ਅਦਬ ਸਹਿਤ
ਤਨਦੀਪ ਤਮੰਨਾ
******
ਗ਼ਜ਼ਲ
ਨਾ ਝੱਖੜ, ਨਾ ਬਾਰਿਸ਼ ਕਿਧਰੇ, ਪੰਛੀ ਬੇਪਰ ਹੋ ਗਏ।
ਨਾ ਜੰਗਾਂ, ਨਾ ਸੰਨ ਸੰਤਾਲ਼ੀ, ਬੰਦੇ ਬੇ-ਘਰ ਹੋ ਗਏ।
-----
ਨਾ ਪੱਤਝੜ ਨੇ ਫੇਰਾ ਪਾਇਆ, ਨਾ ਆਫ਼ਤ ਅਸਮਾਨੀਂ,
ਹਸਦੇ ਹਸਦੇ ਗੁਲਸ਼ਨ ਦੇ, ਫਿਰ ਕਿਉਂ ਪੱਥਰ ਹੋ ਗਏ।
-----
ਸਾਰੇ ਧਰਮ ਬਰਾਬਰ ਹੁੰਦੇ, ਪੁੱਤਰ ਇੱਕੋ ਰੱਬ ਦੇ,
ਫਿਰ ਕਿਉਂ ਨਫ਼ਰਤ ਦੇ ਹੀ ਏਥੇ, ਗੂਹੜੇ ਅੱਖਰ ਹੋ ਗਏ।
-----
ਪਰਜਾਤੰਤਰ ਸਿਸਟਮ ਕੈਸਾ, ਹਰ ਥਾਂ ਹੇਰਾ ਫੇਰੀ,
ਅਪਰਾਧੀ ਚੋਟੀ ਦੇ ਰਾਤੋ-ਰਾਤ ਮਨਿਸਟਰ ਹੋ ਗਏ।
-----
‘ਮਾਂਗਟ’ ਫਿਰ ਵੀ ਤੁਰਿਆ ਜਾਵੇ, ਇਕ ਦਿਨ ਮੰਜ਼ਿਲ ਪਾਉਣੀ,
ਨੇਕੀ, ਮਿਹਨਤ, ਸੱਚ ਨੇ ਭਾਵੇਂ, ਰਾਹ ਦੇ ਕੰਕਰ ਹੋ ਗਏ।
=====
ਗ਼ਜ਼ਲ
ਜ਼ਿੰਦਗੀ ਵਿਚ ਕੁਝ ਨਾ ਕੁਝ ਤਾਂ ਸੁਲ਼ਗਦਾ ਵੀ ਰੱਖ ਤੂੰ।
ਆਪਣੇ ਦਿਲ ਦਾ ਸਮੁੰਦਰ ਉਛਲ਼ਦਾ ਵੀ ਰੱਖ ਤੂੰ।
-----
ਅੱਖ ਤੇਰੀ ਵਿਚ ਸਮੋਇਆ, ਮੇਘਲ਼ਾ ਮੰਨਾਂ ਕਿਵੇਂ?
ਇਕ ਸੁਰਾਹੀ ਵਾਂਗ ਅੱਖ ਨੂੰ, ਛਲਕਦਾ ਵੀ ਰੱਖ ਤੂੰ।
-----
ਨ੍ਹੇਰਿਆਂ ‘ਚੋਂ ਹੋਏਗਾ, ਇਕ ਦਿਨ ਪਸਾਰਾ ਨੂਰ ਦਾ,
ਆਪਣੇ ਮੱਥੇ ਦਾ ਸੂਰਜ ਡਲ੍ਹਕਦਾ ਵੀ ਰੱਖ ਤੂੰ।
-----
ਠੀਕ ਹੈ ਜੇ ਗ਼ਮਾਂ ‘ਚ ਉਸ ਦੇ ਜ਼ਿੰਦਗੀ ਡੁੱਬੀ ਏ ਅੱਜ,
ਪਰ ਜ਼ਰਾ ਗ਼ਮ ਦਿਲ ‘ਚ ਆਪਣੇ ‘ਖਲਕ’ ਦਾ ਵੀ ਰੱਖ ਤੂੰ।
-----
ਹਾਰਦੇ ਨਾ ਹਿੰਮਤੀ ਜੋ ਜ਼ਿੰਦਗੀ ਵਿਚ ‘ਮਾਂਗਟਾ’!
ਦਿਲ ‘ਚ ਆਪਣੇ ਲਕਸ਼ ਉੱਚਾ ‘ਫਲਕ’ ਤੋਂ ਵੀ ਰੱਖ ਤੂੰ।
No comments:
Post a Comment