ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, September 5, 2010

ਡਾ: ਦੇਵਿੰਦਰ ਕੌਰ - ਨਜ਼ਮ

ਇਹ ਕੌਣ ?

ਨਜ਼ਮ

ਰਾਤ ਸੁਪਨੇ ਚ ਸੂਰਜ

ਲਹਿਰਾਂ ਚ ਢਲ਼ ਗਿਆ

ਉਨੀਂਦੀਆਂ ਅੱਖਾਂ

ਖਿੜਕੀ ਚੋਂ ਝਾਕਦੀਆਂ

ਦੂਰ ਕਿਸੇ ਕੁੱਲੀ ਚੋਂ

ਬਾਂਸੁਰੀ ਦੀ ਧੁਨ

ਵੱਜਦੀ ਰਹੀ ਸਾਰੀ ਰਾਤ

...........

ਨਾ ਪੈਰਾਂ ਚ ਕੋਈ ਝਾਂਜਰ

ਨਾ ਵੀਣੀ ਚ ਵੰਗਾਂ

ਇਹ ਛਣ ਛਣ ਦੀ ਆਵਾਜ਼

ਕਿਥੋਂ ਆ ਰਹੀ ?

............

ਸੂਰਜ ਦੀਆਂ ਲਹਿਰਾਂ ਤੇ

ਬੇੜੀ ਚ ਸਵਾਰ

ਕੌਣ ਕਿੱਥੇ ਜਾ ਰਿਹਾ ?

ਕੌਣ ਕਿੱਥੋਂ ਆ ਰਿਹਾ ?

............

ਖਿੜਕੀ ਢੋਅ

ਪੈਰ ਅੰਦਰ ਨੂੰ ਮੁੜ ਰਹੇ

ਹੱਥਾਂ ਦੀਆਂ ਤਲੀਆਂ ਚੋਂ

ਉੱਗ ਰਹੀਆਂ ਕਿਰਨਾਂ

ਇਹ ਕੌਣ ਚਾਨਣ ਹੋ ਰਿਹਾ

ਇਹ ਕੌਣ ਨ੍ਹੇਰਾ ਧੋ ਰਿਹਾ ?

=====

ਸਵੇਰ

ਨਜ਼ਮ

ਸੁੱਕੀ ਸਵੇਰ

ਯਾਦਾਂ ਦੇ ਅਕਸ ਲੱਭਦੀ

ਬੁੱਕ ਰੈਕ ਤੇ ਜੰਮੀ ਧੂੜ ਚੋਂ

ਗੁੰਝਲ਼ਾਂ ਸੁਲਝਾਉਂਦੀ

ਚੇਤਿਆਂ ਖ਼ਿਆਲਾਂ ਸੰਗ ਉਲਝਦੀ

ਕਦੇ ਖਿੜਕੀ ਖੋਲ੍ਹਦੀ

ਕਦੇ ਬੰਦ ਕਰਦੀ

ਪਾਣੀਆਂ ਤੇ ਨਜ਼ਮ ਲਿਖਦੀ

ਰੇਤ ਤੇ ਘਰ ਬਣਾਉਂਦੀ

ਸਾਂਭ ਸਾਂਭ ਰੱਖਦੀ

ਕਲਮ ਤੇ ਦਵਾਤ

ਸਿਰ੍ਹਾਣੇ ਰੱਖ ਸੌਂਦੀ

ਕਾਗ਼ਜ਼ ਤੇ ਪੈੱਨ

.............

ਕੀ ਪਤਾ

ਰਾਤ ਨੂੰ ਫੇਰ ਨੀਂਦ ਨਾ ਆਏ

ਕਾਗ਼ਜ਼ ਤੇ ਪੈੱਨ ਖੁਣੋਂ

ਫੇਰ ਕੋਈ ਨਜ਼ਮ

ਆਉਣ ਤੋਂ ਪਹਿਲਾਂ ਮਰ ਜਾਏ

ਸੁੱਕੀ ਸਵੇਰ

ਯਾਦਾਂ ਦੇ ਅਕਸ ....

1 comment:

Rajinderjeet said...

Bahut samvedansheel.....