
ਨਜ਼ਮ
ਕੱਕੜੀ ਦੇ ਫੰਬੇ ਖਿੰਡੇ,
ਬਿਖਰੇ ਵਿਚ ਹਵਾਵਾਂ!
ਸਵੈ-ਪਹਿਚਾਣ ‘ਚ ਉਡੇ, ਭਟਕੇ –
ਦੇਸ਼, ਦੀਪ, ਦਿਸ਼ਾਵਾਂ!
.................
ਬਾਹਰੋਂ ਅੰਦਰ, ਅੰਦਰੋਂ ਬਾਹਰ –
ਭਟਕੇ ਚਾਨਣ, ਚਾਨਣ ਦਾ ਪਰਛਾਵਾਂ!
ਮਾਂ-ਬੋਲੀ ‘ਚੋਂ ਮਮਤਾ ਢੂੰਡਣ,
ਤੜਪ ਰਹੇ ਬਿਨ ਮਾਵਾਂ!
ਮੰਗਦੀ ਹੈ ਪਹਿਚਾਣ ਇਨ੍ਹਾਂ ਦੀ,
ਅੱਜ ਜੜ੍ਹ ਦਾ ਸਿਰਨਾਵਾਂ!
..............
ਜੜ੍ਹਾਂ ਵਾਲਿਓ! ਜੜ੍ਹ ਦੇ ਸੁਫਨੇ,
ਲੱਥੇ ਵਿਚ ਖ਼ਲਾਵਾਂ!
ਮਾਂ-ਭੋਂ ਬਾਝੋਂ, ਕਿਥੇ ਪੱਲ੍ਹਰਣ?
ਸਭ ਬੇਗਾਨੀਆਂ ਥਾਵਾਂ!
ਮੋਹ-ਮਾਇਆ ਦੇ ਕਈ ਸਿਰਨਾਵੇਂ,
ਮਾਂ ਦਾ ਇਕ ਸਿਰਨਾਵਾਂ!!!
====
ਸੂਰਜਾਂ ਦੇ ਜਨਮ ਦੀ ਰੁੱਤ
ਨਜ਼ਮ
ਚਕਾ-ਚੌਂਧ ਚਾਨਣ
ਤੇ ਫਿਰ
ਘੁੱਪ ਅਨ੍ਹੇਰਾ ਹੈ
ਪਿੱਛੇ ਟੋਆ ਵੀ ਹੈ ਸਕਦਾ ਹੈ,
ਅੱਗੇ ਖੂਹ –
ਹੱਥ ਨੂੰ ਹੱਥ ਵਿਖਾਈ ਨਹੀਂ ਦਿੰਦਾ!
............
ਇਸ ਸਮੇਂ
ਬਾਹਰ ਵੱਲ ਨਹੀਂ
ਅੰਦਰ ਵੱਲ ਵੇਖੀਦਾ ਹੈ:
.........
ਏਥੇ ਹੀ ਕਦੇ
ਈਸਾ, ਬੁੱਧ, ਗੁਰੂ ਨਾਨਕ
ਮਾਰਕਸ ਤੇ ਸਾਰਤ ਦੇ ਸੂਰਜ ਚੜ੍ਹੇ ਸਨ!!
..........
ਭੌਂ ਵੱਤਰ ਹੈ, ਹੁਣ
ਸੂਰਜਾਂ ਦੇ ਜਨਮ ਦੀ ਰੁੱਤ ਹੈ!!!
=====
ਖੜੋਤ: ਇਕ ਪ੍ਰਭਾਵ ਸਕੇਪ
ਨਜ਼ਮ
ਜਦੋਂ ਤੁਰਦੇ ਰਹਿਣ ਵਾਲ਼ੇ
ਅਚਾਨਕ ਖੜ੍ਹ ਜਾਣ
ਤਾਂ ਸਭ ਕੁਝ
ਖੜ੍ਹ ਗਿਆ, ਪ੍ਰਤੀਤ ਹੁੰਦਾ ਹੈ
ਹਵਾ ਰੁਕ, ਨਦੀ ਸੁੱਕ ਜਾਂਦੀ ਹੈ
..........
ਪਰਬਤ ਬਣੇ ਆਕਾਸ਼ ਦੇ ਬੋਝ ਹੇਠ
ਹਿੰਮਤ ਹੀ ਨਹੀਂ,
ਪਲਕ, ਨਜ਼ਰ, ਕਮਰ ਝੁਕ ਜਾਂਦੀ ਹੈ
No comments:
Post a Comment