ਜੇ ਦਰਦ ਜਿਗਰ ਵਿਚ ਹੁੰਦਾ ਨਾ
ਇਹ ਗੀਤ ਅਸਾਂ ਕਿਵ ਲਿਖਣਾ ਸੀ
ਨਾ ਕਲਮ ਨੂੰ ਸ਼ਬਦਾਂ ਛੂਹਣਾ ਸੀ
ਨਾ ਮੀਤ ਅਸਾਂ ਨੂੰ ਮਿਲ਼ਣਾ ਸੀ
ਜੇ ਦਰਦ ਜਿਗਰ ਵਿਚ....
-----
ਜੇ ਚੇਤਰ ਹਰਿਆ ਰਹਿ ਜਾਂਦਾ
ਜੇ ਹਾੜ੍ਹ ਵੀ ਠਰ੍ਹਿਆ ਰਹਿ ਜਾਂਦਾ
ਨਾ ਅਮਲਤਾਸ ਨੇ ਹੱਸਣਾ ਸੀ
ਨਾ ਗੁਲਮੋਹਰਾਂ ਨੇ ਖਿਲਣਾ ਸੀ
ਜੇ ਦਰਦ ਜਿਗਰ ਵਿਚ....
-----
ਜੇ ਸੂਰਜ ਬਾਬਲ ਬਣਦਾ ਨਾ
ਜੇ ਧਰਤ ਸੁਹਾਗਣ ਹੁੰਦੀ ਨਾ
ਨਾ ਸਾਗਰ ਪੁੱਤ ਨੇ ਜੰਮਣਾ ਸੀ
ਨਾ ਲਹਿਰਾਂ ਨੇ ਵਿਚ ਠਿੱਲ੍ਹਣਾ ਸੀ
ਜੇ ਦਰਦ ਜਿਗਰ ਵਿਚ....
-----
ਜੇ ਹਵਾ ਫ਼ਿਜ਼ਾ ਵਿਚ ਝੁਲਦੀ ਨਾ
ਜੇ ਮੌਸਮ ਦੀ ਅੱਖ ਖੁੱਲ੍ਹਦੀ ਨਾ
ਨਾ ਫੁੱਲ ਨੇ ਗਰਭੇ ਪੈਣਾ ਸੀ
ਨਾ ਮਹਿਕਾਂ ਥਾਂ ਤੋਂ ਹਿੱਲਣਾ ਸੀ
ਜੇ ਦਰਦ ਜਿਗਰ ਵਿਚ....
-----
ਸਾਡੀ ਕਥਾ ਜੇ ਪੂਰਨ ਹੋ ਜਾਂਦੀ
ਕੁੱਲ ਖ਼ਲਕਤ ਨੂੰ ਜੇ ਪੋਹ ਜਾਂਦੀ
ਨਾ ਅੱਧਰਾਤੇ ਅਸਾਂ ਉੱਠਣਾ ਸੀ
ਨਾ ਦਿਲ ਆਪਣੇ ਨੂੰ ਛਿੱਲਣਾ ਸੀ
ਜੇ ਦਰਦ ਜਿਗਰ ਵਿਚ....
1 comment:
Bahuat vadhia..............
Darshan Darvesh
Post a Comment