ਸੜੇ ਕਿੰਝ ਆਲ੍ਹਣੇ, ਪੰਛੀ ਮਰੇ ਕਿੰਝ ਅੰਬਰਾਂ ਥੱਲੇ।
ਇਹ ਗਾਥਾ ਦਫ਼ਨ ਹੋ ਕੇ ਰਹਿ ਗਈ ਚੰਦ ਅੱਖਰਾਂ ਥੱਲੇ।
-----
ਇਹ ਕਿਸਦੇ ਹਰਫ਼ ਹਰਫ਼ ਉੱਤੇ ਸਮੇਂ ਦੀ ਧੂੜ ਜੰਮੀ ਹੈ,
ਇਹ ਕਿਸਦੀ ਪੈੜ ਦੱਬੀ ਹੈ ਚਿਰਾਂ ਤੋਂ ਪੱਥਰਾਂ ਥੱਲੇ।
-----
ਇਨ੍ਹਾਂ ਵਿੱਚੋਂ ਤਦੇ ਜਜ਼ਬਾਤ ਸਾਰੇ ਕਰ ਗਏ ਹਿਜਰਤ,
ਛੁਪਾ ਕੇ ਤੁਰ ਗਿਆ ਸੀ ਤੂੰ ਮੇਰੇ ਖ਼ਤ ਸਸ਼ਤਰਾਂ ਥੱਲੇ।
-----
ਉਜਾੜੀ ਜਾ ਰਹੇ ਘੁੱਗ ਵਸ ਰਹੀ ਉਤਲੀ ਵਸੋਂ ਸਾਰੀ,
ਕੋਈ ਸੱਭਿਅਤਾ ਉਹ ਖੋਜੀ ਜਾ ਰਹੇ ਮੇਰੇ ਗਰਾਂ ਥੱਲੇ।
-----
ਤੂੰ ਉੱਚਾ ਉਡ ਰਿਹੈਂ ਤੇ ਮਾਪਦੈਂ ਪਰ ਖੋਲ੍ਹ ਕੇ ਜਿਸਨੂੰ,
ਇਹ ਸਾਰੀ ਧਰਤ ਨਾ ਆਉਣੀ ਕਦੇ ਤੇਰੇ ਪਰਾਂ ਥੱਲੇ।
2 comments:
ਸ਼ਬਦਾਂ ਨੂੰ ਵਰਤਣ ਦੀ ਤਹਿਜ਼ੀਬ ਕਮਾਲ ਦੀ ਹੈ, ਖੂਬ.. .. ਦਰਸ਼ਨ ਦਰਵੇਸ਼
ਬਹੁਤ ਹੀ ਪਿਆਰੀ ਗ਼ਜ਼ਲ ਹੈ। ਬਹੁਤ ਘੱਟ ਗ਼ਜ਼ਲਾਂ ਹੁੰਦੀਆਂ ਹਨ ਜੋ ਕਹੀਆਂ ਜਾਂਦੀਆਂ ਹਨ। ਇਹ ਬਿਨਾ ਸ਼ੱਕ ਕਹੀ ਗਈ ਗ਼ਜ਼ਲ ਹੈ, ਜਿਸ ਵਿੱਚ ਸ਼ਾਇਰ ਦੇ ਪ੍ਰਬੁੱਧ ਹੋਣ ਦੀ ਤਸਦੀਕ ਹੈ।
ਮੁਬਾਰਕਾਂ ਕੁੱਲਾ ਸਾਹਿਬ।
Post a Comment