ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, May 26, 2010

ਰਵਿੰਦਰ ਰਵੀ - ਨਜ਼ਮ

ਦੋਸਤੋ! ਟੈਰੇਸ, ਬੀ.ਸੀ. ਵਸਦੇ ਸੁਪ੍ਰਸਿੱਧ ਲੇਖਕ ਰਵਿੰਦਰ ਰਵੀ ਜੀ ਦੀ 10 ਮਈ ਨੂੰ ਅੱਖ ਦੀ ਸਰਜਰੀ ਹੋਣ ਉਪਰੰਤ ਪੈਦਾ ਹੋਈਆਂ Complications ਕਰਕੇ ਉਹਨਾਂ ਨੂੰ 15- 26 ਮਈ ਤੱਕ ਹਸਪਤਾਲ ਚ ਰੱਖਿਆ ਗਿਆ। ਕਿਉਂਕਿ ਰਵੀ ਸਾਹਿਬ ਦੇ ਦਿਲ ਦੇ ਵੀ ਕਈ ਆਪ੍ਰੇਸ਼ਨ ਹੋ ਚੁੱਕੇ ਹੋਣ ਕਰਕੇ ਉਹ Blood Thinners ‘ਤੇ ਹਨ, ਅੱਖ ਦੀ ਸਰਜਰੀ ਹੋਣ ਤੋਂ ਬਾਅਦ ਇਕ ਦਿਨ ਅੱਖ ਚੋਂ ਫ਼ੁਹਾਰੇ ਵਾਂਗ ਖ਼ੂਨ ਵਗਣ ਲੱਗਾ ਤੇ ਉਹਨਾਂ ਨੂੰ ਮਾਹਿਰ ਡਾਕਟਰਾਂ ਦੀ ਨਿਗਰਾਨੀ ਹੇਠ ਹਸਪਤਾਲ ਰਹਿਣਾ ਪਿਆ। ਪਰ ਹੁਣ ਡਾਕਟਰਾਂ ਨੇ ਪੂਰੀ ਵਾਹ ਲਾ ਕੇ ਉਹਨਾਂ ਦੀ ਅੱਖ ਚੋਂ ਵਗਦੇ ਖ਼ੂਨ ਨੂੰ ਕਾਫ਼ੀ ਹੱਦ ਤੱਕ ਰੋਕ ਦਿੱਤਾ ਹੈ।

-----

ਅੱਜ ਉਹ ਹਸਪਤਾਲੋਂ ਛੁੱਟੀ ਲੈ ਕੇ ਘਰ ਪਰਤੇ ਹਨ। ਮੇਰੀ ਉਹਨਾਂ ਨਾਲ਼ ਫ਼ੋਨ ਤੇ ਗੱਲ ਵੀ ਹੋਈ ਹੈ। ਵੇਖੋ ਹੌਸਲਾ ਰਵੀ ਸਾਹਿਬ ਦਾ! ਉਹੀ ਜ਼ਿੰਦਾ-ਦਿਲ ਰਵੀ ਸਾਹਿਬ ....ਤੇ ਉਹੀ ਉਹਨਾਂ ਦੀ ਦਿਲ-ਖਿੱਚਵੀਂ ਆਵਾਜ਼!! ਫ਼ੋਨ ਤੇ ਮੈਨੂੰ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਹਸਪਤਾਲੋਂ ਪਰਤੇ ਨੇ...ਮੇਰੇ ਮਾਈਗ੍ਰੇਨ ਤੱਕ ਹੋਵੇ ਤਾਂ ਮੇਰੀ ਆਵਾਜ਼ ਤਾਂ ਕੀ...ਮੇਰੇ ਆਲ਼ੇ-ਦੁਆਲ਼ੇ ਸਭ ਕੁਝ ਬਦਲ ਜਾਂਦਾ ਹੈ, ਪਰ ਸਾਡੇ ਰਵੀ ਸਾਹਿਬ ਅਸਲੀ ਅਰਥਾਂ ਸੁਪਰ ਮੈਨ ਹਨ। ਉਹਨਾਂ ਨਾਲ਼ ਗੱਲ ਕਰਕੇ ਹਰ ਵਾਰ ਇਕ ਨਵਾਂ ਉਤਸ਼ਾਹ ਜਾਗਦਾ ਹੈ ਕਿ ਢੇਰੀਆਂ ਢਾਹ ਕੇ ਨਹੀਂ, ਜ਼ਿੰਦਗੀ ਹੱਸ ਕੇ ਜਿਉਣੀ ਚਾਹੀਦੀ ਹੈ।

------

ਰਵੀ ਸਾਹਿਬ! ਆਰਸੀ ਪਰਿਵਾਰ ਵੱਲੋਂ ਤੁਹਾਡੀ ਚੜ੍ਹਦੀ ਕਲਾ ਦੀ ਰੱਬ ਸੋਹਣੇ ਅੱਗੇ ਅਰਦਾਸ ਹੈ। ਤੁਸੀਂ ਜਲਦੀ ਸਿਹਤਯਾਬ ਹੋਵੋ ਅਤੇ ਨਵੀਆਂ ਨਜ਼ਮਾਂ ਲਿਖ ਕੇ ਸਾਂਝੀਆਂ ਕਰਨ ਲਈ ਭੇਜੋ। ਅੱਜ ਦੀ ਪੋਸਟ ਚ ਸਾਡੇ ਸੁਪਰ ਮੈਨ ਰਵੀ ਸਾਹਿਬ ਦੀਆਂ ਸੱਠਵਿਆਂ ਦੇ ਦੌਰ ਦੀਆਂ ਲਿਖੀਆਂ ਚੰਦ ਬੇਹੱਦ ਖ਼ੂਬਸੂਰਤ ਨਜ਼ਮਾਂ ਸ਼ਾਮਿਲ ਕਰਨ ਜਾ ਰਹੀ ਹਾਂ। ਜਲਦੀ ਹੀ ਰਵੀ ਸਾਹਿਬ ਦੀ ਲਿਖਣ-ਪ੍ਰਕਿਰਿਆ ਬਾਰੇ ਇਕ ਵੱਖਰੇ ਅਤੇ ਰੌਚਕ ਬਲੌਗ ਦਾ ਲਿੰਕ ਵੀ ਤੁਹਾਡੇ ਲਈ ਖੋਲ੍ਹ ਦਿੱਤਾ ਜਾਏਗਾ। ਉਹਨਾਂ ਦਾ ਸਫ਼ਰਨਾਮਾ ਤੁਸੀਂ ਬਹੁਤ ਪਸੰਦ ਕਰ ਰਹੇ ਹੋ, ਇਕ ਵਾਰ ਫੇਰ ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*****

ਅਗਰਬੱਤੀ
ਨਜ਼ਮ

ਧੁਖ ਰਹੀ ਹੈ ਅਗਰਬੱਤੀ,
ਫੇਰ ਅੱਜ ਕਮਰੇ ਦੇ ਵਿਚ!
ਮਹਿਕ ਚੰਦਨ ਦੀ,
ਜਿਵੇਂ ਹੈ ਆ ਰਹੀ!
.........
ਸੋਚਦਾਂ, ਕੀ
ਏਸ ਕਮਰੇ ਵਿਚ ਹੈ ਇਸਦਾ ਵਜੂਦ?
.........

ਧੁਖਣ ਹੈ ਜਜ਼ਬਾਤ ਦੀ ਤੇ
ਸੜਨ ਹੈ ਅਹਿਸਾਸ ਦੀ!
..........
ਸ਼ੇਕ ਹੈ ਨਫ਼ਰਤ ਜਿਹੀ ਦਾ,
ਏਸ ਚੌਗਿਰਦੇ ਵਿਰੁੱਧ!
ਚਾਰ-ਦੀਵਾਰੀ ਵਿਰੁੱਧ!
...........
ਸਿਸਕ ਰਹੇ ਜਜ਼ਬਾਤ ਇਸਦੇ,
ਵੈਣ ਜਿਹੇ, ਧੂੰਏਂ ਦੇ ਵਿਚ,
ਗੀਤ ਕਹਿ ਲਓ ਇਨ੍ਹਾਂ ਨੂੰ!!!
............
ਹੋਰ ਕੀ ਹੈ?

.............
"
ਬੁਝਣ ਤੋਂ ਚੰਗਾ ਹੈ ਧੁਖਣਾ",
ਹਠ ਇਸ ਦਾ,
ਆਖ ਕੇ, ਧੁਖਦਾ ਪਿਆ ਹੈ!

............
ਆਖਿਆ ਸੀ, ਤੂੰ ਕਦੇ
ਸੱਜਣੀ ਮੇਰੀ,
ਮੇਰੀ ਪ੍ਰੀਤਮਾ :
"
ਹੈ ਜ਼ਿੰਦਗੀ ਚੰਦਨ ਦਾ ਰੁੱਖ!"

...............
ਜਾਪਦਾ ਹੈ ਇਸ ਤਰ੍ਹਾਂ,
ਜਿਉਂ ਯਾਦ ਤੇਰੇ ਕਥਨ ਦੀ,
ਧੂੰਏਂ ਚ ਘੁਲ਼ਦੀ ਜਾ ਰਹੀ!

............
ਧੁਖ ਰਹੀ ਹੈ ਅਗਰਬੱਤੀ,
ਫੇਰ ਅੱਜ ਕਮਰੇ ਦੇ ਵਿਚ,
ਮਹਿਕ ਚੰਦਨ ਦੀ ਹੈ
ਤਾਈਓਂ ਆ ਰਹੀ!!!

=====

ਸਿਰਜਣ ਅਤੇ ਸਰਾਪ

ਨਜ਼ਮ

ਮੇਰੀ ਨਫ਼ਰਤ ਨਿਖੇੜੋ ਨਾ,
ਮੇਰੀ ਨਫ਼ਰਤ, ਚ ਮੇਰੀ ਹੋਂਦ ਦਾ ਆਕਾਰ ਢਲ਼ਿਆ ਹੈ!
...........
ਹਰ ਇਕ ਯੁੱਗ ਵਿਚ ਕਿਸੇ ਆਦਮ2 ਦੇ ਅੰਦਰ ਦੀ ਹੱਵਾ 2 ਜਾਗੀ,
ਹਰ ਇਕ ਯੁੱਗ ਵਿਚ ਹੱਵਾ ਅੰਦਰ, ਕੋਈ ਆਦਮ ਉਦੈ ਹੋਇਆ!
...............
ਸਰਾਪੀ ਸਿਰਜਣਾ ਦਾ ਵਰ ਪ੍ਰਾਪਤ ਹੋਂਦ ਮੇਰੀ ਨੂੰ,
ਤ੍ਰੀਮਤ ਆਪਣੇ ਅੰਦਰ ਦੀ ਮੈਂ ਬਾਹਰ ਭਾਲ਼ਦਾ ਫਿਰਦਾਂ,
ਗੁਨਾਹ ਕਹਿਕੇ ਜੇ ਨਿੰਦਣਾ, ਨਿੰਦ ਲਵੋ ਇਹ ਅਮਲ ਕਰਤਾਰੀ
ਮੇਰੇ ਅੰਦਰ ਦਾ ਆਦਮ ਫਿਰ ਅੰਜੀਰਾਂ ਖਾਣ ਚੱਲਿਆ ਹੈ!
...........
ਮੇਰੇ ਜੀਵਨ ਦੇ ਮੰਥਨ ਚੋਂ ਹੈ ਅੰਮ੍ਰਿਤ ਜਦ ਕਦੇ ਮਿਲ਼ਿਆ,
ਮੇਰੇ ਅੰਦਰ ਦੇ ਰਾਖਸ਼ਸ਼ ਨੇ ਚੁਰਾ ਕੇ ਸਭ ਦੀਆਂ ਨਜ਼ਰਾਂ,
ਅਸੁਰ3 ਦੀ ਅਉਧ-ਰੇਖਾ ਖਿੱਚ ਕੇ ਸੁਰ4 ਜੇਡੀ ਬਣਾ ਦਿੱਤੀ!
ਮੇਰੇ ਅੰਦਰ ਦੇ ਸ਼ਿਵ ਜੀ ਦਾ ਅਜੇ ਵੀ ਕੰਠ ਨੀਲਾ ਹੈ!
..............
ਮਿੱਤ-ਮੁਖੇ ਦੁਸ਼ਮਣ,
ਅਸੰਗ, ਸੰਗੀ
ਅਤੇ ਦੁਸ਼ਮਣ-ਮੁਖੇ ਮਿੱਤਰ
ਚੁਫ਼ੇਰੇ ਦੇ ਅਨ੍ਹੇਰੇ ਚਾਨਣੇ ਅੰਦਰ,
ਉਮਰ ਦਾ ਜ਼ਹਿਰ ਪਈ ਚੂਸੇ ਮੇਰੇ ਅੰਦਰ ਦੀ ਵਿਸ਼-ਕੰਨਿਆ 5!
.............
ਧਰਮ ਹੈ ਜ਼ਹਿਰ ਦਾ ਆਪਣਾ,
ਧਰਮ ਅੰਮ੍ਰਿਤ ਦਾ ਵੀ ਆਪਣਾ!
ਕੰਵਲ ਨਿਰਲੇਪ ਦੀ ਜੜ੍ਹ ਵੀ ਹੈ ਧੁਰ ਚਿੱਕੜ ਦੇ ਵਿਚ ਰਹਿੰਦੀ!
...........
ਮੇਰੇ ਫੁੱਲ ਦੀ ਮਹਿਕ ਵੀ ਓਸ ਟਹਿਣੀ ਤੋਂ ਪ੍ਰਾਪਤ ਹੈ,
ਧਰਮ ਇਸ ਸੂਲ਼ ਮੇਰੀ ਦਾ ਜਿਹੜੀ ਟਹਿਣੀ ਤੇ ਪਲਿਆ ਹੈ!
.............
ਮੇਰੀ ਨਫ਼ਰਤ ਨਿਖੇੜੋ ਨਾ,
ਮੇਰੀ ਨਫ਼ਰਤ ਚ ਮੇਰੀ ਹੋਂਦ ਦਾ ਆਕਾਰ ਢਲ਼ਿਆ ਹੈ!!!
*****
ਔਖੇ ਸ਼ਬਦਾਂ ਦੇ ਅਰਥ: - 1 ਆਦਮ ਬਾਬਾ ਆਦਮ(adam) 2. ਹੱਵਾ ਮਾਈ ਹੱਵਾ(eve) , 3 ਅਸੁਰ ਰਾਖਸ਼ਿਸ਼ 4. ਸੁਰ ਦੇਵਤਾ 5 ਵਿਸ਼-ਕੰਨਿਆ ਜ਼ਹਿਰ ਚੂਸਣ ਵਾਲੀ ਕੁੜੀ
=====

ਅਕੱਥ ਕਥਾ
ਨਜ਼ਮ

ਸਿਰਜੇ ਜੀ! ਕੋਈ ਸਿਰਜੇ ਕਿਵੇਂ ਖ਼ਾਮੋਸ਼ੀ?
ਪਕੜੇ ਜੀ! ਕੋਈ ਪਕੜੇ ਕੀਕੂੰ
ਸ਼ਬਦਾਂ ਦੇ ਵਿਚ ਭਾਵਾਂ ਦੀ ਬੇਹੋਸ਼ੀ?
..............
ਪਾਰੇ ਵਾਂਗ ਡਲ੍ਹਕਦਾ ਛਿਣ, ਛਿਣ,
ਅੱਖੀਆਂ ਨੂੰ ਚੁੰਧਿਆਵੇ!
ਬੇ-ਆਵਾਜ਼, ਆਵਾਜ਼ ਚ ਛਿਣ, ਛਿਣ,
ਫੁੱਲ ਵਾਂਗੂੰ ਖਿੜ ਜਾਵੇ!
ਪਕੜੇ ਜੀ! ਕੋਈ ਪਕੜੇ ਕੀਕੂੰ
ਮਹਿਕਾਂ ਦੀ ਸਰਗੋਸ਼ੀ?
................
ਸ਼ਬਦਾਂ ਦੇ ਦਰ ਸੌੜੇ ਹਨ ਤੇ
ਕੱਦ ਅਰਥਾਂ ਦੇ ਉੱਚੇ!
ਬਹੁ-ਦਿਸ਼ਾਵੀ ਚੇਤੰਨ ਅਨੁਭਵ,
ਕਵਣ ਸੁ ਦਰ, ਜਿਤ ਢੁੱਕੇ?
ਸ਼ਬਦਾਂ ਬਾਝੋਂ ਅਰਥ, ਬੇ-ਅਰਥੇ,
ਮਰਦੇ ਵਿਚ ਨਮੋਸ਼ੀ!
...........
ਕੰਜਕ ਅਉਧ ਤੇ ਨਿਰਛੁਹ ਕਾਇਆ,
ਭਾਵ ਮੇਰੇ ਗਰਭਾਏ!
ਭਰ ਸਰਵਰ ਚੋਂ ਸੂਰਜ ਦਾ ਨਾਂ
ਸ਼ੇਕ ਪਕੜਿਆ ਜਾਏ!
ਪਰ-ਖ਼ਿਆਲਾਂ1. ਦੇ ਸਵੈ-ਵਿਚਰਨ2 ਵਿਚ
ਕਾਮ ਜਿਹੀ ਮਦਹੋਸ਼ੀ!
............
ਸੂਈਆਂ ਇਕ ਗੇੜੇ ਵਿਚ ਬੱਝੀਆਂ,
ਸਮੇਂ ਨੂੰ ਅੰਕੀ ਜਾਵਣ!
ਪਰ ਨਿਰ-ਅੰਕ3. ਸਮੇਂ ਦੀਆਂ ਰਮਜ਼ਾਂ,
ਸੂਈਆਂ ਚੋਂ ਲੰਘ ਜਾਵਣ!
ਇਸ ਤ੍ਰੈ-ਕਾਲੀ4 ਪਰਵਾਹ ਵਿਚ, ਇਕ
ਜਾਣੀ ਹੋਈ ਫਰਾਮੋਸ਼ੀ!
..............
ਕਿਸ ਹਉਮੈ ਦੀ ਸਬਲ ਸਾਧਨਾ,
ਨਿਰਬਲ ਕਿਸੇ ਨੇ ਕੀਤੀ?
ਕਿਸ ਤ੍ਰਿਪਤੀ ਨੇ, ਰੁੱਤ-ਗੇੜ ਵਿਚ,
ਤ੍ਰਿਸ਼ਨਾ ਦੀ ਲੋਅ ਡੀਕੀ?
ਯੁੱਗਾਂ ਦੀ ਅਕੱਥ ਕਥਾ ਹੈ,
ਛਿਣ, ਛਿਣ ਦੀ ਖ਼ਾਮੋਸ਼ੀ!
ਕੋਈ ਸਿਰਜੇ ਕਿਵੇਂ ਖਾਮੋਸ਼ੀ???
******
ਔਖੇ ਸ਼ਬਦਾਂ ਦੇ ਅਰਥ: - 1 ਪਰ-ਖ਼ਿਆਲਾਂ ਦੂਜੇ ਦੇ ਖ਼ਿਆਲਾਂ 2 ਸਵੈ-ਵਿਚਰਨ ਆਪਣੇ ਵਿਚ ਵਿਚਰਨ 3. ਨਿਰ-ਅੰਕ ਅੰਕਾਂ ਜਾਂ ਨੰਬਰਾਂ ਤੋਂ ਬਿਨਾਂ , 4 ਤ੍ਰੈ-ਕਾਲੀ ਤਿੰਨ ਕਾਲਾਂ ਵਾਲੇ ਜਾਂ ਭੂਤ, ਵਰਤਮਾਨ ਤੇ ਭਵਿੱਖ ਵਾਲੇ
=====
ਤਸਵੀਰ
ਨਜ਼ਮ

ਕਈ ਦਿਨ ਤੋਂ ਇਹ ਚਿੜੀ ਵਿਚਾਰੀ,
ਨਾ ਕੁਝ ਖਾਂਦੀ, ਨਾ ਕੁਝ ਪੀਂਦੀ!
ਸ਼ੀਸ਼ੇ ਦੇ ਵਿਚ,
ਅਕਸ ਆਪਣਾ ਵੇਖ, ਵੇਖ ਕੇ,
ਸ਼ੀਸ਼ੇ ਉੱਤੇ ਠੂੰਗੇ ਮਾਰੇ!
ਅਣ-ਛਿੜੀਆਂ ਬਾਤਾਂ ਨੂੰ ਆਪੇ ਭਰੇ ਹੁੰਗਾਰੇ!
..............
ਸ਼ੀਸ਼ਾ ਤਾਂ ਇਕ ਥਲ ਦੀ ਨਿਅਈਂ!
ਚਿੜੀ ਵਿਚਾਰੀ ਇਹ ਕੀ ਜਾਣੇ:
...........
ਅਕਸ ਭਲਾ ਕੀ ਤੇਹ ਮੇਟਣਗੇ?
ਅਕਸ ਭਲਾ ਕੀ ਨਿੱਘ ਦੇਵਣਗੇ?
..........
ਵਿੱਠਾਂ ਦੇ ਨਾਲ ਭਰਿਆ ਸ਼ੀਸ਼ਾ,
ਖ਼ੰਡਰਾਂ ਦੀ ਵਿਥਿਆ ਦਾ ਹਾਣੀ ਬਣਿਆ ਜਾਪੇ!
..........
ਚਿੜੀ ਵਿਚਾਰੀ,
ਨਾ ਕੁਝ ਖਾਂਦੀ, ਨਾ ਕੁਝ ਪੀਂਦੀ!
ਠੂੰਗੇ ਮਾਰ, ਮਾਰ, ਵਿਚਾਰੀ,
ਅੱਧ-ਮੋਈ ਪਈ ਪਾਸੇ-ਪਰਨੇ!
ਖੁੱਲ੍ਹੀਆਂ ਅੱਖਾਂ ਰੂਪ ਪਛਾਨਣ!
ਚੁੰਝ ਨਾਲ਼ ਚੁੰਝ ਪਰਸਦੀ ਪਈ ਹੈ!
.........
ਮਨ ਦੀ ਹਾਲਤ ਅਜਬ ਜਿਹੀ ਹੈ!
ਸ਼ੀਸ਼ੇ ਕੋਲ ਮੇਰੀ ਪ੍ਰਿਤਮਾ ਦੀ,
ਇਕ ਤਾਜ਼ਾ ਤਸਵੀਰ ਪਈ ਹੈ!!!

2 comments:

Amrao said...

ਯੁੱਗਾਂ ਦੀ ਅਕੱਥ ਕਥਾ ਹੈ
ਛਿਣ,ਛਿਣ ਦੀ ਖ਼ਾਮੋਸ਼ੀ...

ਰਵੀ ਜੀ ਦੀਆਂ ਸਾਰੀਆਂ ਜੀ ਨਜ਼ਮਾ ਲਾਜਵਾਬ ਹਨ..ਉਹਨਾ ਦੀ ਚੰਗੀ ਸਿਹਤ ਲਈ ਸ਼ੁੱਭ ਇੱਛਾਵਾਂ..!

ਅਮਰਾਓ

Unknown said...

Not only the literal meaning, even the energy behind the words has been communicated as well.

Get Well Soon.