ਤੈਨੂੰ ਮੁੜ ਮੁੜ ਯਾਦ ਮੇਰੀ ਆਈ ਹੋਵੇਗੀ।
ਬਹਿ ਕੇ ਰਾਤ ਸਾਰੀ ਅੱਖਾਂ ‘ਚ ਲੰਘਾਈ ਹੋਵੇਗੀ।
ਤੈਨੂੰ ਮੁੜ ਮੁੜ ਯਾਦ ਮੇਰੀ...
-----
ਜਾਂਦੇ ਕਿੱਥੇ ਅੰਬਰਾਂ ਤੋਂ, ਟੁੱਟ ਕੇ ਇਹ ਤਾਰੇ।
ਇਹ ਵੀ ਤੇਰੇ ਮੇਰੇ ਵਾਂਗ ਹੈਨ, ਹਿਜਰਾਂ ਦੇ ਮਾਰੇ।
ਕਿਤੇ ਸਾਡੇ ਦਿਲਾਂ, ਪੀੜ ਕੋਈ ਸਤਾਈ ਹੋਵੇਗੀ....
ਤੈਨੂੰ ਮੁੜ ਮੁੜ ਯਾਦ ਮੇਰੀ...
-----
ਲੰਘੇ ਪਿਆਰ ਦੇ ਨੇ ਦਿਨ, ਬਣੀ ਜ਼ਿੰਦਗੀ ਉਡੀਕ।
ਮੁੱਕੇ ਵਸਲਾਂ ਦੇ ਪਲ ਜਿਵੇਂ, ਪਾਣੀ ਉੱਤੇ ਲੀਕ।
ਆਪੇ, ਆਪੇ ਤਾਈਂ ਵੇਦਨਾ ਸੁਣਾਈ ਹੋਵੇਗੀ....
ਤੈਨੂੰ ਮੁੜ ਮੁੜ ਯਾਦ ਮੇਰੀ...
-----
ਦਿਲ ਨੌਹਾਂ ਨ’ ਖਰੋਚ ਕੇ ਤੂੰ, ਪਾਈਆਂ ਔਸੀਆਂ।
ਮੈਂ ਵੀ ਸੋਚਾਂ ਉਹੀ ਗੱਲਾਂ ਜੋ, ਕਦੇ ਤੂੰ ਸੋਚੀਆਂ।
ਰੀਝ ਮਿਲ਼ਣੇ ਦੀ ਦਿਲ ਤੋਂ, ਛੁਪਾਈ ਹੋਵੇਗੀ...
ਤੈਨੂੰ ਮੁੜ ਮੁੜ ਯਾਦ ਮੇਰੀ...
-----
ਬਹਿ ਕੇ ‘ਕੱਲਿਆਂ ਜੋ ਧੁੰਨ ਤੂੰ ਅਲਾਪਦੀ ਰਹੀ।
ਕੁਝ ਮੈਨੂੰ ਕੁਝ ਖ਼ੁਦ ਨੂੰ ਸਰਾਪਦੀ ਰਹੀ।
ਮੈਨੂੰ ਪਤਾ ਕਿਵੇਂ ਚੀਸ ਤੂੰ ਦਬਾਈ ਹੋਵੇਗੀ....
ਤੈਨੂੰ ਮੁੜ ਮੁੜ ਯਾਦ ਮੇਰੀ...
-----
ਖ਼ਤ ਉੱਡਗੇ ਹੋਣੇ ਨੇ ਤਲ਼ੀਆਂ ਤੋਂ ਰੇਤ ਵਾਂਗੂੰ।
ਪਿਆਰ ਰੱਖਿਆ ਹੋਣਾ ਏਂ ਸਾਂਭ, ਗੁੱਝੇ ਭੇਦ ਵਾਂਗੂੰ।
ਖ਼ੁਦ ਈ ਦੁਨੀਆਂ ਤੋਂ ਨਜ਼ਰ ਚੁਰਾਈ ਹੋਵੇਗੀ...
ਤੈਨੂੰ ਮੁੜ ਮੁੜ ਯਾਦ ਮੇਰੀ...
-----
ਬੁੱਲਾ ‘ਵਾਅ ਦਾ ਬਾਰੀ ‘ਚੋਂ ਜਦ ਹੋਣਾ ਲੰਘਿਆ।
ਲੱਗਾ ਹੋਣਾ ਕਿਸੇ ‘ਮੀਤ’ ਨੇ ਜਿਉਂ ਦਿਲ ਮੰਗਿਆ।
ਚੁੰਨੀ ਅੰਬਰਾਂ ‘ਤੇ ਮਸਤ ਉਡਾਈ ਹੋਵੇਗੀ...
ਤੈਨੂੰ ਮੁੜ ਮੁੜ ਯਾਦ ਮੇਰੀ...
No comments:
Post a Comment