
ਨਜ਼ਮ
ਹੇਤੀ ਵਿੱਚ ਆਈਆਂ
ਭੂਚਾਲ ਦੀਆਂ ਤਰੰਗਾਂ ਨੇ
ਵਿਸ਼ਵ ਭਰ ਦੇ ਲੋਕਾਂ ਦੇ ਦਿਲਾਂ ਵਿੱਚ
ਸਨੇਹ ਦੀਆਂ ਤਰੰਗਾਂ ਛੇੜ ਦਿੱਤੀਆਂ ਹਨ
................
ਹਰ ਕੋਈ
ਹੇਤੀ ਦੇ ਪੀੜਤ ਲੋਕਾਂ ਦੇ ਦੁੱਖ ਨੂੰ
ਆਪਣਾ ਦੁੱਖ ਸਮਝਣ ਲੱਗਾ
ਰਾਜਨੀਤੀਵਾਨ, ਪੱਤਰਕਾਰ, ਲੇਖਕ
ਗਾਇਕ, ਸੰਗੀਤਕਾਰ, ਅਦਾਕਾਰ
ਵਿਸ਼ਵ-ਅਮਨ ਅਤੇ ਖ਼ੁਸ਼ਹਾਲੀ ਦੀ
ਬਾਤ ਪਾਉਣ ਲੱਗੇ
..............
ਹਵਾਵਾਂ ਵਿੱਚ ਗੀਤ ਗੂੰਜ ਪਏ:
ਅਸੀਂ ਇੱਕ ਹਾਂ
ਸਾਡਾ ਸੁਪਨਾ ਇੱਕ ਹੈ
ਸਾਡੀ ਖ਼ੁਸ਼ੀ ਇੱਕ ਹੈ
ਸਾਡਾ ਦੁੱਖ ਇੱਕ ਹੈ
ਸਾਡਾ ਮਰਨਾ ਇੱਕ ਹੈ
ਸਾਡਾ ਜੀਣਾ ਇੱਕ ਹੈ
..................
ਰੰਗਾਂ ਦੇ ਭੇਦ ਤੋਂ ਉੱਪਰ ਉੱਠ
ਧਰਮਾਂ ਦੀ ਤੰਗ ਵਲਗਣ ‘ਚੋਂ ਬਾਹਰ ਆ
ਸਭਿਆਚਾਰਾਂ ਦੇ ਟਕਰਾਵਾਂ ਨੂੰ ਭੁੱਲ
ਵਿਚਾਰਧਾਰਾਵਾਂ ਦੀ ਠੰਡੀ ਜੰਗ ਦੇ
ਭਾਂਬੜਾਂ ਨੂੰ ਬੁਝਾ
‘ਅਮਨ’ ਅਤੇ ‘ਖ਼ੁਸ਼ਹਾਲੀ ਸਭਨਾਂ ਲਈ’, ਵਰਗੇ
ਮਨੁੱਖਵਾਦੀ ਬੋਲਾਂ ਦਾ ਹਵਾ ਵਿੱਚ ਗੂੰਜਣਾ
ਬਦਲ ਰਹੇ ਸਮਿਆਂ ਵਿੱਚ
ਗਲੋਬਲ ਪਿੰਡ ਦਾ
ਇੱਕ ਅਰਥ ਇਹ ਵੀ ਹੈ...!!
No comments:
Post a Comment