ਸਾਹਿਤਕ ਨਾਮ: ਆਜ਼ਾਦ ਹੁਸ਼ਿਆਰਪੁਰੀ
ਅਜੋਕਾ ਨਿਵਾਸ: ਹੁਸ਼ਿਆਰਪੁਰ, ਪੰਜਾਬ
ਪ੍ਰਕਾਸ਼ਿਤ ਕਿਤਾਬਾਂ: ਰਚਨਾਵਾਂ ਅਜੇ ਕਿਤਾਬੀ ਰੂਪ ਵਿਚ ਪ੍ਰਕਾਸ਼ਿਤ ਨਹੀਂ ਹੋਈਆਂ।
******
ਦੋਸਤੋ! ਹੁਸ਼ਿਆਰਪੁਰ ਵਸਦੇ ਗ਼ਜ਼ਲਗੋ ਇਕਵਿੰਦਰ ਜੀ ਨੇ ਆਜ਼ਾਦ ਹੁਸ਼ਿਆਰਪੁਰੀ ਜੀ ਦੀਆਂ ਲਿਖੀਆਂ ਗ਼ਜ਼ਲਾਂ ਦਾ ਭੇਜ ਕੇ ਉਹਨਾਂ ਦੀ ਆਰਸੀ ਪਰਿਵਾਰ ਨਾਲ਼ ਪਹਿਲੀ ਸਾਹਿਤਕ ਸਾਂਝ ਪਵਾਈ ਹੈ। ਮੈਂ ਇਕਵਿੰਦਰ ਜੀ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ। ਆਜ਼ਾਦ ਸਾਹਿਬ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦਿਆਂ, ਇਹਨਾਂ ਦੋਵਾਂ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਨੂੰ ਅੱਜ ਦੀ ਪੋਸਟ ‘ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
*****
ਗ਼ਜ਼ਲ
ਜੇ ਮੈਨੂੰ ਇਹ ਜੀਵਨ ਦੁਬਾਰਾ ਮਿਲ਼ੇ।
ਇਹ ਇੱਛਾ ਹੈ ਮੇਰਾ ਹੀ ਪਿਆਰਾ ਮਿਲ਼ੇ।
-----
ਜੋ ਟੁੱਟਿਆ ਹੈ ਫੁੱਲ, ਫੁੱਲ ਦੀ ਸ਼ਾਖ਼ ਤੋਂ,
ਇਹ ਮੁਸ਼ਕਿਲ ਹੈ ਉਸਨੂੰ ਦੁਬਾਰਾ ਮਿਲ਼ੇ।
-----
ਅਸਾਡੇ ਮੁਕੱਦਰ ‘ਚ ਭਟਕਣ ਲਿਖੀ,
ਨਾ ਡੁੱਬਦੇ ਪਏ ਨਾ ਕਿਨਾਰਾ ਮਿਲ਼ੇ।
-----
ਤੇਰੇ ਵਾਸਤੇ ਜਾਨ ਹਾਜ਼ਰ ਕਰਾਂ ,
ਤੇਰਾ ਸ਼ੋਖ਼ ਜੇਕਰ ਇਸ਼ਾਰਾ ਮਿਲ਼ੇ।
-----
ਉਦਾਸੇ, ਪਿਆਸੇ ਮੇਰੇ ਦੋਸਤੋ !
ਕਰੋ ਹੌਸਲਾ ਫਲ਼ ਨਿਆਰਾ ਮਿਲ਼ੇ।
=====
ਗ਼ਜ਼ਲ
ਮੇਰੇ ਸੀ ਅਰਮਾਨ ਬੜੇ ਪਰ ਘੱਟ ਨਿੱਕਲ਼ੇ।
ਦਿਲ ਦੇ ਚੱਪੇ–ਚੱਪੇ ਉੱਤੇ ਫ਼ੱਟ ਨਿੱਕਲ਼ੇ ।
-----
ਜਦ ਵੀ ਤੈਨੂੰ ਚੇਤੇ ਕੀਤਾ ਬੇ –ਦਰਦਾ !
ਹੰਝੂ ਮੇਰੀਆਂ ਅੱਖੀਆਂ ਵਿਚੋਂ ਝੱਟ ਨਿੱਕਲ਼ੇ।
-----
ਜਿਹੜਾ –ਜਿਹੜਾ ਵੀ ਮੈਂ ਬੂਹਾ ਖੜਕਾਵਾਂ,
ਉੱਥੇ –ਉੱਥੇ ਹੀ ਦੁੱਖਾਂ ਦਾ ਹੱਟ ਨਿੱਕਲ਼ੇ।
-----
ਤੇਰੀਆਂ ਯਾਦਾਂ ਨੇ ਏਨਾ ਤੜਫ਼ਾਇਆ ਹੈ,
ਏਹੋ ਸੋਚਦਿਆਂ ਹੀ ਮੇਰੇ ਵੱਟ ਨਿੱਕਲ਼ੇ।
-----
ਜਿਹਨਾਂ ’ਤੇ ਵਿਸ਼ਵਾਸ ਸੀ ਮੈਨੂੰ ਰੱਬ ਜਿਹਾ,
ਉਹ ਵੀ ਕਿਹੜੇ ਗ਼ੈਰਾਂ ਨਾਲੋਂ ਘੱਟ ਨਿੱਕਲ਼ੇ।
-----
ਜਿਹਨਾਂ ਨੂੰ ‘ਆਜ਼ਾਦ’ ਅਸੀਂ ਕਰਵਾਇਆ ਸੀ,
ਮੌਕਾ ਮਿਲ਼ਿਆ ਤਾਂ ਉਹ ਸਾਨੂੰ ਕੱਟ ਨਿੱਕਲ਼ੇ।
No comments:
Post a Comment