ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, June 8, 2010

ਸੱਜਣ ਸਿੰਘ ਸੱਜਣ - ਗ਼ਜ਼ਲ

ਸਾਹਿਤਕ ਨਾਮ: ਸੱਜਣ ਸਿੰਘ ਸੱਜਣ

ਅਜੋਕਾ ਨਿਵਾਸ: ਮੇਘੋਵਾਲ ਦੁਆਬਾ, ਜ਼ਿਲ੍ਹਾ : ਹੁਸ਼ਿਆਰਪੁਰ

ਪ੍ਰਕਾਸ਼ਿਤ ਕਿਤਾਬਾਂ: ਰਚਨਾਵਾਂ ਅਜੇ ਕਿਤਾਬੀ ਰੂਪ ਵਿਚ ਪ੍ਰਕਾਸ਼ਿਤ ਨਹੀਂ ਹੋਈਆਂ।

******

ਦੋਸਤੋ! ਹੁਸ਼ਿਆਰਪੁਰ ਵਸਦੇ ਗ਼ਜ਼ਲਗੋ ਇਕਵਿੰਦਰ ਜੀ ਨੇ ਸੱਜਣ ਸਿੰਘ ਸੱਜਣਜੀ ਦੀ ਇਕ ਗ਼ਜ਼ਲ ਭੇਜ ਕੇ ਉਹਨਾਂ ਦੀ ਆਰਸੀ ਪਰਿਵਾਰ ਨਾਲ਼ ਪਹਿਲੀ ਸਾਹਿਤਕ ਸਾਂਝ ਪਵਾਈ ਹੈ। ਮੈਂ ਇਕਵਿੰਦਰ ਜੀ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ। ਸੱਜਣ ਸਾਹਿਬ ਨੂੰ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦਿਆਂ, ਇਸ ਗ਼ਜ਼ਲ ਨੂੰ ਅੱਜ ਦੀ ਪੋਸਟ ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

*****

ਗ਼ਜ਼ਲ

ਜ਼ਿੰਦਗੀ ਦਾ ਅਸੂਲ ਹੁੰਦਾ ਹੈ

ਬੇ-ਅਸੂਲਾ ਫ਼ਜ਼ੂਲ ਹੁੰਦਾ ਹੈ

-----

ਮੁੱਲ ਮੁਹੱਬਤ ਦਾ ਕਈ ਵਾਰੀ,

ਥਲ ਚ ਸੜ ਕੇ ਵਸੂਲ ਹੁੰਦਾ ਹੈ

-----

ਇਸ਼ਕ ਹੋਵੇ ਜੇ ਆਸ਼ਕਾਂ ਵਾਂਗਰ,

ਪਲ-ਛਿਣਾਂ ਵਿਚ ਕਬੂਲ ਹੁੰਦਾ ਹੈ

-----

ਖੇਤ ਚਿੜੀਆਂ ਦੇ ਚੁਗਣ ਤੋਂ ਮਗਰੋਂ,

ਪੱਛੋਤਾਣਾ ਫ਼ਜ਼ੂਲ ਹੁੰਦਾ ਹੈ

-----

ਕਰਨੀ ਇੱਜ਼ਤ ਖ਼ੁਦ ਤੋਂ ਵੱਡਿਆਂ ਦੀ ,

ਦਾਨਿਆਂ ਦਾ ਅਸੂਲ ਹੁੰਦਾ ਹੈ

-----

ਤਾਂਘ ਹੋਵੇ ਜੇ ਇਕ ਹੀ ਪਾਸੇ,

ਇਸ਼ਕ ਐਸਾ ਫ਼ਜ਼ੂਲ ਹੁੰਦਾ ਹੈ

-----

ਜਿੱਥੇ ਸਿੱਖਦੇ ਨੇ ਇਸ਼ਕ, ਆਸ਼ਕ

ਹਰ ਗਲ਼ੀ ਵਿਚ ਸਕੂਲ ਹੁੰਦਾ ਹੈ

-----

ਜਿਸ ਦਾ ਕੋਈ ਅਸੂਲ ਨਾ ਹੋਵੇ,

ਉਹ ਤਾਂ ਬੰਦਾ ਫ਼ਜ਼ੂਲ ਹੁੰਦਾ ਹੈ

-----

ਮੰਨੇ ਸੱਜਣ ਨੂੰ ਹੀ ਰੱਬ ਸੱਜਣ’,

ਕਾਹਤੋਂ ਲੋਕਾਂ ਦੇ ਸੂਲ਼ ਹੁੰਦਾ ਹੈ ?

No comments: