ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, June 30, 2010

ਗਿਆਨ ਸਿੰਘ ਕੋਟਲੀ - ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ 'ਤੇ ਵਿਸ਼ੇਸ਼ - ਨਜ਼ਮ

ਦੋਸਤੋ! ਕੱਲ੍ਹ ਨੌਰਥ ਡੈਲਟਾ ਦੀ ਜਾਰਜ ਮੈਕੀ ਲਾਇਬ੍ਰੇਰੀ ਵਿਚ ਡੇਢ ਘੰਟੇ ਲਈ ਗਿੱਲ ਮੋਰਾਂਵਾਲ਼ੀ ਸਾਹਿਬ ਅਤੇ ਗਿਆਨ ਸਿੰਘ ਕੋਟਲੀ ਸਾਹਿਬ ਨੇ ਆਪਣੀਆਂ ਕਾਵਿ-ਰਚਨਾਵਾਂ ਨਾਲ਼ ਰੰਗ ਬੰਨ੍ਹਿਆ। ਸਾਡੇ ਵੀਰ ਜੀ ਸਰਵਣ ਸਿੰਘ ਰੰਧਾਵਾ ਅਤੇ ਭੈਣ ਜੀ ਸਰਬਜੀਤ ਕੌਰ ਰੰਧਾਵਾ ਇਹਨਾਂ ਸਾਹਿਤਕ ਸ਼ਾਮਾਂ ਨੂੰ ਲਾਇਬ੍ਰੇਰੀ ਵਿਚ ਆਯੋਜਿਤ ਕਰਨ ਲਈ ਵਧਾਈ ਦੇ ਹੱਕਦਾਰ ਹਨ।

-----

ਕੋਟਲੀ ਸਾਹਿਬ ਨੇ ਆਪਣੀਆਂ ਹੋਰ ਰਚਨਾਵਾਂ ਨਾਲ਼ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖੀ ਇਕ ਨਜ਼ਮ ਪੜ੍ਹੀ, ਜਿਹੜੀ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਤੇ ਮੈਂ ਪ੍ਰੋਗਰਾਮ ਸਮਾਪਤ ਹੋਣ ਤੋਂ ਬਾਅਦ ਉਹਨਾਂ ਨੂੰ ਬੇਨਤੀ ਕੀਤੀ ਕਿ ਉਹ ਆਪਣੀ ਇਹ ਕਵਿਤਾ ਆਰਸੀ ਪਰਿਵਾਰ ਨਾਲ਼ ਜ਼ਰੂਰ ਸਾਂਝੀ ਕਰਨ ਕਿਉਂਕਿ ਇਤਿਹਾਸ ਹਮੇਸ਼ਾ ਹੀ ਮੇਰਾ ਮਨ-ਭਾਉਂਦਾ ਵਿਸ਼ਾ ਰਿਹਾ ਹੈ ਤੇ ਕੋਸ਼ਿਸ਼ ਰਹਿੰਦੀ ਹੈ ਕਿ ਕੋਈ ਇਤਿਹਾਸਕ ਪ੍ਰਸੰਗ ਵਾਲ਼ੀ ਲਿਖਤ ਵੀ ਜ਼ਰੂਰ ਸਾਂਝੀ ਕੀਤੀ ਜਾਵੇ। ਉਹਨਾਂ ਨੇ ਮੇਰੀ ਬੇਨਤੀ ਪ੍ਰਵਾਨ ਕਰਦਿਆਂ ਅੱਜ ਇਹ ਨਜ਼ਮ ਆਰਸੀ ਲਈ ਘੱਲੀ ਹੈ, ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਏਨੀ ਖ਼ੂਬਸੂਰਤ ਕਵਿਤਾ ਲਿਖਣ ਤੇ ਆਰਸੀ ਪਰਿਵਾਰ ਵੱਲੋਂ ਕੋਟਲੀ ਸਾਹਿਬ ਨੂੰ ਦਿਲੀ ਮੁਬਾਰਕਬਾਦ। ਇਹ ਨਜ਼ਮ ਉਹਨਾਂ ਦੀ ਕਾਵਿ-ਪੁਸਤਕ- ਨਾਨਕ ਦੁਨੀਆਂ ਕੈਸੀ ਹੋਈਵਿਚ ਸ਼ਾਮਿਲ ਹੈ।

-----

ਅਸੀਂ ਸਭ ਜਾਣਦੇ ਹੀ ਹਾਂ ਕਿ ਅੰਗਰੇਜ਼ਾਂ ਨੇ ਸਾਰੇ ਹਿੰਦੋਸਤਾਨ ਤੇ ਤਕਰੀਬਨ ਸਤਲੁਜ ਦਰਿਆ (ਲੁਧਿਆਣਾ) ਤੱਕ ਕਬਜ਼ਾ ਕਰ ਲਿਆ ਸੀਹੁਣ ਉਹਨਾਂ ਦੀ ਨਜ਼ਰ ਪੰਜਾਬ ਤੇ ਕਬਜ਼ਾ ਕਰਨ ਦੀ ਸੀ ਜਿਥੇ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀਸ਼ੇਰੇ-ਪੰਜਾਬ ਦੀ ਲਲਕਾਰ ਸੀ ਕਿ ਮੈਂ ਫਰੰਗੀ ਨੂੰ ਆਪਣੇ ਜੀਂਦੇ ਜੀਅ ਸਤਲੁਜ ਵੱਲ ਨਹੀਂ ਆਉਣ ਦੇਣਾਏਵੇਂ ਹੀ ਹੋਇਆਪਰ ਸ਼ੇਰੇ-ਪੰਜਾਬ ਦੀ 1839ਵਿਚ ਮੌਤ ਤੋਂ ਬਾਅਦ 1849 ਵਿਚ ਅੰਗਰੇਜ਼ਾਂ ਨੇ ਪੰਜਾਬ ਤੇ ਵੀ ਕਬਜ਼ਾ ਕਰ ਲਿਆ। ਪੇਸ਼ ਹੈ ਕੋਟਲੀ ਸਾਹਿਬ ਦੀਸਤਲੁਜ ਵੱਲ ਤੂੰ ਆ ਨਹੀਂ ਸਕਦਾ ਕਵਿਤਾ ਵਿਚ ਸ਼ੇਰੇ-ਪੰਜਾਬ ਦੀ ਅੰਗਰੇਜ਼ ਨੂੰ ਲਲਕਾਰ:-

ਅਦਬ ਸਹਿਤ

ਤਨਦੀਪ ਤਮੰਨਾ

*****

ਮਹਾਰਾਜਾ ਰਣਜੀਤ ਸਿੰਘ ਦੀ ਫਰੰਗੀ ਨੂੰ ਲਲਕਾਰ

(ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ 'ਤੇ ਵਿਸ਼ੇਸ਼)

ਨਜ਼ਮ

ਕਹਿਰੀ ਨਜ਼ਰਾਂ ਰੱਖਣ ਵਾਲੇ, ਮੇਰੇ ਦਿਲ ਪੰਜਾਬ ਦੇ ਉਤੇ

ਖ਼ੂਨ ਜਿਗਰ ਦਾ ਪਾ ਕੇ ਸਿੰਜੇ, ਮੇਰੇ ਫੁੱਲ ਗੁਲਾਬ ਦੇ ਉਤੇ

ਖ਼ੂਨ ਸ਼ਹੀਦਾਂ ਨਾਲ ਉਲੀਕੇ, ਤਾਰੀਖ ਮੇਰੀ ਦੇ ਬਾਬ ਦੇ ਉਤੇ

ਸਦੀਆਂ ਪਿਛੋਂ ਪੂਰੇ ਹੋਏ , ਕੌਮ ਮੇਰੀ ਦੇ ਖ਼ਾਬ ਦੇ ਉਤੇ

ਸੂਰਮਿਆਂ ਦੀ ਧਰਤੀ ਉਤੇ, ਪੈਰ ਕਦੇ ਤੂੰ ਪਾ ਨਹੀਂ ਸਕਦਾ

ਸ਼ੇਰ ਬੱਬਰ ਦੇ ਜੀਂਦੇ ਜੀ ਤਾਂ, ਸਤਲੁਜ ਵੱਲ ਤੂੰ ਆ ਨਹੀਂ ਸਕਦਾ

-----

ਫੂਕੇ ਨੇ ਮੈਂ ਕੌਮੀ ਜ਼ਜਬੇ , ਆਪਣੇ ਸਿਪਾਹਸਾਲਾਰਾਂ ਅੰਦਰ

ਫੂਕੀ ਏ ਮੈਂ ਅਣਖ ਚੰਗਿਆੜੀ, ਆਪਣੇ ਸ਼ਾਹਸਵਾਰਾਂ ਅੰਦਰ

ਫੂਕੀ ਏ ਕੋਈ ਸ਼ਾਨ ਸ਼ਹੀਦੀ, ਕੌਮੀ ਅਣਖੀ ਵਾਰਾਂ ਅੰਦਰ

ਫੂਕੀ ਏ ਮੈਂ ਕਹਿਣੀ ਕਰਨੀ, ਸਭਨਾਂ ਸਿੰਘ ਸਰਦਾਰਾਂ ਅੰਦਰ

ਦੇਸ਼ ਕੌਮ ਦੇ ਥੰਮ੍ਹਾਂ ਨੂੰ ਹੁਣ , ਝੱਖੜ ਕੋਈ ਹਿਲਾ ਨਹੀਂ ਸਕਦਾ

ਮੇਰੇ ਅਣਖੀ ਸ਼ੇਰਾਂ ਹੁੰਦਿਆਂ, ਸਤਲੁਜ ਵੱਲ ਤੂੰ ਆ ਨਹੀਂ ਸਕਦਾ

-----

ਅਰਸ਼ ਫਰਸ਼ ਨੇ ਜਾਂਦੇ ਸਦਕੇ, ਦੇਸ਼ ਮੇਰੇ ਦੀਆਂ ਸ਼ਾਨਾਂ ਉਤੇ

ਆਪਾਵਾਰੀ ਝੂਮਦੀ ਦਿਸਦੀ, ਇਹਦੀਆਂ ਆਨਾਂ ਬਾਨਾਂ ਉਤੇ

ਝੂਮਦੀ ਏ ਬੇਖ਼ੌਫ਼ ਜੁਆਨੀ, ਇਸ ਦੇ ਵੀਰ ਜੁਆਨਾਂ ਉੱਤੇ

ਹੱਸ ਕੇ ਖੇਡਣ ਇਸਦੇ ਸੂਰੇ, ਆਪਣੇ ਸਿਦਕ ਈਮਾਨਾਂ ਉੱਤੇ

ਇਹਦੀ ਸ਼ਾਨ ਦਾ ਅਰਸ਼ੀਂ ਝੁੱਲਦਾ, ਝੰਡਾ ਕੋਈ ਨਿਵਾ ਨਹੀਂ ਸਕਦਾ

ਜਦ ਤਕ ਮੇਰੀ ਜਾਨ ਏ ਬਾਕੀ, ਸਤਲੁਜ ਵੱਲ ਤੂੰ ਆ ਨਹੀਂ ਸਕਦਾ

-----

ਦੇਸ਼ ਮੇਰੇ ਦੀ ਸ਼ਾਨ ਦੇ ਕਿੱਸੇ, ਨਲੂਏ ਜਹੇ ਬਲਵਾਨ ਦੇ ਦੱਸਦੇ

ਕਾਬਲ ਤੇ ਕੰਧਾਰ ਦੇ ਉੱਤੇ , ਝੁੱਲਦੇ ਹੋਏ ਨਿਸ਼ਾਨ ਨੇ ਦੱਸਦੇ

ਕੌਮੀ ਜੋਸ਼ ਦੀ ਚੜਤਲ ਅੱਗੇ, ਅਟਕੇ ਅਟਕ ਤੂਫ਼ਾਨ ਨੇ ਦੱਸਦੇ

ਨਾਲ ਖ਼ੂਨ ਦੇ ਰੰਗੇ ਥਾਂ ਥਾਂ , ਯੁੱਧਾਂ ਦੇ ਮੈਦਾਨ ਨੇ ਦੱਸਦੇ

ਮੇਰੇ ਦਿਲ ਦੀ ਸੁੰਦਰ ਨਗਰੀ, ਜਾਬਰ ਹੁਣ ਕੋਈ ਢਾ ਨਹੀਂ ਸਕਦਾ

ਜਦ ਤਕ ਸੂਰੇ ਸ਼ੇਰ ਨੇ ਬਾਕੀ, ਸਤਲੁਜ ਵੱਲ ਤੂੰ ਆ ਨਹੀਂ ਸਕਦਾ

-----

ਮੇਰੇ ਪਾਸ ਨੇ ਨਲੂਏਸੂਰੇ, ਮੌਤ ਨੂੰ ਠੱਠੇ ਕਰਨੇ ਵਾਲੇ

ਰੱਖ ਕੇ ਆਣ ਚੰਗਾੜੀ ਸੀਨੇ, ਸੀਸ ਤਲੀ ਤੇ ਧਰਨੇ ਵਾਲੇ

ਝੱਖੜਾਂ ਦੇ ਗਲ਼ ਪਾ ਕੇ ਬਾਹਵਾਂ, ਮੌਤ ਝਨਾਵਾਂ ਤਰਨੇ ਵਾਲੇ

ਦੇਸ਼ ਕੌਮ ਦੀ ਸ਼ਮ੍ਹਾਂ ਦੇ ਉੱਤੋਂ, ਵਾਂਗ ਪਤੰਗੇ ਮਰਨੇ ਵਾਲੇ

ਉਠਿਆ ਜੋਸ਼ ਤੂਫ਼ਾਨ ਇਨ੍ਹਾਂ ਦਾ, ਪਰਬਤ ਵੀ ਅਟਕਾ ਨਹੀਂ ਸਕਦਾ

ਸੀਨਾ ਭੀ ਤਾਂ ਚੀਰ ਇਹਨਾਂ ਦਾ, ਸਤਲੁਜ ਵੱਲ ਤੂੰ ਆ ਨਹੀਂ ਸਕਦਾ

-----

ਮਾਣ ਦੇ ਅਰਸ਼ਾਂ ਤੋਂ ਇਹ ਦੂਲੇ, ਫ਼ਰਸ਼ਾਂ ਉੱਤੇ ਲਹਿ ਨਹੀਂ ਸਕਦੇ

ਆਪਣੀ ਪਾਵਨ ਧਰਤੀ ਉਤੇ, ਪੈਰ ਕਿਸੇ ਦੇ ਸਹਿ ਨਹੀਂ ਸਕਦੇ

ਤੱਕ ਕੇ ਸੱਟ ਅਣਖ ਨੂੰ ਵੱਜਦੀ, ਬੁਜ਼ਦਿਲ ਬਣ ਕੇ ਬਹਿ ਨਹੀਂ ਸਕਦੇ

ਗ਼ੈਰਾਂ ਅੱਗੇ ਸ਼ੇਰ ਬੱਬਰ ਇਹ, ਬਿੱਲੀਆਂ ਬਣ ਕੇ ਬਹਿ ਨਹੀਂ ਸਕਦੇ

ਗਿੱਠ ਗਿੱਠ ਮੇਰੀਆਂ ਮੁੱਛਾਂ ਤਾਈਂ, ਨਾਢੂ ਕੋਈ ਨਿਵਾ ਨਹੀਂ ਸਕਦਾ

ਜਦ ਤਕ ਮੇਰੀ ਜਾਨ ਏ ਬਾਕੀ, ਸਤਲੁਜ ਵੱਲ ਤੂੰ ਆ ਨਹੀਂ ਸਕਦਾ

1 comment:

Unknown said...

bahut khoob ਮਾਣ ਦੇ ਅਰਸ਼ਾਂ ਤੋਂ ਇਹ ਦੂਲੇ, ਫ਼ਰਸ਼ਾਂ ਉੱਤੇ ਲਹਿ ਨਹੀਂ ਸਕਦੇ ।

ਆਪਣੀ ਪਾਵਨ ਧਰਤੀ ਉਤੇ, ਪੈਰ ਕਿਸੇ ਦੇ ਸਹਿ ਨਹੀਂ ਸਕਦੇ ।

ਤੱਕ ਕੇ ਸੱਟ ਅਣਖ ਨੂੰ ਵੱਜਦੀ, ਬੁਜ਼ਦਿਲ ਬਣ ਕੇ ਬਹਿ ਨਹੀਂ ਸਕਦੇ ।

ਗ਼ੈਰਾਂ ਅੱਗੇ ਸ਼ੇਰ ਬੱਬਰ ਇਹ, ਬਿੱਲੀਆਂ ਬਣ ਕੇ ਬਹਿ ਨਹੀਂ ਸਕਦੇ ।

ਗਿੱਠ ਗਿੱਠ ਮੇਰੀਆਂ ਮੁੱਛਾਂ ਤਾਈਂ, ਨਾਢੂ ਕੋਈ ਨਿਵਾ ਨਹੀਂ ਸਕਦਾ ।

ਜਦ ਤਕ ਮੇਰੀ ਜਾਨ ਏ ਬਾਕੀ, ਸਤਲੁਜ ਵੱਲ ਤੂੰ ਆ ਨਹੀਂ ਸਕਦਾ ।