ਕੰਢਿਆਂ ਵਿਚਕਾਰ ਹੈ ਬਿੱਖਰੀ ਹੋਈ।
ਧੁੱਪ ਵਾਂਗੂ ਇਕ ਨਦੀ ਨਿੱਖਰੀ ਹੋਈ।
-----
ਸਾਂਭ ਲੈ ਤੇ ਮਾਣ ਲੈ ਪਲ ਅੱਜ ਦੇ,
ਫਿਰ ਨਾ ਆਉਣੀ ਇਹ ਘੜੀ ਗੁਜ਼ਰੀ ਹੋਈ।
-----
-----
ਨਿੱਤ ਖ਼ਿਆਲਾਂ ਵਿਚ ਭਰਾਂ ਰੰਗਾਂ ਨੂੰ ਮੈਂ,
ਮਨ ‘ਚ ਇਕ ਤਸਵੀਰ ਹੈ ਚਿੱਤਰੀ ਹੋਈ।
-----
ਜਾਪਦਾ ਮਿਲਣਾ ਹੈ ਹੁਣ ਮੁਸ਼ਕਿਲ ਜਿਹਾ,
ਧੁੰਦ ਗਹਿਰੀ ਸ਼ੱਕ ਦੀ ਪੱਸਰੀ ਹੋਈ।
-----
ਛਟਪਟਾਏ ਬਣਨ ਲਈ ਕਵਿਤਾ ਜਿਹੀ,
ਇਕ ਇਬਾਰਤ ਜ਼ਿਹਨ ‘ਤੇ ਉੱਕਰੀ ਹੋਈ।
-----
ਅਕਸ ਮੇਰਾ ਹੀ ਨਹੀਂ ਦਿੱਸਦਾ ਮਗਰ,
ਝੀਲ ਤਾਂ ਧੁਰ ਤੀਕ ਹੈ ਨਿੱਤਰੀ ਹੋਈ।
-----
ਫਿਰ ਭਰਾਵਾਂ ਵਾਂਗ ਕਿੱਦਾਂ ਬੈਠੀਏ?
ਮਨ ਵਿਚਾਲ਼ੇ ਕੰਧ ਜੋ ਉੱਸਰੀ ਹੋਈ।
-----
ਉੱਠ ਸਕੀ ਨਾ ਮੁੜ ਕੇ ਉੱਚੀ ਧਰਤ ਤੋਂ,
ਹੈ ਨਦੀ ਪਰ ਅਰਸ਼ ਤੋਂ ਉੱਤਰੀ ਹੋਈ।
No comments:
Post a Comment