ਨਜ਼ਮ
ਰਾਤ ਸੁਪਨੇ ‘ਚ ਸੂਰਜ
ਲਹਿਰਾਂ ‘ਚ ਢਲ਼ ਗਿਆ
ਉਨੀਂਦੀਆਂ ਅੱਖਾਂ
ਖਿੜਕੀ ‘ਚੋਂ ਝਾਕਦੀਆਂ
ਦੂਰ ਕਿਸੇ ਕੁੱਲੀ ‘ਚੋਂ
ਬਾਂਸੁਰੀ ਦੀ ਧੁਨ
ਵੱਜਦੀ ਰਹੀ ਸਾਰੀ ਰਾਤ
...........
ਨਾ ਪੈਰਾਂ ‘ਚ ਕੋਈ ਝਾਂਜਰ
ਨਾ ਵੀਣੀ ‘ਚ ਵੰਗਾਂ
ਇਹ ਛਣ ਛਣ ਦੀ ਆਵਾਜ਼
ਕਿਥੋਂ ਆ ਰਹੀ ?
............
ਸੂਰਜ ਦੀਆਂ ਲਹਿਰਾਂ ‘ਤੇ
ਬੇੜੀ ‘ਚ ਸਵਾਰ
ਕੌਣ ਕਿੱਥੇ ਜਾ ਰਿਹਾ ?
ਕੌਣ ਕਿੱਥੋਂ ਆ ਰਿਹਾ ?
............
ਖਿੜਕੀ ਢੋਅ
ਪੈਰ ਅੰਦਰ ਨੂੰ ਮੁੜ ਰਹੇ
ਹੱਥਾਂ ਦੀਆਂ ਤਲੀਆਂ ‘ਚੋਂ
ਉੱਗ ਰਹੀਆਂ ਕਿਰਨਾਂ
ਇਹ ਕੌਣ ਚਾਨਣ ਹੋ ਰਿਹਾ
ਇਹ ਕੌਣ ਨ੍ਹੇਰਾ ਧੋ ਰਿਹਾ ?
=====
ਸਵੇਰ
ਨਜ਼ਮ
ਸੁੱਕੀ ਸਵੇਰ
ਯਾਦਾਂ ਦੇ ਅਕਸ ਲੱਭਦੀ
ਬੁੱਕ ਰੈਕ ‘ਤੇ ਜੰਮੀ ਧੂੜ ‘ਚੋਂ
ਗੁੰਝਲ਼ਾਂ ਸੁਲਝਾਉਂਦੀ
ਚੇਤਿਆਂ ਖ਼ਿਆਲਾਂ ਸੰਗ ਉਲਝਦੀ
ਕਦੇ ਖਿੜਕੀ ਖੋਲ੍ਹਦੀ
ਕਦੇ ਬੰਦ ਕਰਦੀ
ਪਾਣੀਆਂ ‘ਤੇ ਨਜ਼ਮ ਲਿਖਦੀ
ਰੇਤ ‘ਤੇ ਘਰ ਬਣਾਉਂਦੀ
ਸਾਂਭ ਸਾਂਭ ਰੱਖਦੀ
ਕਲਮ ਤੇ ਦਵਾਤ
ਸਿਰ੍ਹਾਣੇ ਰੱਖ ਸੌਂਦੀ
ਕਾਗ਼ਜ਼ ਤੇ ਪੈੱਨ
.............
ਕੀ ਪਤਾ
ਰਾਤ ਨੂੰ ਫੇਰ ਨੀਂਦ ਨਾ ਆਏ
ਕਾਗ਼ਜ਼ ਤੇ ਪੈੱਨ ਖੁਣੋਂ
ਫੇਰ ਕੋਈ ਨਜ਼ਮ
ਆਉਣ ਤੋਂ ਪਹਿਲਾਂ ਮਰ ਜਾਏ
ਸੁੱਕੀ ਸਵੇਰ
ਯਾਦਾਂ ਦੇ ਅਕਸ ....
1 comment:
Bahut samvedansheel.....
Post a Comment