ਆਦਮੀ ਬੇਸ਼ਕ ਵਧਦਾ ਹੀ ਚਲੇ।
ਆਦਮੀਅਤ ਪਰ ਕਦੀ ਵੀ ਨਾ ਮਰੇ।
-----
ਇੱਕ ਕਲੀ ਤਾਂ ਉਸਦੇ ਵੀ ਹਿੱਸੇ ਲਿਖੋ,
ਕੰਡਿਆਂ ਦਾ ਜੋ ਸਿਤਮ ਹੱਸ ਕੇ ਜਰੇ।
-----
-----
ਸੋਚਦਾਂ ਕਿਸ ਬਿਰਖ਼ ਦੀ ਛਾਵੇਂ ਬਹਾਂ,
ਕੀ ਪਤੈ ਕਿੱਧਰ ਗਏ ਜੰਗਲ ਹਰੇ।
-----
ਭਟਕ ਲੈ ਜਿੱਥੇ ਭਟਕਣਾ ਦੋਸਤਾ!
ਮੁੜਨਾ ਪੈਣਾ ਆਖਰਾਂ ਨੂੰ ਹੈ ਘਰੇ।
-----
ਕਦ ਮਿਲ਼ਣਗੇ ਸਬਜ਼ੇ ਜੋ ਦਿਖਲਾਏ ਤੂੰ,
ਲਾਰਿਆਂ ‘ਤੇ ਚਾਹ ਦੇ ਬੂਟੇ ਨਾ ਪਲ਼ੇ।
=====
ਗ਼ਜ਼ਲ
ਜੋ ਸਿਰੇ ਚੜ੍ਹਨੀ ਨਹੀਂ ਛੇੜੀ ਨਾ ਜਾ ਉਸ ਬਾਤ ਨੂੰ।
ਐਵੇਂ ਹਵਾ ਦੇਈ ਨਾ ਜਾ ਤੂੰ ਸੁਲ਼ਗਦੇ ਜਜ਼ਬਾਤ ਨੂੰ।
-----
ਹਰ ਸਮੇਂ ਸੂਰਜ ਤੇ ਚਾਨਣ ਦੀ ਹੀ ਗੱਲ ਕਰਿਆ ਨਾ ਕਰ,
ਤਾਰਿਆਂ ਨੂੰ ਦੇਖ ਜਿਹੜੇ ਚਮਕਦੇ ਨੇ ਰਾਤ ਨੂੰ।
-----
ਹੋਰਨਾਂ ਖ਼ਾਤਰ ਰਿਹਾਂ ਹੱਸਦਾ ਮੈਂ ਦਿਨ ਭਰ ਹੀ ਸਦਾ,
ਆਪਣੀ ਖ਼ਾਤਰ ਤਾਂ ਮੈਂ ਰੋਇਆ ਹਾਂ ਸਾਰੀ ਰਾਤ ਨੂੰ।
----
ਗ਼ਮ ਹਿਜਰ ਤੇ ਠ੍ਹੋਕਰਾਂ ਜੀਣਾ ਨੇ ਜਦ ਸਿਖਲਾ ਗਏ,
ਕਿਸ ਤਰ੍ਹਾਂ ਲੌਟਾ ਦਿਆਂ ਮੈਂ ਉਸਦੀ ਇਸ ਸੌਗਾਤ ਨੂੰ।
-----
ਆਪਣੇ ਕਰਮਾਂ ਦੇ ਕਾਰਣ ਹਾਂ ਦੁਖੇ ਸੁਲ਼ਗੇ ਅਸੀਂ,
ਦੋਸ਼ ਹਾਂ ਦੇਈ ਗਏ ਐਵੇਂ ਹੀ ਤਾਂ ਬਰਸਾਤ ਨੂੰ।
-----
ਨਾਲ਼ ਉਹ ਤੁਰਦਾ ਤਾਂ ਘੁੰਮਦੇ ਅਰਸ਼ ਤੇ ਧਰਤੀ ਸਭੇ,
ਪਰਖਿਆ ਉਸਨੇ ਕਦੀ ਵੀ ਨਾ ਮਿਰੀ ਔਕ਼ਾਤ ਨੂੰ।
-----
ਦੋਸਤੀ ਜਿਸ ਕਰਕੇ ਭਾਵੇਂ ਜੱਗ ਪਰਾਇਆ ਹੋ ਗਿਆ,
ਰੱਖਿਆ ਪਰ ਦਿਲ ਨੂੰ ਲਾ ਉਸ ਦੋਸਤੀ ਦੀ ਦਾਤ ਨੂੰ।
-----
ਹੌਸਲਾ ਕਰਕੇ ਉਹ ਮੇਰੇ ਨਾਲ਼ ਜਦ ਵੀ ਤੁਰ ਪਿਆ,
ਦੇਖਿਆ ਫਿਰ ਸਭ ਨੇ ਹੀ ਹਰ ਝਲਕ ਹੋਈ ਮਾਤ ਨੂੰ।
No comments:
Post a Comment