----
ਕੱਲ੍ਹ ਮੇਰਾ ਕੰਪਿਊਟਰ ਕੁਝ ਟੈਕਨੀਕਲ ਅਪਗਰੇਡਜ਼ ਲਈ ਗਿਆ ਹੋਇਆ ਸੀ। ਉਮੀਦ ਬੜੀ ਸੀ ਕਿ ਸ਼ਾਮ ਤੱਕ ਮਿਲ਼ ਜਾਵੇਗਾ, ਤੇ ਆਰਸੀ ਅਪਡੇਟ ਕਰ ਦੇਵਾਂਗੇ। ਪਰ ਅੱਜ ਦੋ ਕੁ ਘੰਟੇ ਪਹਿਲਾਂ ਹੀ ਵਾਪਸ ਮਿਲ਼ਿਆ ਹੈ। ਅਕਤੂਬਰ, 2008 ਤੋਂ ਲੈ ਕੇ ਇਹ ਪਹਿਲੀ ਵਾਰ ਹੋਇਆ ਹੈ ਕਿ ਆਪਾਂ ਆਰਸੀ ਇਕ ਦਿਨ ਅਪਡੇਟ ਨਹੀਂ ਕਰ ਸਕੇ। ਤੁਹਾਡੇ ਵਿੱਚੋਂ ਬਹੁਤਿਆਂ ਨੂੰ ਮੇਰੀ ਸਿਹਤ ਬਾਰੇ ਫ਼ਿਕਰ ਹੋ ਗਈ ਸੀ। ਦੋਸਤੋ! ਮੈਂ ਹੁਣ ਬਿਲਕੁਲ ਠੀਕ ਹਾਂ। ਏਨੀਆਂ ਸੋਹਣੀਆਂ ਈਮੇਲਾਂ ਭੇਜਣ ਲਈ ਮੈਂ ਇਕ ਵਾਰ ਫੇਰ ਮਸ਼ਕੂਰ ਹਾਂ।
-----
ਕਪੂਰਥਲਾ ਵਸਦੇ ਗ਼ਜ਼ਲਗੋ ਰੂਪ ਦਬੁਰਜੀ ਜੀ ਨੇ ਆਪਣੀ ਗ਼ਜ਼ਲ ਦੇ ਨਾਲ਼-ਨਾਲ਼ ਸੁਰਜੀਤ ਸਾਜਨ ਜੀ ਦੀ ਇਕ ਗ਼ਜ਼ਲ ਆਰਸੀ ਲਈ ਟਾਈਪ ਕਰਕੇ ਭੇਜੀ ਹੈ, ਮੈਂ ਦਬੁਰਜੀ ਸਾਹਿਬ ਦਾ ਵੀ ਸ਼ੁਕਰੀਆ ਅਦਾ ਕਰਦੀ ਹਾਂ। ਅੱਜ ਇਹਨਾਂ ਦੋਵਾਂ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨਾਲ਼ ਆਰਸੀ ਅਪਡੇਟ ਕਰ ਰਹੇ ਹਾਂ। ਇਸ ਤਰ੍ਹਾਂ ਹੀ ਮੁਹੱਬਤ ਬਖ਼ਸ਼ਦੇ ਰਹਿਣਾ।
ਅਦਬ ਸਹਿਤ
ਤਨਦੀਪ ਤਮੰਨਾ
**********
ਗ਼ਜ਼ਲ
ਛੋਟੇ ਪੌਦੇ ਪਨਪਣ ਇਹ ਨਾ ਚ੍ਹਾਉਂਦੇ ਰੁੱਖ ਸਫ਼ੈਦੇ ਦੇ।
ਆਪਣਾ ਮਾਰੂ ਸਾਇਆ ਹਰਦਮ ਪਾਉਂਦੇ ਰੁੱਖ ਸਫ਼ੈਦੇ ਦੇ।
-----
ਬੇ-ਦਸਤੂਰੇ ਆਕੜਖੋਰੇ ਕਾਲ਼ੇ ਦਿਲ ਦੇ ਮਾਲਕ ਜੋ,
ਏਸ ਤਰ੍ਹਾਂ ਦੇ ਲੋਕਾਂ ਨੂੰ ਨੇ ਭਾਉਂਦੇ ਰੁੱਖ ਸਫ਼ੈਦੇ ਦੇ।
-----
ਉੱਚੇ ਉੱਚੇ ਜਾ ਕੇ ਇਕ ਦਿਨ ਅੰਬਰ ਤੀਕਰ ਪਹੁੰਚਾਂਗੇ,
ਖ਼ੁਸ਼ਫ਼ਹਿਮੀ ਦੇ ਮਾਰੇ ਰ੍ਹੋਬ ਦਿਖਾਉਂਦੇ ਰੁੱਖ ਸਫ਼ੈਦੇ ਦੇ।
------
ਵੇਲ਼ੇ ਵੇਲ਼ੇ ਦੀ ਗੱਲ ਹੁੰਦੀ ਵਧ ਗਈ ਹੈ ਹੁਣ ਪੁੱਛ ਬੜੀ,
ਪਹਿਲਾਂ ਸੀ ਇਹ ਬਾਲਣ ਦੇ ਕੰਮ ਆਉਂਦੇ ਰੁੱਖ ਸਫ਼ੈਦੇ ਦੇ।
------
ਏਨ੍ਹਾਂ ਕਰਕੇ ਧਰਤੀ ਵਿਚੋਂ ਪਾਣੀ ਘਟਦਾ ਜਾਂਦਾ ਹੈ,
ਤਾਹੀਂ ਖਵਰੇ ਹੁਣ ਨਾ ਲੋਕੀਂ ਲਾਉਂਦੇ ਰੁੱਖ ਸਫ਼ੈਦੇ ਦੇ।
-----
ਉੱਚੇ ਲੰਮੇ ਸੁੰਦਰ ਸੁਹਣੇ ਵਿਛੜ ਚੁੱਕੇ ਮਹਿਰਮ ਦੀ,
ਮੁੜ ਮੁੜ ਕੇ ਪਹਿਲੀ ਯਾਦ ਦਿਵਾਉਂਦੇ ਰੁੱਖ ਸਫ਼ੈਦੇ ਦੇ।
-----
ਸਾਹਸ ਕਰਕੇ ‘ਸਾਜਨ’ ਤੁਰਿਆ ਰਹਿ ਤੂੰ ਅਪਣੀ ਮੰਜ਼ਿਲ ਵਲ,
ਵੇਖਾਂਗੇ ਇਹ ਕਿੰਨਾ ਤੁਰਕੇ ਆਉਂਦੇ ਰੁੱਖ ਸਫ਼ੈਦੇ ਦੇ।
No comments:
Post a Comment