ਨਜ਼ਮ
ਚਿਤਾ ਦੁਆਲ਼ੇ
ਘੜਾ ਲੈ ਕੇ ਘੁੰਮਦਾ
ਨੇੜੇ ਦਾ ਰਿਸ਼ਤੇਦਾਰ।
ਫਿਲਮਾਂ ‘ਚ ਹੀ ਵੇਖਦਾ ਹਾਂ।
ਘੜੇ ‘ਚ ਕੀਤੀ ਮੋਰੀ ‘ਚੋਂ
ਪਾਣੀ ਕਿਉਂ ਡੋਲ੍ਹਿਆ ਜਾ ਰਿਹਾ ਹੈ?
...........
ਸੋਚਦਾ ਹਾਂ...
ਘੜਾ ਬਣਾਉਣ ਵਾਲ਼ੇ ਨੇ
ਕਿਵੇਂ ਕੀਤੀ ਹੋਵੇਗੀ
ਇਹ ਨਿੱਕੀ ਜਹੀ ਮੋਰੀ
ਤੇ-
ਕੀ ਲੋੜ ਸੀ ਇਸਦੀ...
ਸ਼ਾਇਦ ਪਾਣੀ ਖ਼ਤਮ ਹੋ ਗਿਆ ਸੀ
ਖ਼ਤਮ ਹੋਏ ਪਰਾਣੀ ਦੇ
ਪਾਣੀ ਤੋਂ ਬਿਨਾ
ਸਾਹ ਮੁਸ਼ਕਿਲ ਹਨ।
ਏਸੇ ਲਈ ਕਰ ਰਿਹਾ ਸੀ ਖ਼ਾਲੀ ਘੜਾ
ਨੇੜੇ ਦਾ ਰਿਸ਼ਤੇਦਾਰ।
ਮੋਰੀ ਕਰਨ ਲੱਗਿਆਂ
ਘੜਾ ਤਿੜਕਣ ਤੋਂ ਕਿਵੇਂ ਬਚ ਰਿਹਾ?
..............
ਤੇ ਫੇਰ ਉਨ੍ਹਾਂ ਹੱਥਾਂ ਦਾ ਸੋਚਿਆ
ਜਿਨ੍ਹਾਂ ਦੀ ਅੱਜ ਸ਼ਾਮ ਦੀ ਰੋਟੀ
ਮਰਗ ਤੇ ਵਰਤੇ
ਇਸ ਘੜੇ ਦੀ ਹੀ ਵਜ੍ਹਾ ਹੈ।
.........
ਬਹੁਤ ਹੀ ਇਹਤਿਆਤ ਨਾਲ਼
ਕੀਤੀ ਹੋਵੇਗੀ
ਉਸਨੇ ਚਿਤਾ ਦੁਆਲੇ
ਖ਼ਾਲੀ ਹੋਣ ਵਾਲੇ ਘੜੇ ‘ਚ ਮੋਰੀ।
ਆਪਣੀ ਭੁੱਖ ਦੇ ਅੰਤ ਲਈ
ਜ਼ਿੰਦਗੀ ਦੇ ਅੰਤ ਨੂੰ
ਬਿਆਨਣ ਲਈ
ਕਿੰਨੀ ਵਾਰ
ਤੇ
ਕਿਵੇਂ
ਘੁੰਮੀ ਹੋਵੇਗੀ ਉਸਦੀ ਉਂਗਲ਼
ਚਿਤਾ ਦੁਆਲੇ ਖ਼ਾਲੀ ਹੋਣ ਵਾਲ਼ੇ
ਘੜੇ ‘ਚ
ਮੋਰੀ ਕਰਨ ਲਈ।
ਸੋਚਦਾ ਹਾਂ.....?
No comments:
Post a Comment