ਤਿਰੀ ਬਾਰਿਸ਼, ਮਿਰੇ ਥਲ ਵਿਚ ਬੜਾ ਹੈ ਫ਼ਾਸਲਾ ਹਾਲੇ।
ਪਤਾ ਨਈਂ ਹੋਰ ਕਿੰਨਾ ਚਿਰ ਹੈ ਪੈਣਾ ਤੜਪਣਾ ਹਾਲੇ।
-----
ਅਜੇ ਤੀਕਰ ਵੀ ਜਿੱਥੇ ਸਾਜ਼ਿਸ਼ਾਂ ਦੀ ’ਵਾ ਨਹੀਂ ਚੱਲੀ,
ਕਿਤੇ ਚਾਰੇ ਦਿਸ਼ਾਵਾਂ ’ਚੋਂ ਮਿਲੀ ਨਾ ਉਹ ਜਗ੍ਹਾ ਹਾਲੇ।
-----
ਤੂਫ਼ਾਨੀ ਰਾਤ ਅੰਦਰ ਪਾਰ ਕਰਨੇ ਸ਼ੂਕਦੇ ਦਰਿਆ,
ਅਸਾਡੇ ਜ਼ਿਹਨ ਅੰਦਰ ਮਚਲਦਾ ਹੈ ਇਹ ਸ਼ੁਦਾ ਹਾਲੇ।
-----
ਇਨ੍ਹਾਂ ਖ਼ਾਮੋਸ਼ ਰੁੱਤਾਂ ਵਿਚ ਸੁੱਚੇ ਬੋਲ ਗੂੰਜਣਗੇ,
ਬੜਾ ਕੁਝ ਜਾਨਣਾ ਹਾਲ਼ੇ ਬੜਾ ਕੁਝ ਦੱਸਣਾ ਹਾਲ਼ੇ ।
-----
ਉਦਾਸੀ, ਘੁਟਨ, ਤਲਖ਼ੀ, ਬੇਵਸੀ, ਗ਼ਮ, ਖ਼ੌਫ਼, ਤਨਹਾਈ,
ਇਨ੍ਹਾਂ ਸਭ ਨਾਲ਼ ਹੈ ਰਿਸ਼ਤਾ ਬੜਾ ਨਜ਼ਦੀਕ ਦਾ ਹਾਲ਼ੇ।
4 comments:
ਮੇਰੀ ਗ਼ਜ਼ਲ ਦੇ ਮਤਲੇ ਵਿਚ ਇਕ ਸ਼ਬਦ ਗ਼ਲਤ ਛਪਿਆ ਹੈ, ਜਿਸ ਨਾਲ਼ ਸ਼ਿਅਰ ਬੇਅਰਥ ਹੋ ਗਿਆ ਹੈ । ਇਹ ਗ਼ਲਤੀ ਮੈਥੋਂ ਹੀ ਗ਼ਜ਼ਲ ਭੇਜਣ ਲੱਗਿਆਂ ਰਹਿ ਗਈ ਸੀ। ਪਾਠਕਾਂ ਨੂੰ ਬੇਨਤੀ ਹੈ ਕਿ ਮੇਰੀ ਗ਼ਜ਼ਲ ਦਾ ਮਤਲਾ ਨਿਮਨਲਿਖਤ ਅਨੁਸਾਰ ਪੜ੍ਹਿਆ ਜਾਵੇ-
ਤਿਰੀ ਬਾਰਿਸ਼, ਮਿਰੇ ਥਲ ਵਿਚ ਬੜਾ ਹੈ ਫ਼ਾਸਲਾ ਹਾਲੇ।
ਪਤਾ ਨਈਂ ਹੋਰ ਕਿੰਨਾ ਚਿਰ ਹੈ ਪੈਣਾ ਤੜਪਣਾ ਹਾਲੇ।
....................
ਅਦਬ ਨਾਲ਼,
ਸ਼ਮਸ਼ੇਰ ਮੋਹੀ, ਰੋਪੜ (ਪੰਜਾਬ)
ਉਦਾਸੀ,ਘੁਟਨ,ਤਲਖੀ,ਬੇਬਸੀ,ਗਮ,ਖੌਫ,ਤਨਹਾਈ
ਇਨਾਂ ਸਭ ਨਾਲ ਹੈ ਰਿਸ਼ਤਾ ਬੜਾ ਨਜਦੀਕ ਦਾ ਹਾਲੇ।
ਮੋਹੀ ਸਾਹਿਬ ਅੱਜ ਪਹਿਲੀ ਵਾਰ ਤੁਹਾਡੀ ਇੱਕ ਗ਼ਜ਼ਲ ਪੜ੍ਹਨ ਦਾ ਮੌਕਾ ਮਿਲਿਆ ਹੈ .... ਬਹੁਤ ਖੂਬ, ਖੁਸ਼ ਰਹੋ ।
ਡਾ: ਮੋਹੀ ਸਾਹਿਬ! ਧਿਆਨ ਦਵਾਉਣ ਲਈ ਸ਼ੁਕਰੀਆ। ਮਤਲੇ 'ਚ ਸੋਧ ਕਰ ਦਿੱਤੀ ਗਈ ਹੈ। ਮੈਂ ਕੁਝ ਦਿਨਾਂ ਦੀ ਬਹੁਤ ਜ਼ਿਆਦਾ ਰੁੱਝੀ ਹੋਣ ਕਰਕੇ ਕਾਹਲ਼ੀ 'ਚ ਆਰਸੀ ਅਪਡੇਟ ਕਰਦੀ ਰਹੀ ਹਾਂ, ਗ਼ਜ਼ਲਾਂ ਬਾਦਲ ਸਾਹਿਬ ਨੂੰ ਵਿਖਾਉਣ ਦਾ ਮੌਕਾ ਹੀ ਨਹੀਂ ਮਿਲ਼ਿਆ। ਟਾਈਪਿੰਗ ਦੀਆਂ ਗ਼ਲਤੀਆਂ ਆਪਾਂ ਸਾਰੇ ਹੀ ਕਰ ਜਾਂਦੇ ਹਾਂ, ਸੋ ਕੋਈ ਗੱਲ ਨਹੀਂ, ਸੋਧ ਹੋ ਗਈ ਹੈ।
ਅਦਬ ਸਹਿਤ
ਤਨਦੀਪ
Mohi Sahib,Mukamal.....Rup Daburji
Post a Comment