ਸ਼ੂਕਦੀ ਫਿਰਦੀ ਹੈ ਭਾਵੇਂ ਸ਼ਹਿਰ ਵਿਚ ਪਾਗਲ ਹਵਾ।
ਤੂੰ ਬੁਝਣ ਦੇ ਖ਼ੌਫ਼ ਤੋਂ ਨਾ ਡਰ ਤੇ ਉਠ ਦੀਵੇ ਜਗਾ।
-----
ਨਾਂ ਦੇ ਬਾਕੀ ਰਿਸ਼ਤਿਆਂ ਸੰਗ ਨਿਭ ਨਹੀਂ ਸਕਦੇ ਅਸੀਂ,
ਜਾਂ ਬਣਾ ਕੇ ਨੇੜਤਾ ਰਖ, ਜਾਂ ਵਧਾ ਲੈ ਫ਼ਾਸਲਾ।
-----
ਅੱਗ ਜੰਗਲ ਨੂੰ ਪਈ ਤਾਂ ਆਲ੍ਹਣੇ ਸਭ ਸੜਨਗੇ,
ਕੀ ਕਰਾਂਗੇ ਜੇ ਉਨ੍ਹਾਂ ਦਾ ਸੇਕ ਘਰ-ਘਰ ਆ ਗਿਆ?
-----
ਸ਼ਹਿਰ ਤੇਰੇ ਸੂਰਜਾਂ ਨੂੰ ਕੰਮ ਪੈਂਦੇ ਨੇ ਬਹੁਤ,
ਸਾਡੇ ਪਿੰਡੀਂ ਆਉਂਦੇ-ਆਉਂਦੇ ਇਹ ਦਿੰਦੇ ਨੇ ਦਿਨ ਚੜ੍ਹਾ।
-----
ਸ਼ਰਤ ਉਸਦੀ ਸੀ ਵਚਿੱਤਰ, ਮੈਂ ਵੀ ਨਾ ਕੀਤੀ ਕਬੂਲ,
ਤੀਰ-ਅੰਦਾਜ਼ੀ ਸਿਖਾ ਕੇ, ਕਹਿੰਦੈ “ਅੰਗੂਠਾ ਕਟਾ।”
-----
ਦਿਲਜਲੇ ਲੋਕਾਂ ਦੀਆਂ ਅੱਖਾਂ ‘ਚ ਐਨੀ ਅੱਗ ਹੈ,
ਜਾਣਗੇ ਜਿੱਧਰ ਨੂੰ ਵੀ ਹੁਣ ਦੇਣਗੇ ਭਾਂਬੜ ਮਚਾ।
-----
ਇਕ ਨਦੀ ਤਾਂ ਬਹੁਤ ਘੱਟ ਹੈ, ਤਿਸ਼ਨਗੀ ਮੇਰੀ ਲਈ,
ਮੈਂ ਕਿਨਾਰੇ ਤੋਂ ਕਿਨਾਰੇ ਤੀਕ ਨਾਂ ਹਾਂ ਪਿਆਸ ਦਾ।
-----
ਭੰਨ ਸੁਟਦੇ ਨੇ ਚਿਰਾਗ਼ਾਂ ਨੂੰ ਇਹ ਲੋਕੀ ਦਿਨ ਚੜ੍ਹੇ,
ਵੇਖ ਕੇ ਘਿਰਦਾ ਹਨੇਰ੍ਹਾ ਸ਼ਾਮੀਂ ਪੈਂਦੇ ਤਿਲਮਿਲਾ।
-----
ਨਾ ਭੁਲਾ ਦੇਵੀਂ ਤੂੰ ਕਿਧਰੇ ਪਿੰਡ ਦੀਆਂ ਪਗਡੰਡੀਆਂ,
ਕੀ ਪਤੈ, ਜਾਵੇ ਬਦਲ ਕਦ ਸ਼ਹਿਰ ਦੀ ਆਬੋ-ਹਵਾ।
-----
ਖੌਰੇ ਕਿੰਨੀਆਂ ਕੀਮਤਾਂ ਦੇ ਰੂ-ਬ-ਰੂ ਹੋਏ ਨੇ ਉਹ,
ਮੇਲਿਆਂ ਤੋਂ ਆ ਰਹੇ ਨੇ ਲੋਕ ਹੋ ਕੇ ਗ਼ਮਜ਼ਦਾ।
2 comments:
ਦਾਦਰ,ਬੱਲੇ ਬੱਲੇ!
Dadar Sahib,Wah....Rup Daburji
Post a Comment