ਨਜ਼ਮ
ਉਸਨੇ
ਸਾਰੇ ਹਨੇਰੇ ਉਤਾਰ ਕੇ
ਚਾਨਣੀ ਦੀ ਲੱਜ ‘ਤੇ ਲਟਕਾ ਦਿੱਤੇ
ਤੇ ਮਿੰਨ੍ਹਾ-ਮਿੰਨ੍ਹਾ ਫ਼ਰਿਆਦੀ ਮੁਸਕਰਾਈ
ਕਿ ਮੈਨੂੰ
ਕੱਜਣ ਦੇ
............
ਲੋਹੜੇ ਦਾ ਚਾਨਣ ਤੱਕ
ਮੇਰੀਆਂ ਅੱਖਾਂ ਮਿਚ ਗਈਆਂ
ਸੋ ਮੈਂ
ਆਪਣਾ ਸਾਰਾ ਬਦਨ
ਉਸਦੇ ਨਗਨ ਸਰੀਰ ‘ਤੇ ਵਿਛਾ ਦਿੱਤਾ
ਤਲਖ਼ੀਆਂ ਉਸਦੇ ਚਿਹਰੇ ‘ਤੇ ਉਭਰ ਆਈਆਂ
..........
ਉਹ ਤਿਲਮਿਲਾਈ:
ਇੰਝ ਤਾਂ ਹੋਰ ਵੀ ਨਗਨ ਹੋ ਗਈ ਹਾਂ
ਮੈਂ ਤਾਂ ਆਤਮਾ ਦਾ ਕੱਜਣ ਮੰਗਿਆ ਸੀ
ਸ਼ਰਮਿੰਦਗੀ ਦੀਆਂ ਕੁਝ ਬੂੰਦਾਂ
ਮੇਰੀ ਸੋਚ ‘ਚ ਤੈਰ ਪਈਆਂ
...........
ਮੈਂ
ਆਪਣੀ ਉਮਰ ਜਿੱਡੀ ਨਜ਼ਮ
ਉਸਨੂੰ ਓੜ੍ਹਣ ਲਈ ਦਿੱਤੀ
.............
ਹੁਣ ਉਹ ਖ਼ਾਮੋਸ਼ ਸੀ
ਕਿਸੇ ਵੀ ਸਾਗਰ ਦੀ ਗਹਿਰਾਈ ਤੋਂ ਵੱਧ ਖ਼ਾਮੋਸ਼
ਉਸ ਦੀਆਂ ਅੱਖਾਂ ਵਿਚ ਦੋ ਨਦੀਆਂ ਰਵਾਨਾ ਸਨ
..........
ਉਸਦੇ ਬੋਲ ਥਿਰਕੇ:
ਲਫ਼ਜ਼ ਆਤਮਾ ਦਾ ਕੱਜਣ ਨਹੀਂ ਹੁੰਦੇ
ਆਤਮਾ ਦਾ ਕੱਜਣ ਆਤਮਾ ਹੁੰਦੀ ਹੈ
...............
ਨਾਰੀ ਨਹੀਂ ਜਾਣਦੀ
ਸ਼ਾਇਰ ਕੋਲ਼ ਜਿਸਮ ਹੁੰਦਾ ਹੈ
ਜਾਂ ਲਫ਼ਜ਼!
ਆਤਮਾ ਤਾਂ ਦਰਵੇਸ਼ ਕੋਲ਼ ਹੁੰਦੀ ਹੈ
ਤੇ ਮੈਂ
ਦਰਵੇਸ਼ ਨਹੀਂ!!
No comments:
Post a Comment