ਹਜ਼ਾਰ ਲੋਚਿਆ ਜੋ ਉਹ ਨਹੀਂ ਮੈਂ ਕਰ ਸਕਿਆ,
ਹਮੇਸ਼ਾ ਸਾਹਮਣੇ ਹੈ ਆਈ ਬੇਵਸੀ ਮੇਰੀ।
ਉਲਾਂਭਾ ਤਪਦੇ ਥਲਾਂ ਦਾ ਹੈ ਮੈਨੂੰ ਸਿਰ ਮੱਥੇ,
ਜੇ ਵਰ੍ਹਿਆ ਸਾਗਰਾਂ 'ਤੇ, ਕੀ ਪ੍ਰਾਪਤੀ ਮੇਰੀ।
-----
-----
ਹਵਾ ਨੇ ਮੈਨੂੰ ਕਦੇ ਵੀ ਨਾ ਸਮਝਿਆ ਗੁਲਸ਼ਨ,
ਕਲੀ-ਕਲੀ ਮੇਰੀ ਨੇ ਝੱਲਿਆ ਬੇਗਾਨਾਪਣ,
ਬਦਲਦੇ ਮੌਸਮਾਂ ਤੋਂ ਮੈਨੂੰ ਕੁਝ ਵੀ ਆਸ ਨਹੀਂ,
ਹੋਏਗੀ ਖ਼ੁਦ ਬਹਾਰ ਬਣਕੇ ਵਾਪਸੀ ਮੇਰੀ।
-----
ਮੈਂ ਵਕ਼ਤ ਹਾਂ,ਮਿਰਾ ਗਿਲਾ ਕਰੋਗੇ ਕਿਸ ਕੋਲੇ,
ਮੇਰੇ ਸਿਤਮ ਦੀ ਸ਼ਿਕਾਇਤ ਕਰੋਗੇ ਕਿਸ ਕੋਲ਼ੇ,
ਹਰੇਕ ਪਲ, ਹਰੇਕ ਦਿਨ, ਹਰਿਕ ਮਹੀਨਾ ਵੀ,
ਹਰੇਕ ਸਾਲ ਮੇਰਾ ਤੇ ਹਰਿਕ ਸਦੀ ਮੇਰੀ।
-----
ਹਰੇਕ ਵਾਰ ਹੀ ਮੈਂ ਭੇਖ ਬਦਲ ਆਉਂਦਾ ਹਾਂ,
ਹਰੇਕ ਵਾਰ ਹੀ ਮੈਂ ਹੁਕਮਰਾਂ ਕਹਾਉਂਦਾ ਹਾਂ,
ਹਯਾ, ਜਾਂ ਫ਼ਰਜ਼ ਜਾਂ ਈਮਾਨ ਦੇ ਕਿਸੇ ਪਰਦੇ,
ਹਮੇਸ਼ਾ ਛੁਪ ਕੇ ਰਹੀ ਹੈ ਦਰਿੰਦਗੀ ਮੇਰੀ।
-----
ਕਦੇ ਵੀ ਨਾਲ ਮੇਰੇ ਇਸ ਤਰ੍ਹਾਂ ਨ ਹੋਈ ਸੀ,
ਕਿਸੇ ਵੀ ਮੋੜ 'ਤੇ ਮੈਥੋਂ ਪਰ੍ਹਾਂ ਨ ਹੋਈ ਸੀ,
ਮਿਰੇ ਖ਼ਾਬੀਦਾ ਪਲਾਂ ਨੂੰ ਤਿਲਾਂਜਲੀ ਦੇ ਕੇ,
ਕਿਸੇ ਪਰਾਏ ਘਰ ਹੈ ਨੀਂਦ ਸੌਂ ਰਹੀ ਮੇਰੀ।
3 comments:
ਹਰੇਕ ਵਾਰ ਹੀ ਮੈਂ ਭੇਖ ਬਦਲ ਆਉਂਦਾ ਹਾਂ,
ਹਰੇਕ ਵਾਰ ਹੀ ਮੈਂ ਹੁਕਮਰਾਂ ਕਹਾਉਂਦਾ ਹਾਂ,
ਹਯਾ ਜਾਂ ਫ਼ਰਜ਼ ਜਾਂ ਈਮਾਨ ਦੇ ਕਿਸੇ ਪਰਦੇ,
ਹਮੇਸ਼ਾ ਛੁਪ ਕੇ ਰਹੀ ਹੈ ਦਰਿੰਦਗੀ ਮੇਰੀ ।
ਕਿਆ ਬਾਤ ਹੈ! ਰਾਜਿੰਦਰਜੀਤ ਮੇਰੇ ਉਹਨਾਂ ਕੁਝ ਪਸੰਦੀਦਾ ਗ਼ਜ਼ਲਗੋਆਂ ਵਿਚੋਂ ਹੈ ਜਿਹਨਾਂ ਨੂੰ ਪੜ ਕੇ ਦਿਨ ਸਫ਼ਲ ਲਗਦਾ ਹੈ।
....ਸ਼ਮਸ਼ੇਰ ਮੋਹੀ,ਰੋਪੜ (ਪੰਜਾਬ)
wah!!!
ਮੈਂ ਵਕ਼ਤ ਹਾਂ,ਮਿਰਾ ਗਿਲਾ ਕਰੋਗੇ ਕਿਸ ਕੋਲੇ,
ਮੇਰੇ ਸਿਤਮ ਦੀ ਸ਼ਿਕਾਇਤ ਕਰੋਗੇ ਕਿਸ ਕੋਲ਼ੇ,
ਤੇਰੀ ਹਰ ਰਚਨਾਂ ਏਨੀਂ ਪਿਆਰੀ ਕਿਉਂ ਹੁੰਦੀ ਹੈ ਕਦੇ ਤਾਂ ਛਿੱਲ ਪੱਟਣ ਦਾ ਮੌਕਾ ਦੇਹ.. ..ਦਰਸ਼ਨ ਦਰਵੇਸ਼
Post a Comment