
ਅਜੋਕਾ ਨਿਵਾਸ: ਲਾਹੌਰ, ਪਾਕਿਸਤਾਨ
ਪ੍ਰਕਾਸ਼ਿਤ ਕਿਤਾਬਾਂ: ਜਿਉਂ ਹੀ ਜਾਣਕਾਰੀ ਪ੍ਰਾਪਤ ਹੋਈ, ਅਪਡੇਟ ਕਰ ਦਿੱਤੀ ਜਾਵੇਗੀ।
-----
ਦੋਸਤੋ! ਅੱਜ ਲਹਿੰਦੇ ਪੰਜਾਬ ਵਸਦੇ ਦੋਸਤ ਆਸਿਫ਼ ਜੀ ਨੇ ਅਫ਼ਜ਼ਲ ਸਾਹਿਰ ਸਾਹਿਬ ਦੀਆਂ ਬੇਹੱਦ ਖ਼ੂਬਸੂਰਤ ਨਜ਼ਮਾਂ ਘੱਲ ਕੇ ਉਹਨਾਂ ਦੀ ਆਰਸੀ ਪਰਿਵਾਰ ਨਾਲ਼ ਪਹਿਲੀ ਵਾਰ ਸਾਂਝ ਪਵਾਈ ਹੈ। ਲਹਿੰਦੇ ਪੰਜਾਬ ਤੋਂ ਪੰਜਾਬੀ ਲੇਖਕ ਸਾਹਿਬਾਨ ਦੀ ਹਾਜ਼ਰੀ ਦਾ ਸਿਲਸਿਲਾ ਜੋ ਅਸੀਂ ਅੱਜ ਤੋਂ ਆਰੰਭਿਆ ਹੈ, ਉਹ ਆਸਿਫ਼ ਸਾਹਿਬ ਦੀ ਹੱਲਾ-ਸ਼ੇਰੀ ਅਤੇ ਦਿਲੀ-ਸਹਿਯੋਗ ਤੋਂ ਬਿਨ੍ਹਾ ਕਿਆਸ ਕਰਨਾ ਸੰਭਵ ਨਹੀਂ ਸੀ। ਇਸ ਕਦਮ ਨਾਲ਼ ਸਾਡੀ ਸਾਹਿਤਕ ਦੋਸਤੀ ਦਾ ਘੇਰਾ ਹੋਰ ਵੀ ਵਸੀਹ ਹੋ ਜਾਵੇਗਾ। ਆਰਸੀ ਦੇ ਸ਼ਾਹਮੁਖੀ ਕਾਲਮ ਦੀ ਰੂਪ-ਰੇਖਾ ਤਿਆਰ ਕਰਨ ਲਈ ਉਹ ਦਿਨ-ਰਾਤ ਕੰਮ ਕਰ ਰਹੇ ਹਨ। ਆਸ ਹੈ ਇਹ ਕਾਲਮ ਜਲਦੀ ਹੀ ਤੁਹਾਡੇ ਪੜ੍ਹਨ ਲਈ ਤਿਆਰ ਹੋ ਜਾਵੇਗਾ। ਮੈਂ ਉਹਨਾਂ ਦੀ ਤਹਿ-ਦਿਲੋਂ ਮਸ਼ਕੂਰ ਹਾਂ। ਤੁਹਾਡੇ ਵੱਲੋਂ ਵੀ ਹਮੇਸ਼ਾ ਦੀ ਤਰ੍ਹਾਂ ਭਰਪੂਰ ਹੁੰਗਾਰੇ ਦੀ ਆਸ ਕਰਦੇ ਹਾਂ। ਅੱਜ ਸਾਹਿਰ ਸਾਹਿਬ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦਿਆਂ, ਇਹਨਾਂ ਤਿੰਨਾਂ ਨਜ਼ਮਾਂ ਨੂੰ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
***********
ਸੁਫ਼ਨੇ ਰਹਿ ਗਏ ਕੋਰੇ
ਨਜ਼ਮ
ਸੱਜਣ! ਸਾਡੇ ਸੁਫ਼ਨੇ ਰਹਿ ਗਏ ਕੋਰੇ
ਅੱਖੀਆਂ ਅੰਦਰ ਪਾੜ ਪਏ,
ਜਿਉਂ ਕੰਧਾਂ ਵਿਚ ਮਘੋਰੇ....
ਸੱਜਣ! ਸਾਡੇ ਸੁਫ਼ਨੇ ਰਹਿ ਗਏ ਕੋਰੇ।
-----
ਜੱਗ ਕੂੜ ਪਸਾਰਾ ਕਹਿਰ ਦਾ
ਸਾਨੂੰ ਚਸਕਾ ਲੱਗਾ ਜ਼ਹਿਰ ਦਾ
ਦਿਲ ਪਾਰਾ ਕਿਤੇ ਨਾ ਠਹਿਰਦਾ
ਸਾਨੂੰ ਧੁੜਕੂ ਅੱਠੇ ਪਹਿਰ ਦਾ
ਇਕ ਪਾਸਾ ਮਰਿਆ ਸ਼ਹਿਰ ਦਾ
ਵਿਚ ਭੁੱਖਾ ਫਨੀਅਰ ਲਹਿਰ ਦਾ
ਮਾਵਾਂ ਨੇ ਖੀਸੇ ਫੋਲ਼ ਕੇ,
ਪੁੱਤ ਸਫ਼ਰਾਂ ਤੇ ਟੋਰੇ....
ਸਾਡੇ ਸੁਫ਼ਨੇ ਰਹਿ ਗਏ ਕੋਰੇ।
-----
ਅਸੀਂ ਸਈਆਂ ਨੈਣਾਂ ਵਾਲ਼ੀਆਂ
ਸਾਨੂੰ ਜੋਇਆ ਅੰਨ੍ਹੇ ਹਾਲ਼ੀਆਂ
ਮਨ ਖੋਭੇ ਸੱਧਰਾਂ ਗਾਲ਼ੀਆਂ
ਸਾਡਾ ਜੀਵਨ ਵਿੱਚ ਕੁਠਾਲ਼ੀਆਂ
ਖ਼ਸਮਾਂ ਦੀਆਂ ਅੱਗਾਂ ਬਾਲ਼ੀਆਂ
ਦਿਲ ਗੁੰਨ੍ਹੇ ਵਿਚ ਕਨਾਲ਼ੀਆਂ
ਇਸ ਔਂਤਰ ਜਾਣੇ ਸਮੇਂ ਨੇ
ਸਾਹ ਬਰਫ਼ਾਂ ਵਾਂਗੂੰ ਖੌਰੇ...
ਸਾਡੇ ਸੁਫ਼ਨੇ ਰਹਿ ਗਏ ਕੋਰੇ।
====
ਜਿੰਦੇ ਨੀ! ਤੂੰ ਕੀਕਣ ਜੰਮੀ
ਨਜ਼ਮ
ਜਿੰਦੇ ਨੀ! ਤੂੰ ਕੀਕਣ ਜੰਮੀ
ਪੈਰ ਪੈਰ ‘ਤੇ ਨਿੱਤ ਬਖੇੜੇ
ਜੀਵਣ ਦੀ ਰਾਹ ਲੰਮੀ
-----
ਜਿੰਦੇ ਨੀ! ਕੀ ਲੱਛਣ ਤੇਰੇ
ਫਨੀਅਰ ਨਾਲ ਯਰਾਨੇ ਵੀ ਨੇ
ਜੋਗੀ ਵੱਲ ਵੀ ਫੇਰੇ
-----
ਜਿੰਦੇ ਨੀ! ਕੀ ਸਾਕ ਸਹੇੜੇ
ਇਕ ਬੁੱਕਲ਼ ਵਿਚ ਰਾਂਝਣ ਮਾਹੀ
ਦੂਜੀ ਦੇ ਵਿੱਚ ਖੇੜੇ
-----
ਜਿੰਦੇ ਨੀ! ਕੀ ਕਾਰੇ ਕੀਤੇ
ਆਪੇ ਆਸ ਦੇ ਚੋਲ਼ੇ ਪਾੜੇ
ਆਪੇ ਬਹਿ ਕੇ ਸੀਤੇ!
-----
ਜਿੰਦੇ ਨੀ! ਤੱਕ ਚੇਤ ਵਿਸਾਖਾਂ
ਤੂੰ ਫਿਰਦੀ ਐਂ ਮੈਲ਼ ਕੁਚੈਲ਼ੀ
ਦੱਸ! ਤੈਨੂੰ ਕੀ ਆਖਾਂ?
-----
ਜਿੰਦੇ ਨੀ! ਤੇਰਾ ਕਾਰਜ ਕੂੜਾ
ਸਿਰ ‘ਤੇ ਸ਼ਗਨਾਂ ਵਾਲ਼ੀਆਂ ਘੜੀਆਂ
ਕੱਢ ਵਿਛਾਇਆ ਈ ਫੂਹੜਾ!!
-----
ਜਿੰਦੇ ਨੀ! ਤੈਨੂੰ ਕਿਹੜਾ ਦੱਸੇ
ਲੂੰ ਲੂੰ ਤੇਰਾ ਐਬਾਂ ਭਰਿਆ
ਮੌਤ ਵਟੇਂਦੀ ਰੱਸੇ
-----
ਜਿੰਦੇ ਨੀ! ਤੇਰੇ ਸਾਹ ਨਕਾਰੇ
ਮੋਏ ਮੂੰਹ ਨਾਲ਼ ਆ ਬੈਠੀ ਏਂ
ਜੀਵਨ ਦੇ ਦਰਬਾਰੇ
-----
ਜਿੰਦੇ ਨੀ! ਕੀ ਅੱਤਾਂ ਚਾਈਆਂ
ਹੱਸ ਖੇਡਣ ਦੀ ਵਿਹਲ ਨਾ ਤੈਨੂੰ
ਕਰਦੀ ਫਿਰੇਂ ਲੜਾਈਆਂ
====
ਜਿੰਦੇ ਨੀ! ਕੀ ਵੇਲ਼ੇ ਆਏ
ਨਜ਼ਮ
ਜਿੰਦੇ ਨੀ! ਕੀ ਵੇਲ਼ੇ ਆਏ
ਇਕ ਦੂਜੇ ਦੀ ਜਾਨ ਦੇ ਵੈਰੀ
ਇੱਕੋ ਮਾਂ ਦੇ ਜਾਏ
-----
ਜਿੰਦੇ ਨੀ! ਤੇਰੇ ਜੀਵਣ ਮਾਪੇ
ਆਪੇ ਹੱਥੀਂ ਡੋਲੀ ਚਾੜ੍ਹਨ
ਆਪੇ ਕਰਨ ਸਿਆਪੇ
-----
ਜਿੰਦੇ ਨੀ! ਕਿਸ ਟੂਣੇ ਕੀਤੇ
ਦਿਲ ਦਰਿਆ ਤੇ ਨੈਣ ਸਮੁੰਦਰ
ਰੋਵਣ ਬੈਠੇ ਚੁੱਪ ਚੁਪੀਤੇ
-----
ਜਿੰਦੇ ਨੀ! ਕੀ ਖੇਡਾਂ ਹੋਈਆਂ
ਪਿਓ ਪੁੱਤਰਾਂ ਦੇ ਪੈਰੀਂ ਪੈ ਕੇ
ਮਾਵਾਂ ਧੀਆਂ ਰੋਈਆਂ
-----
ਜਿੰਦੇ ਨੀ! ਕੀ ਕਾਜ ਕਮਾਏ
ਜਿੰਨੇ ਵੀ ਤੂੰ ਸੰਗ ਸਹੇੜੇ
ਰੂਹ ਦੇ ਮੇਚ ਨਾ ਆਏ
-----
ਜਿੰਦੇ ਨੀ! ਕੀ ਹੋਣੀਆਂ ਹੋਈਆਂ
ਇਸ਼ਕ਼ੇ ਦੇ ਘਰ ਰਹਿ ਕੇ ਅੱਖੀਆਂ
ਨਾ ਹੱਸੀਆਂ ਨਾ ਰੋਈਆਂ
-----
ਜਿੰਦੇ ਨੀ! ਤੇਰੇ ਸਾਹ ਕਚਾਵੇ
ਰੋਜ਼ ਦਿਹਾੜੇ ਮਰਨਾ ਪੈਂਦਾ
ਫਿਰ ਵੀ ਮੌਤ ਡਰਾਵੇ
4 comments:
ਅਫ਼ਜ਼ਲ ਨੂੰ 'ਲਹਿੰਦੇ ਦਾ ਸ਼ਿਵ' ਵੀ ਕਿਹਾ ਜਾਂਦਾ ਹੈ, ਉਸਦੀਆਂ ਸਤਰਾਂ 'ਚ ਲੋਹੜੇ ਦਾ ਦਰਦ ਹੈ....
ਰਾਜਿੰਦਰਜੀਤ
====
ਰਾਜਿੰਦਰਜੀਤ ਜੀ! ਅੱਜ ਸਿੱਧੀਆਂ ਟਿੱਪਣੀਆਂ ਪੋਸਟ ਹੋਣ 'ਚ ਦਿੱਕਤ ਪੇਸ਼ ਆ ਰਹੀ ਹੋਣ ਕਰਕੇ ਮੈਂ ਤੁਹਾਡੀ ਟਿੱਪਣੀ ਏਥੇ ਪੋਸਟ ਕਰ ਰਹੀ ਹਾਂ।
ਅਦਬ ਸਹਿਤ
ਤਨਦੀਪ
ਅਫਜ਼ਲ ਦੀ ਸ਼ਬਦਾਵਲੀ ਦਾ ਖ਼ਜ਼ਾਨਾ ਵਸੀਅ ਹੈ !ਲਫਜ਼ਾਂ ਦੀ ਚਿਣਾਈ ਦਾ ਮਿਸਤਰਪੁਣਾ ਨਜ਼ਮ ਨੂੰ ਬੁਲੰਦੀਆਂ ਦਿੰਦਾ ਹੈ!
ਵਾਹ ! ! ਪਾਕਿਸਤਾਨੀ ਸ਼ਾਇਰਾਂ ਦੀ ਹਾਜ਼ਰੀ ਨਾਲ ਠੇਠ ਪੰਜਾਬੀ ਦੇ ਵਿਸਰ ਰਹੇ ਬਹੁਤ ਸਾਰੇ ਲਫ਼ਜ਼ ਰੂਬਰੂ ਹੋਣਗੇ .ਮੇਹਰਬਾਨੀ .
Post a Comment