ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, February 26, 2010

ਸਾਜਿਦ ਚੌਧਰੀ - ਨਜ਼ਮ

ਸਾਹਿਤਕ ਨਾਮ: ਸਾਜਿਦ ਚੌਧਰੀ

ਅਜੋਕਾ ਨਿਵਾਸ: ਲਾਹੌਰ, ਪਾਕਿਸਤਾਨ

ਪ੍ਰਕਾਸ਼ਿਤ ਕਿਤਾਬਾਂ: ਜਿਉਂ ਹੀ ਜਾਣਕਾਰੀ ਪ੍ਰਾਪਤ ਹੋਈ, ਅਪਡੇਟ ਕਰ ਦਿੱਤੀ ਜਾਵੇਗੀ।

-----

ਦੋਸਤੋ! ਅੱਜ ਲਹਿੰਦੇ ਪੰਜਾਬ ਵਸਦੇ ਦੋਸਤ ਆਸਿਫ਼ ਜੀ ਨੇ ਸਾਜਿਦ ਚੌਧਰੀ ਸਾਹਿਬ ਦੀਆਂ ਬੇਹੱਦ ਖ਼ੂਬਸੂਰਤ ਨਜ਼ਮਾਂ ਘੱਲ ਕੇ ਉਹਨਾਂ ਦੀ ਆਰਸੀ ਪਰਿਵਾਰ ਨਾਲ਼ ਪਹਿਲੀ ਵਾਰ ਸਾਂਝ ਪਵਾਈ ਹੈ। ਮੈਂ ਆਸਿਫ਼ ਜੀ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ। ਅੱਜ ਚੌਧਰੀ ਸਾਹਿਬ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦਿਆਂ, ਇਹਨਾਂ ਨਜ਼ਮਾਂ ਨੂੰ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ, ਜਿਨ੍ਹਾਂ ਚ ਤੁਹਾਨੂੰ ਪੰਜਾਬੀ ਬੋਲੀ ਦਾ ਇੱਕ ਵੱਖਰਾ ਤੇ ਮਿੱਠਾ ਜਿਹਾ ਰੰਗ ਨਜ਼ਰ ਆਏਗਾ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

********

ਪੀੜਾਂ

ਨਜ਼ਮ

ਪੀੜਾਂ ਜਦੋਂ ਪੁਰਾਣੀਆਂ ਹੋਈਆਂ

ਪੱਖੀਵਾਸ ਨਿਆਣਿਆਂ ਵਾਂਗੂੰ

ਲੀਰਾਂ ਪਾ ਸਿਆਣੀਆਂ ਹੋਈਆਂ

.........

ਪੀੜਾਂ ਜਦੋਂ ਸਿਆਪੇ ਗਈਆਂ

ਛੁੱਟੜਾਂ ਹੋ ਕੇ ਮਾਪੇ ਵਈਆਂ

ਚੁੱਪ ਦਾ ਬੁੱਤ, ਕਹਾਣੀਆਂ ਹੋਈਆਂ

.........

ਠੂਠਾ ਫੜ ਜਦ ਮੰਗਣ ਚੜ੍ਹੀਆਂ

ਕੰਨ ਪਾਟੇ ਗਲ਼ ਮੁੰਦਰਾਂ ਪਈਆਂ

ਘੁੰਡ ਵਿਚ ਪੀੜਾਂ ਰਾਣੀਆਂ ਹੋਈਆਂ

=====

ਪਰਦੇਸ

ਨਜ਼ਮ

ਸੱਜਣਾ! ਟੁਰ ਪਰਦੇਸ ਗਿਓਂ ਜਿੱਥੇ ਕਾਂ ਵੀ ਰੰਗ ਦੇ ਗੋਰੇ

ਗਿਰਝਾਂ ਵਾਂਗੂੰ ਮਾਸ ਖੁਸੇਂਦੇ, ਦੇਣ ਸੁਨੇਹੇ ਕੋਰੇ

ਗਲ਼ੀਆਂ ਦੇ ਵਿੱਚ ਕੱਖ ਵੀ ਨਾ ਜਿੱਥੇ ਕਮਲ਼ੀ ਰੋਲ਼ੇ ਝੋਰੇ

ਆ ਮੁੜ ਵਤਨੀਂ ਤੇਰੇ ਬਿਨ ਜਿੱਥੇ ਰਾਹ ਨੇ ਡੌਰੇ ਭੌਰੇ

=====

ਪਠਾਨੇ ਖ਼ਾਨ ਦੀ ਵੇਲ

ਨਜ਼ਮ

ਆ ਸੱਜਣ! ਮੱਤ ਲੱਗ ਅਸਾਡੀ ਤੋਂ ਤਾਂ ਵਿਚ ਕੇਲੇ ਘਿਣ ਅੰਬਾਂ

ਅੰਬ ਫਲੀਂਦੇ ਸਾਹਾਂ ਅੰਦਰ ਕੇਲੇ ਬੂਰ ਨਾ ਕੰਮਾਂ

ਤੇਰੇ ਆਲ਼ ਦੁਆਲ਼ੇ ਬੇਲੇ, ਗ਼ੈਰ ਨੇ ਰੁੱਖਾਂ ਵੱਲਾਂ

ਆ ਬਹਿ ਛਾਵੇਂ ਜੰਡਾਂ ਦੇ ਜਿੱਥੇ ਸੁਫ਼ਨਾ ਨਵਾਂ ਸੁਅੱਨਾਂ

=====

ਕੁਝ ਨਿੱਕੀਆਂ ਨਜ਼ਮਾਂ

1 - ਦਿਲ ਦੀ ਬੁੱਕਲ਼ ਮਾਰ ਕੇ ਕੱਜਿਆ ਨੰਗ ਸਰੀਰ

ਕੱਚਾ ਭਾਂਡਾ ਖੁਰ ਗਿਆ, ਜੋ ਇਸਦੀ ਤਕਦੀਰ

ਤਰਦੀ ਰਹੀ ਝਨਾਅ 'ਤੇ ਜੁੱਸੇ ਦੀ ਇਕ ਲੀਰ

ਆਪਣਾ ਮਾਸ ਖਵਾਉਣ ਹੁਣ ਕੀਹਨੂੰ ਸੰਤ ਫ਼ਕੀਰ

-----

2 - ਮੋਟਾ ਚੰਮ ਗ਼ਰੀਬ ਦਾ ਜੁੱਤੀ ਲਓ ਬਣਾਅ

ਇੱਜ਼ਤ ਉਸਦੀ ਪੇਤਲੀ, ਬਿਸਤਰ ਪਵੋ ਵਿਛਾਅ

ਹੱਡੀਆਂ ਉਸਦੀਆਂ ਬਾਲ਼ ਕੇ ਸੇਕੋ ਅੱਗ ਦਾ ਤਾਅ

ਚੜ੍ਹਦੇ ਮਿਰਜ਼ੇ ਖ਼ਾਨ ਨੂੰ ਜੱਟ ਵੰਝਲ਼ ਦਏ ਸੁਝਾਅ

-----

3 - ਫ਼ਸਲਾਂ ਗੱਡੀਆਂ ਖਾਣ ਲਈ ਅੰਦਰ ਨਾਗ ਪਲ਼ੇ

ਇਕ ਇਕ ਬੂਟੇ ਮੌਤ ਦੇ ਜ਼ਹਿਰੀ ਰੰਗ ਚੜ੍ਹੇ

ਨੰਗਾ ਪਿੰਡਾ ਖ਼ਲਕ ਦਾ ਕਿਹੜਾ ਕੱਜੇ ਆ

ਇਕ ਇਕ ਕਰਕੇ ਮਾਂਦਰੀ ਸੱਪਾਂ ਲਏ ਰਲ਼ਾਅ

-----

4 - ਕਣਕਾਂ ਦਾ ਬੀ ਬੀਜਿਆ ਉੱਗਿਆ ਨਿਰਾ ਭੁਕਾਟ

ਚਾਨਣ ਦੀ ਥਾਂ ਸਾੜਦੀ, ਘਰ ਦੀਵੇ ਦੀ ਲਾਟ

ਧਰਤੀ ਫਾਵੀ ਹੋ ਗਈ ਜੰਮ ਸਤਮਾਹੇ ਬਾਲ

ਵਧਦੇ ਜਾਂਦੇ ਹੋਂਦ ਦੇ ਮੁੱਢਲੇ ਸਭ ਸਵਾਲ

=====

ਉਹ ਤੇ ਮੈਂ

ਨਜ਼ਮ

ਮੁੱਖ ਤੇ ਚਾਨਣ ਯਾਰਾਂ ਵਾਲਾ ਅੱਖ ਵਿਚ ਬੇ-ਪਰਵਾਹੀ ਸੀ

ਧੁੱਪ 'ਚ ਜਿਵੇਂ ਗੁੰਨ੍ਹ ਹਨੇਰਾ ਸ਼ਾਮ ਸਲੋਨੀ ਆਈ ਸੀ

ਨਾ ਉਸ ਨੇ ਦਿਲਦਾਰੀ ਕੀਤੀ, ਨਾ ਹੀ ਉਹ ਹਰਜਾਈ ਸੀ

ਇਸ ਦਾ ਵਸਲ ਹਿਜਰ ਦਾ ਹੌਕਾ, ਦਰਦਾਂ ਭਰੀ ਜੁਦਾਈ ਸੀ

ਪਤਾ ਨਹੀਂ ਕਿਉਂ ਮੇਰਾ ਉਸਦਾ ਰਸਤਾ ਏਡਾ ਸਾਂਝਾ ਸੀ

ਨਾ ਉਹ ਮੇਰੀ ਹੀਰ ਸਿਆਲਣ ਨਾ ਮੈਂ ਉਸਦਾ ਰਾਂਝਾ ਸੀ

2 comments:

Gurmeet Brar said...

ਪੀੜਾਂ ਦੀਆਂ ਤਾਂ ਮੀਢੀਆਂ ਗੁੰਦ ਦਿੱਤੀਆਂ ਸਾਜਿਦ ਨੇ!!

Unknown said...

ਸਾਜਿਦ ਜੀ ਇਹ ਲਾਇਨ ਬਹੁਤ ਖੂਬ ਕਹੀ ਤੁਸੀਂ :
" ਘੁੰਡ ਵਿਚ ਪੀੜਾਂ ਰਾਣੀਆਂ ਹੋਈਆਂ."
ਬਾਕੀ ਨਜ਼ਮਾਂ ਵੀ ਬਹੁਤ ਸੋਹਣੀਆਂ ਹਨ .
ਹਾਜ਼ਰੀ ਲਵਾਉਂਦੇ ਰਿਹੋ.