ਵਫ਼ਾਦਾਰੀ ਬਦਲ ਜਾਂਦਾ ਏ ਪਲ ਪਲ, ਦਲ-ਬਦਲ ਵਾਂਗੂੰ।
ਮਹਾਂ-ਨਗਰੀ ਤਿਰਾ ਹਰ ਇਕ ਬਸ਼ਰ, ਲੱਗਦਾ ਏ ਛਲ ਵਾਂਗੂੰ।
-----
-----
ਤੂੰ ਚਿੱਕੜ ਵਿਚ ਘਿਰਿਐਂ, ਇਹ ਤਾਂ ਤੇਰੀ, ਖ਼ੁਸ਼ਨਸੀਬੀ ਹੈ,
ਤਿਰੇ ਹਿੱਸੇ 'ਚ ਹੀ ਆਇਐ ਮਨਾ, ਖਿੜਨਾ ਕੰਵਲ ਵਾਂਗੂੰ।
-----
ਰਤਾ ਵੀ ਧੁੱਪ ਜੋ ਸਹਿੰਦੇ ਨ ਕੁਮਲ਼ਾ ਕੇ ਬਿਖ਼ਰ ਜਾਂਦੇ,
ਜੁ ਸਹਿੰਦੇ ਮੌਸਮਾਂ ਦੀ ਮਾਰ, ਉਹ ਰਸ ਜਾਣ ਫਲ ਵਾਂਗੂੰ।
-----
ਦਿਹਾੜੀ ਵਾਂਗ ਇਕ ਪਲ ਬੀਤਦੈ, ਇਹ ਵੀ ਸਮਾਂ ਆਉਂਦੈ,
ਕਦੇ ਉਹ ਵੀ ਸਮਾਂ, ਜਾਂਦੀ ਦਿਹਾੜੀ, ਬੀਤ ਪਲ ਵਾਂਗੂੰ।
-----
ਉਹ ਪੁੰਨੂੰ ਸੁਪਨਿਆਂ ਦਾ ਛਲ ਗਿਆ ਹੈ ਜਿੰਦ ਸੱਸੀ ਨੂੰ,
ਤੇ ਕੋਹਾਂ ਤੀਕ, ਸਾਹਵੇਂ ਜ਼ਿੰਦਗੀ ਪਸਰੀ ਹੈ ਥਲ ਵਾਂਗੂੰ।
-----
ਰਹੇ ਨਾ ਬੇਸੁਰੀ, ਇਹ ਵੀ ਕਿਸੇ ਸੁਰਤਾਲ ਵਿਚ ਬੱਝੇ
ਅਸੀਂ ਤਾਂ ਲੋਚਦੇ ਹਾਂ ਜ਼ਿੰਦਗੀ ਦੀ ਸੁਰ, ਗ਼ਜ਼ਲ ਵਾਂਗੂੰ।
-----
ਬੁਝੇਗੀ ਪਿਆਸ, ਏਸੇ ਆਸ ਦੇ ਵਿਚ ਦੌੜਦੇ ਰਹੀਏ,
ਮਹਾਂ-ਨਗਰੀ, ਤਿਰਾ ਕੈਸਾ ਤਲਿੱਸਮ, ਰੇਤ-ਛਲ ਵਾਂਗੂੰ।
----
ਯਥਾਰਥ ਨਾਲ਼ ਵਾਹ ਪੈਂਦੈ, ਤਾਂ ਅਸਲੀ ਰੂਪ ਹੀ ਬਚਦੈ,
ਦਿਖਾਵੇ ਦੀ ਚਮਕ ਸਾਰੀ ਤਾਂ ਲਹਿ ਜਾਂਦੀ ਨਿਕਲ ਵਾਂਗੂੰ।
-----
ਕਿਤੇ ਦਮ ਤੋੜ ਬੈਠੇ, ‘ਕਿਸ਼ਨ’ ਤੂੰ ਦੇਖੀਂ ਗ਼ਜ਼ਲ ਤੇਰੀ,
ਪੁਆ ਬੈਠੀਂ ਨਾ ਪੈਖੜ ਡਾਲਰਾਂ ਦਾ, ਨਾਗ-ਵਲ ਵਾਂਗੂੰ।
No comments:
Post a Comment