ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, June 1, 2010

ਅੰਮ੍ਰਿਤ ਸਮਿਤੋਜ - ਨਜ਼ਮ

ਦੋਸਤੋ! ਮਾਨਸਾ, ਪੰਜਾਬ ਵਸਦੇ ਲੇਖਕ ਬਲਜੀਤਪਾਲ ਜੀ ਨੇ ਅੰਮ੍ਰਿਤ ਸਮਿਤੋਜ ਜੀ ਦੀਆਂ ਦੋ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ਪਰਿਵਾਰ ਨਾਲ਼ ਸਾਂਝੀਆਂ ਕਰਨ ਲਈ ਭੇਜੀਆਂ ਹਨ, ਮੈਂ ਉਹਨਾਂ ਦੀ ਇਕ ਵਾਰ ਫੇਰ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ।

*****

*****

ਮੁਹੱਬਤ

ਨਜ਼ਮ

ਜਦ ਅਸੀਂ

ਮੁਹੱਬਤ ਕਰਦੇ

ਵਿਚ ਵਿਚਾਲੇ ਆ ਜਾਂਦੇ ਸ਼ਬਦ

ਸ਼ਬਦ ਕਰਦੇ

ਸ਼ਬਦਾਂ ਨਾਲ਼ ਮੁਹੱਬਤ

ਅਸੀਂ

ਇਕ ਦੂਸਰੇ ਵੱਲ

ਦੇਖਦੇ ਹੀ ਰਹਿ ਜਾਂਦੇ

...........

ਠਹਿਰਜੋ ਸ਼ਬਦੋ

ਨਹੀਂ ਲੈ ਕੇ ਜਾਂਵਾਂਗਾ ਨਾਲ਼

ਬੋਲਾਂਗਾ ਲੈ ਜਾਵਾਂਗਾ

ਰਹਿਓ ਮੇਰੇ ਆਸ ਪਾਸ...

ਹੱਸਾਂਗਾ ,ਰੋਵਾਂਗਾ

ਜਾਂ ਸਿਸਕਾਂਗਾ

ਕੋਈ ਲੋੜ ਨਹੀਂ ਤੁਹਾਡੀ

ਤੇ ਚੁੱਪ ਦੀ

........

ਚੁੱਪ ਨੂੰ ਵੀ ਰੱਖਿਓ

ਆਪਣੇ ਹੀ ਕੋਲ਼

ਮੈਂ ਮੁਹੱਬਤ ਕਰ ਰਿਹਾਂ

ਤੁਸੀਂ ਬੂਹੇ 'ਤੇ ਖੜ੍ਹੇ ਰਹਿਣਾ

=====

ਰਸੋਈ

ਨਜ਼ਮ

ਘਰ ਘਰ ਚ ਰਹਿੰਦੀ ਹੈ ਰਸੋਈ

ਰਸੋਈਚ ਰਹਿੰਦਾ ਹੈ ਘਰ

ਰਸੋਈ ਘਰ ਦੀ ਰਾਜਧਾਨੀ

ਖਾਣਾ ਬਣਾਉਣ ਦਾ, ਖਵਾਉਣ ਦਾ

ਭੁੱਖ ਤੇਹ ਦਾ ਖ਼ਿਆਲ ਰੱਖਦੀ

ਹਿਸਾਬ ਰੱਖਦੀ ਬੇਹਿਸਾਬ ਹੋ ਕੇ

.............

ਰਸੋਈ ਤੱਤੀ ਠੰਡੀ ਹੁੰਦੀ

ਦਿਨ ਚ ਕਈ ਵਾਰ

ਦੂਰ ਦੁਰਾਡੇ ਪਕਵਾਨਾਂ ਦੀ

ਖ਼ੁਸ਼ਬੋ ਬਖੇਰਦੀ

ਆਪਣੀ ਹੋਂਦ ਲਈ

ਘਰ ਦੀ ਸੁੱਖ ਲਈ

ਮਾੜੇ ਮੰਗਤੇ ਦੀ ਭੁੱਖ ਲਈ

...........

ਰਸੋਈ

ਘਰ ਦੇ ਕੱਲੇ 'ਕੱਲੇ

ਕਮਰੇਚ ਜਾਂਦੀ

ਮਹਿਮਾਨਾਂ ਲਈ ਅੱਖਾਂ ਵਿਛਾਉਂਦੀ

ਕੀੜੀਆਂ ਤੇ ਚਿੜੀਆਂ ਲਈ ਵੀ

ਕੁਝ ਨਾ ਕੁਝ ਰੱਖਦੀ ਸਾਂਭ ਸਾਂਭ

ਰਸੋਈ

ਜੂਠੇ ਬਰਤਨਾਂ ਨੂੰ

ਸੁੱਚਚ ਬਦਲਦੀ

ਸੁੱਚੇ ਪਕਵਾਨ ਪਰੋਸਦੀ

ਸੁੱਚੇ ਸੁੱਚੇ ਹੱਥਾਂ ਨਾਲ਼

............

ਰਸੋਈ

ਓਦੋਂ ਉਦਾਸ ਹੁੰਦੀ

ਜਦੋਂ ਰਾਸ਼ਣ ਮੁੱਕਦਾ

ਘਰ ਦੀ ਜੇਬ ਵੱਲ ਵੇਖਦੀ

ਘਰ ਦੇ ਕੰਮਾਂ ਵੱਲ ਵੇਖਦੀ

ਘਰ ਦੇ ਢਿੱਡਾਂ ਵੱਲ ਵੇਖਦੀ

ਬੇਵੱਸ ਹੋ ਹੋ .... !!!

1 comment:

Unknown said...

ਵਾਹ !!
ਮੈਂ ਮੁਹੱਬਤ ਕਰ ਰਿਹਾਂ
ਤੁਸੀਂ ਬੂਹੇ 'ਤੇ ਖੜ੍ਹੇ ਰਹਿਣਾ।