ਗੀਤ
ਵਾਸਤਾ ਈ ਸਾਡਾ, ਸਾਡੇ ਦਿਲਾਂ ਦਿਆ ਮਹਿਰਮਾ ਵੇ
ਫੁੱਲੀਆਂ ਕਨੇਰਾਂ ਘਰ ਆ।
ਅਸੀਂ ਪਛਤਾਏ ਤੈਨੂੰ ਕਰਕੇ ਨਰਾਜ਼ ਬੀਬਾ
ਹਾੜਾ ਸਾਡੀ ਬਖ਼ਸ਼ ਖ਼ਤਾ....
ਵਾਸਤਾ ਈ ਸਾਡਾ, ਸਾਡੇ ਦਿਲਾਂ ਦਿਆ....
-----
ਗ਼ਮ ਤੇਰਾ ਸਾਡੇ ਤੋਂ ਵਰਾਇਆ ਨਹੀਓਂ ਜਾਂਦਾ ਚੰਨਾ
ਆਪ ਆ ਕੇ ਏਸ ਨੂੰ ਵਰਾ।
ਪੀੜ ਤੇਰੀ ਝੱਲੀ, ਝੱਲੀ ਜਾਂਦੀ ਨਹੀਓਂ ਸਾਡੇ ਕੋਲ਼ੋਂ
ਆ ਕੇ ਫੰਬਾ ਚੁੰਮਣਾਂ ਦਾ ਲਾ...
ਵਾਸਤਾ ਈ ਸਾਡਾ, ਸਾਡੇ ਦਿਲਾਂ ਦਿਆ....
-----
‘ਪੀੜਾਂ ਦਾ ਪਰਾਗਾ’ ਤੇਰਾ, ਰੁੜ੍ਹ ਚੁੱਕੈ ਸੋਹਣਿਆ ਵੇ
ਆਹ ਲੈ ਝੋਲ਼ੀ ਆਪਣੀ ਪੁਆ।
‘ਆਟੇ ਦੀਆਂ ਚਿੜੀਆਂ’ ਨੇ ਪਾਉਂਦੀਆਂ ਦੁਹਾਈ ਬੀਬਾ
‘ਸਾਨੂੰ ਚਿੜੀ-ਮਾਰਾਂ ਤੋਂ ਬਚਾ’....
ਵਾਸਤਾ ਈ ਸਾਡਾ, ਸਾਡੇ ਦਿਲਾਂ ਦਿਆ....
-----
ਛੱਜ ਵਿਚ ਪਾ ਕੇ ਛੱਟੀ ‘ਲਾਜਵੰਤੀ’ ਨਿੰਦਕਾਂ ਨੇ
ਲਾਹ ਕੇ ਲੱਜ, ਵੇਚ ਕੇ ਹਯਾ।
ਡੁੱਸ-ਡੁੱਸ ਰੋਵੇ ਤੇਰੀ ‘ਲੂਣਾ’ ਫੇਰ ਪੂਰਨਾ ਵੇ
ਅੰਗ ਇਹਦੇ ਅੰਗਾਂ ਨੂੰ ਛੁਹਾ....
ਵਾਸਤਾ ਈ ਸਾਡਾ, ਸਾਡੇ ਦਿਲਾਂ ਦਿਆ....
-----
ਗ਼ਮ ਤੇਰਾ ਭੰਡਿਆ ਸੀ ਜਿਹਨਾਂ ਤੇਰੇ ਦੋਖੀਆਂ ਨੇ
ਕਹਿਕੇ ਢੌਂਗ ਰਚ ਹੈ ਰਿਹਾ।
ਉਹਨਾਂ ਨੇ ਵੀ ਪਿੱਟ-ਪਿੱਟ ਲਾਲ ਕੀਤੀ ਹਿੱਕ ਚੰਨਾ
ਗ਼ਮ ਤੇਰਾ ਜਾਵੇ ਨਾ ਸਿਹਾ....
ਵਾਸਤਾ ਈ ਸਾਡਾ, ਸਾਡੇ ਦਿਲਾਂ ਦਿਆ....
-----
ਉਹਨਾਂ ਸ਼ਰਧਾਂਜਲੀਆਂ ਮਰਸੀਏ ਲਿਖ ਲਿਖ
ਚਿੱਠਿਆਂ ‘ਚ ਦਿੱਤੇ ਨੇ ਛਪਾ।
ਨਾਮ ਤੇਰਾ ਲੈ ਕੇ, ਉੱਚੀ ਧਾਹ ਮਾਰ ਸੋਚਦੇ ਨੇ
‘ਕੱਦ ਸਾਡਾ ਉੱਚਾ ਹੋ ਗਿਆ’....
ਵਾਸਤਾ ਈ ਸਾਡਾ, ਸਾਡੇ ਦਿਲਾਂ ਦਿਆ....
-----
ਵੇਖ ਕੇ ਬੁਲੰਦੀ ਤੇਰੀ, ਲੱਥਦੀ ਸੀ ਪੱਗ, ਕਈਆਂ
ਵੇਖੋ-ਵੇਖੀ ਲੱਗ ਲਈ ਲੁਹਾ।
‘ਮੈਂ ਅਤੇ ਮੈਂ’ ਉੱਤੇ ਮੈਂ-ਮੈਂ ਤੂੰ-ਤੂੰ ਕੀਤੀ ਉਹਨਾਂ
ਜਿਨ੍ਹਾਂ ਲੱਗੀ ਕਾਲਜੇ ਨੂੰ ਭਾਅ...
ਵਾਸਤਾ ਈ ਸਾਡਾ, ਸਾਡੇ ਦਿਲਾਂ ਦਿਆ....
-----
ਨਾਨਕ ਫ਼ਕੀਰ ਵੀ ਆਖਿਆ ‘ਕੁਰਾਹੀਆ’ ਜਿਹਨਾਂ
ਬੀਬਾ! ਕਾਹਦਾ ਉਹਨਾਂ ‘ਤੇ ਗਿਲਾ?
ਕਲਾ ਦੇ ਪੁਜਾਰੀਆਂ ਨੇ ਜੰਮਦੀ ਕ਼ਲਮ ਤੇਰੀ
ਚੁੰਮ ਲਈ ਸੀ ਅੱਖਾਂ ਨੂੰ ਛੁਹਾ...
ਵਾਸਤਾ ਈ ਸਾਡਾ, ਸਾਡੇ ਦਿਲਾਂ ਦਿਆ....
-----
ਸਾਂਭ ਆ ਕੇ ਹੰਝੂਆਂ ‘ਚ ਡੁੱਬੀ ਹੋਈ ਲੇਖਣੀ ਨੂੰ
ਲੈਂਦੀ ਭੈੜੀ ਉੱਚੇ ਉੱਚੇ ਸਾਹ।
ਰੁੱਖੇ-ਰੁੱਖੇ ਅੱਖਰਾਂ ‘ਚ ਕਾਨੀਆਂ ਦੀ ਜੀਭ ਸੁੱਕੀ
ਇਕ ਛਿੱਟ ਚਾਨਣੀ ਪਿਲ਼ਾ...
ਵਾਸਤਾ ਈ ਸਾਡਾ, ਸਾਡੇ ਦਿਲਾਂ ਦਿਆ....
1 comment:
wah! kia baat hai.
Post a Comment