ਨਜ਼ਮ
ਧਰਤੀ ਨੇ ਕਿਹਾ:
ਵੇਖੀਂ! ਕਿਤੇ ਮੈਨੂੰ ਛੋਹੀਂ ਨਾ, ਆਕਾਸ਼!
ਮੈਂ ਬਹੁਤ ਜਲਦ ਬੀਜ ਪਕੜ ਲੈਂਦੀ ਹਾਂ
...........
ਤੇ ਇਕ ਤੂੰ ਏਂ ਸ਼ੈਤਾਨ,
ਤੇ ਤੇਰੇ ਗੂੜ੍ਹੇ ਨੀਲੇ ਕਾਲ਼ੇ ਬੱਦਲ਼
ਜੋ ਹਰ ਵੇਲ਼ੇ
ਮੇਰੀਆਂ ਨੰਗੀਆਂ ਨੀਲੀਆਂ ਪਹਾੜੀਆਂ ਨੂੰ
ਚੁੰਮਦੇ ਰਹਿੰਦੇ ਨੇ।
...........
ਆਕਾਸ਼ ਨੇ ਕਿਹਾ:
ਨਹੀਂ, ਉਸ ਨੇ ਕੁਝ ਨਾ ਕਿਹਾ
ਭਲਾ ਉਸਦੇ ਮੂੰਹ ਵਿਚ ਜ਼ੁਬਾਨ ਕਿੱਥੇ?
ਉਸਨੇ ਇਕ ਲੰਮਾ ਹੌਕਾ ਭਰਿਆ
ਜਿਵੇਂ ਕਿਹਾ ਹੋਵੇ...
ਮੈਨੂੰ ਪਤੈ ਕੁੱਖ ਕੀ ਹੁੰਦੀ ਹੈ!
..........
ਹਾਂ! ਜੇ ਮੇਰੇ ਨੰਗੇ ਨੀਲੇ ਕਾਲ਼ੇ ਬੱਦਲ਼
ਤੇਰੀਆਂ ਕੁਆਰੀਆਂ ਟੀਸੀਆਂ ਨਾਲ਼ ਟਕਰਾਉਂਦੇ ਹਨ
ਤੇ ਫਿਰ ਛਮ-ਛਮ ਰੋਂਦੇ ਹਨ
ਤਾਂ ਮੈਨੂੰ ਬਹੁਤ ਚੰਗਾ ਲਗਦਾ ਹੈ
ਚੁੱਪ ਚਾਪ – ਛਮ ਛਮ – ਰੋਣਾ
ਪਰ ਮੂੰਹੋਂ ਕੁਝ ਨਾ ਕਹਿਣਾ
ਸੱਚ! ਮੈਨੂੰ ਬਹੁਤ ਚੰਗਾ ਲਗਦਾ ਏ।
...............
ਕਹਿਣ ਨੂੰ ਤਾਂ ਆਕਾਸ਼ ਇਹ ਵੀ ਕਹਿ ਸਕਦਾ ਸੀ
ਧਰਤੀਏ! ਝੂਠੀਏ ਜਹਾਨ ਦੀਏ!
ਤੂੰ ਤਾਂ ਪਹਿਲਾਂ ਹੀ ਮੇਰਾ ਚੰਨ
ਆਪਣੇ ਗਹਿਰੇ ਨੀਲੇ ਸਮੁੰਦਰ ਵਿਚ
ਕ਼ੈਦ ਕਰ ਰੱਖਿਆ ਏ
ਪਰ ਉਸਨੇ ਕੁਝ ਨਾ ਕਿਹਾ
ਉਸਦੇ ਮੂੰਹ ਵਿਚ ਜ਼ੁਬਾਨ ਕਿੱਥੇ?
No comments:
Post a Comment