ਮਖ਼ਮਲੀ ਪੈਰਾਂ ‘ਚ ਫੁੱਲਾਂ ਪਹਿਨੀਆਂ ਜਦ ਝਾਂਜਰਾਂ।
ਨੱਚ ਉੱਠੇ ਪੌਣ ਬੁੱਲੇ ਛਣਕੀਆਂ ਜਦ ਝਾਂਜਰਾਂ।
-----
ਫੁੱਲ ਵੀ ਰੋਂਦੇ ਮੈਂ ਦੇਖੇ ਮਹਿਕ ਦੇਖੀ ਸਿਸਕਦੀ,
ਤਿਤਲੀਆਂ ਮਾਯੂਸ ਹੋਈਆਂ ਸਿਸਕੀਆਂ ਜਦ ਝਾਂਜਰਾਂ।
-----
-----
ਸੋਚਦਾ ਹਾਂ ਮੈਂ ਕਿ ਸ਼ਾਇਦ ਰੋ ਰਿਹਾ ਹੁੰਦਾ ਖ਼ੁਦਾ,
ਬੇ-ਵਜ੍ਹਾ, ਬੇ-ਵਕ਼ਤ ਦਿਸੀਆਂ ਮਰਦੀਆਂ ਜਦ ਝਾਂਜਰਾਂ।
-----
ਸੱਤਰੰਗੀ ਪੀਂਘ ਨੂੰ ਵੀ ਸੋਚਣਾ ਪੈਣਾ ਉਦੋਂ,
ਖ਼ੂਬਸੂਰਤ ਬਣ ਸੰਵਰ ਕੇ ਨਿਕਲ਼ੀਆਂ ਜਦ ਝਾਂਜਰਾਂ।
-----
ਰਾਤ ਦਾ ਹਰ ਪਲ ਨਸ਼ੇ ਵਿਚ ਝੂਮਦਾ ਮੈਂ ਦੇਖਿਆ,
ਭਰ ਜਵਾਨੀ ਦੇ ਨਸ਼ੇ ਵਿਚ ਝੂਮੀਆਂ ਜਦ ਝਾਂਜਰਾਂ।
-----
ਪਤਝੜਾਂ ਵਿਚ ਵੀ ਬਹਾਰਾਂ ਦਾ ਨਜ਼ਾਰਾ ਆ ਗਿਆ,
ਸੋਗ ਦੇ ਮੌਸਮ ‘ਚ ਵੀ ਸਨ ਮਹਿਕੀਆਂ ਜਦ ਝਾਂਜਰਾਂ।
-----
ਲਗ ਰਿਹਾ ਸੀ ਅੰਬਰੋਂ ਆਈਆਂ ਨੇ ਤੇਰੇ ਸ਼ਹਿਰ ਵਿਚ,
‘ਪਾਲ’ ਪਰੀਆਂ ਵਾਂਗ ਸਜੀਆਂ ਦੇਖੀਆਂ ਜਦ ਝਾਂਜਰਾਂ।
No comments:
Post a Comment