਿਆ
ਕਾਵਿ-ਵਿਅੰਗ
ਜਦੋਂ ਦਾ ਘਰ ਹਾਂ ਰਿਟਾਇਡ ਹੋ ਕੇ ਬਹਿ ਗਿਆ।
ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ ਰਹਿ ਗਿਆ।
ਆਮਦਨ ਘਟ ਗਈ ਖ਼ਰਚਾ ਵਧਾ ਲਿਆ।
ਕਾਰ ਪੈਟਰੋਲ ਦਿਆਂ ਖ਼ਰਚਿਆਂ ਨੇ ਖਾ ਲਿਆ।
ਕੰਮ ਤੋਂ ਜ਼ਿਆਦਾ ਗੱਡੀ ਸੜਕਾਂ ‘ਤੇ ਘੁਕਦੀ।
ਹਫ਼ਤੇ ‘ਚ ਭਰਿਆ ਭਰਾਇਆ ਟੈਂਕ ਫ਼ੂਕਦੀ।
ਮੂੰਹ-ਕੂਲ ਬੰਦੇ ਤਾਈਂ ਗਧੀ ਗੇੜ ਪੈ ਗਿਆ...
ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....
------
ਦੇਸੋਂ ਆਇਆ ਕਹਿੰਦਾ ਮੈਨੂੰ ਕਾਰ ਈ ਸਿਖਾ ਦੇ।
ਕੰਮ ਜੋਗਾ ਹੋ ਜਾਂ ਲਾਇਸੈਂਸ ਈ ਦੁਆ ਦੇ।
ਕਾਰਾਂ ਸਿਖਾਉਣ ਵਾਲ਼ੇ ਪੈਸੇ ਬੜੇ ਝਾੜਦੇ।
ਤੈਨੂੰ ਕੀ ਫ਼ਰਕ ਪੈਂਦੈ, ਮੇਰਾ ਕੰਮ ਸਾਰ ਦੇ।
ਦੂਰ ਦਾ ਲਿਹਾਜ਼ੀ ਆ ਕੇ ਮੇਰੇ ਘਰੇ ਬਹਿ ਗਿਆ....
ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....
-----
ਇਕ ਕਹਿੰਦਾ ਮੇਰੇ ਤਾਂ ਕਿਰਾਏਦਾਰ ਭੱਜਗੇ।
ਸਾਰਾ ਨਿੱਕ-ਸੁਕ ਮੇਰੇ ਘਰ ਵਿਚ ਛੱਡਗੇ।
ਵਿਹਲਾ ਈ ਐਂ ਮੇਰਾ ਜ਼ਰਾ ਹੱਥ ਈ ਵਟਾ ਜਾਹ।
ਕਰਗੇ ਖ਼ਰਾਬ ਕੰਧਾਂ ਪੇਂਟ ਵੀ ਕਰਾ ਜਾਹ।
ਸੋਚਾਂ ਦਾ ਪਹਾੜ ਮੇਰੇ ਸਿਰ ਉੱਤੇ ਢਹਿ ਗਿਆ...
ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....
-----
ਫ਼ੋਨ ਉੱਤੇ ਕਹਿੰਦੀ ਭਰਜਾਈ ਉੱਚੀ ਬੋਲ ਕੇ।
ਕੁੱਤਾ ਘਰੋਂ ਭੱਜਿਆ, ਲਿਆਈਂ ਜ਼ਰਾ ਟੋਲ਼ ਕੇ।
ਸਰਕਾਰੀ ਬੰਦਾ ਪਹਿਲਾਂ ਲੈ ਗਿਆ ਸੀ ਫੜਕੇ।
ਢਾਈ ਸੌ ਦਾ ਬਿਲ ਸਾਡੇ ਸੀਨੇ ਵਿਚ ਰੜਕੇ।
ਮੈਨੂੰ ਕੀ ਪਤਾ ਸੀ ਕੁੱਤਾ ਕਿਹੜੇ ਰਾਹ ਪੈ ਗਿਆ...
ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....
-----
ਭਰ ਗਿਆ ਬਾਥਰੂਮ, ਕਿਚਨ ਤੇ ਸੀੜ੍ਹੀਆਂ।
ਸਾਡੇ ਘਰ ਆ ਵੜੇ ਕੀੜੇ ਅਤੇ ਕੀੜੀਆਂ।
ਕੀੜੇਮਾਰ ਲੈ ਆ ਦਵਾਈ ਕਿਤੋਂ ਭਾਲ਼ ਕੇ।
ਇਕ ਵਾਰ ਛਿੜਕੀ ਸੀ ਜਿਹੜੀ ਤੂੰ ‘ਪਾਲ’ ਕੇ।
ਸਾਰਾ ਪਰਿਵਾਰ ਚੜ੍ਹ ਸੋਫ਼ਿਆਂ ‘ਤੇ ਬਹਿ ਗਿਆ...
ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....
-----
ਅਸੀਂ ਜਾਣਾ ਦੇਸ਼ ਨੂੰ ਜਹਾਜ ਆਈਂ ਚਾੜ੍ਹ ਕੇ।
ਅਟੈਚੀਆਂ ਦਾ ਭਾਰ ਨਾਲ਼ੇ ਦੇਖ ਲਈਂ ਹਾੜ ਕੇ।
ਮੁੜਾਂਗੇ ਮਹੀਨੇ ਤੱਕ ਅਸੀਂ ਗੇੜਾ ਮਾਰ ਕੇ।
ਟੈਮ ਨਾਲ਼ ਆਜੀਂ ਤੇ ਜਹਾਜੋਂ ਲੈਜੀਂ ‘ਤਾਰ ਕੇ।
ਸਾਡੀ ਤਾਂ ਕਾਰ ਪੱਪੂ ਕੰਮ ਉੱਤੇ ਲੈ ਗਿਆ....
ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....
-----
ਭਾਰੇ ਸੀ ਅਟੈਚੀ ਅਤੇ ਚੁੱਕ ਮੇਰੇ ਪੈ ਗਈ।
ਪੀੜਾਂ ਮਾਰੀ ਜਿੰਦ ਸਾਡੀ ਮੰਜੇ ਜੋਗੀ ਰਹਿ ਗਈ।
ਘਰਵਾਲ਼ੀ ਗ਼ੁੱਸੇ ਵਿਚ ਬੁੜ ਬੁੜ ਕਰਦੀ।
‘ਟੈਚੀ ਨੇ ਜਾ ਚੱਕਦਾ ਤਾਂ ਨਾੜ ਕਾਹਨੂੰ ਚੜ੍ਹਦੀ?
ਸੇਵਾ ਦਾ ਸਵਾਦ ਤੈਨੂੰ ਇਹ ਕਿੱਥੋਂ ਪੈ ਗਿਆ....
ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....
-----
ਖੁੱਲ੍ਹਾ-ਡੁੱਲ੍ਹਾ ਘਰ ਆਪਾਂ ਨਵਾਂ ਹੋਰ ਪਾ ਲਿਆ।
ਸਬਜ਼ੀਆਂ ਲਈ ਕਾਫੀ ਥਾਂ ਵੀ ਬਣਾ ਲਿਆ।
ਢੇਰ ਦਾ ਟਰੱਕ ਅੱਜ ਦਸ ਵਜੇ ਆਣਾ ਏਂ।
ਵੀਲ੍ਹ ਬੈਰਲ ਲੈ ਆ ਢੋਅ ਕੇ ਮਗਰ ਲਿਜਾਣਾ ਏਂ।
ਫ਼ੋਨ ਸੁਣ ਢੂਹੀ ‘ਚ ਕੜਿੱਲ ਮੇਰੇ ਪੈ ਗਿਆ....
ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....
-----
ਨਲ਼ਕੇ ਨੇ ਚੋਂਦੇ ਤਾਇਆ ਜਾਈਂ ਤੂੰ ਹਟਾ ਕੇ।
ਨਾਲ਼ੇ ਟੱਬ ਬੰਦ ਐ, ਡਰੇਨੋ ਜਾਈਂ ਪਾ ਕੇ।
ਲੈ ਆ ਮਸ਼ੀਨ ਘਰ ਪਾਵਰ ਵਾਸ਼ ਕਰ ਜਾਹ।
ਜਿਪਰੌਕ ਗਲ਼ੀ ਜਾਵੇ ਸਿਲੀਕੌਨ ਭਰ ਜਾਹ।
ਸਾਰਿਆਂ ਦਾ ਕੰਮ ਹੁਣ ਮੇਰੇ ਹੱਥ ਪੈ ਗਿਆ...
ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....
-----
ਜਿਸਨੂੰ ਜਵਾਬ ਦੇਵਾਂ ਉਹੀ ਰੁੱਸ ਜਾਂਵਦਾ।
ਉਸਨੇ ਕੀ ਆਉਣਾ, ਉਹਦਾ ਫ਼ੋਨ ਵੀ ਨਈਂ ਆਂਵਦਾ।
ਉਮਰ ਸਿਆਣੀ ਭਾਰੇ ਕੰਮਾਂ ਜੋਗੇ ਅੰਗ ਨਾ।
ਭਲੇ ਲੋਕਾਂ ਤਾਈਂ ਪਰ ਰਤਾ ਆਵੇ ਸੰਗ ਨਾ।
ਸ਼ਰਮ-ਹਯਾ ਦਾ ਘੁੰਡ ਦੁਨੀਆਂ ਦਾ ਲਹਿ ਗਿਆ....
ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....
-----
ਕਿੰਨੇ ‘ਟੈਚੀ ਚੁੱਕੇਗਾ ਤੇ ਕਿੰਨੇ ਢੇਰ ਢੋਵੇਂਗਾ?
ਕੀਹਦੇ ਕੀੜੇ ਮਾਰੇਂਗਾ ਤੇ ਕੁੱਤੇ ਮੋੜ 'ਆਵੇਂਗਾ?
ਵਹੁਟੀ ਕਹਿੰਦੀ ਮੁੜ ਕੇ ਪੰਜਾਲ਼ੀ ਕੰਧੇ ਧਰ ਲੈ।
ਇਸ ਨਾਲ਼ੋਂ ਚੰਗਾ ‘ਚੰਦ’ ਚੌਂਕੀਦਾਰਾ ਕਰ ਲੈ।
ਨਾਲ਼ੇ ਕੀਤੇ ਕੰਮ ਤੇ ਨਾਲ਼ੇ ਵੈਰ ਪੈ ਗਿਆ...
ਮੈਂ ਨਿੱਤ ਨਵੀਆਂ ਬੇਗਾਰਾਂ ਜੋਗਾ....
2 comments:
Hello Tandeep ji,
Very good poem.Has has ke bura haal ho geya.
Bagree Sahib ji ne bhut hi sach biyaan kita hia.
Mera khiyaal es vishey te Bagree sahib ji hora nu hor likhna chahida hia.
Bahut ashe kavita si.
Thank you.
later
Davinder Kaur
California
ਬਾਗੜੀ ਸਾਹਿਬ ਬਿਲਕੁਲ ਠੀਕ ਕਿਹਾ ਵਿਹਲੇ ਬੰਦੇ ਨੂੰ ਸਭ ਤੋ ਵਧ ਕੰਮ ਪੈਂਦੇ ਹਨ । ਇੱਕ ਖੂਬਸੂਰਤ ਕਵਿਤਾ ।
Post a Comment