ਭਾਨ ਸਿੰਘ ਮਾਹੀ ਵਰਗੇ ਗਾਇਕ ਦੀ ਆਵਾਜ਼ ਵਿਚ ਗੀਤ ਰਿਕਾਰਡ ਹੋ ਜਾਣਾ ਬੜੇ ਫ਼ਖ਼ਰ ਵਾਲੀ ਗੱਲ ਹੁੰਦੀ ਸੀ । ਸਮਰ ਸਾਹਿਬ ਨੂੰ ਇਹ ਸ਼ਰਫ਼ ਹਾਸਿਲ ਸੀ ।ਸਮਰ ਦੇ ਗੀਤ “ਪੈਰੀਂ ਪਾ ਕੇ ਸਲੀਪਰ ਕਾਲੇ, ਸ਼ਹਿਰ ਨੂੰ ਨਾ ਜਾਈ ਗੋਰੀਏ ”, “ਮਹਿੰਦੀ ਵਾਲਿਆਂ ਹੱਥਾਂ ਦਾ ਮੁੰਡਾ ਪੱਟਿਆ ਸੁੱਕ ਕੇ ਤਵੀਤ ਹੋ ਗਿਆ”, ਜਾਂ “ਤੇਰਾ ਤੱਕ ਕੇ ਹੁਸਨ ਮੁਟਿਆਰੇ ਨੀਂਦਰਾਂ ਨੂੰ ਖੰਭ ਲੱਗ ਗਏ ”, ਇਸ ਤਰ੍ਹਾਂ ਦੇ ਅਨੇਕਾਂ ਗੀਤ ਜੋ ਮੁਹਾਵਰਿਆਂ ਦਾ ਰੁਤਬਾ ਰੱਖਦੇ ਨੇ, ਇਹ ਸਮਰ ਸਾਹਿਬ ਦੀ ਕਲਮ ਦੀ ਦੇਣ ਹਨ ।
-----
ਕਦੇ ਹਰ ਪਾਸੇ ਸਮਰ ਦੇ ਗੀਤਾਂ ਦੀ ਧੁੰਮ ਹੋਇਆ ਕਰਦੀ ਸੀ।ਐਚ.ਐਮ.ਵੀ ਨੇ ਸਮਰ ਨੂੰ ਉਨ੍ਹਾਂ ਦਿਨਾਂ ਵਿਚ ਇਕ ਗੀਤ ਦੀ ਤਿੰਨ ਸੌ ਰੁਪਏ ਰਾਇਲਟੀ ਦਿੱਤੀ ਜੋ ਗੀਤਕਾਰਾਂ ਲਈ ਮਾਣ ਦੀ ਗੱਲ ਸੀ। ਉਚਕੋਟੀ ਦੀ ਗੀਤਕਾਰੀ ਕਰਕੇ ਓਮ ਪ੍ਰਕਾਸ਼ ‘ਸਮਰ’, ਸਮਰ ਕਰਤਾਰਪੁਰੀ ਦੇ ਨਾਂ ਨਾਲ ਪ੍ਰਸਿੱਧ ਹੋਏ । ਗੀਤਾਂ ਤੋਂ ਇਲਾਵਾ ਸਮਰ ਸਾਹਿਬ ਨੇ “ਪਿੰਗਲ ਦਰਸ਼ਨ” ਨਾਂ ਦੀ ਕਿਤਾਬ ਦੀ ਰਚਨਾ ਕੀਤੀ ।ਜੋ ਅਜ ਵੀ ਪਿੰਗਲ-ਅਰੂਜ਼ ਦੇ ਵਿਸ਼ਾਲ ਗਿਆਨ ਭੰਡਾਰ ਕਰਕੇ ਸਿੱਖਣ ਵਾਲਿਆਂ ਲਈ ਮਾਰਗ ਦਰਸ਼ਨ ਹੈ ।
------
ਉਸ ਦਰਵੇਸ਼ ਸ਼ਾਇਰ ਨੂੰ ਇਸ ਦੁਨੀਆਂ ਤੋਂ ਕੂਚ ਕੀਤਿਆਂ ਇਕ ਅਰਸਾ ਗੁਜ਼ਰ ਗਿਆ ਹੈ ਪਰ ਉਹ ਪੁਖ਼ਤਾ ਲੇਖਣੀ ਕਰਕੇ ਲੋਕ ਮਨਾਂ ‘ਚ ਵਸਦੇ ਹਨ । ਆਰਸੀ ਦੇ ਪਾਠਕਾਂ ਨਾਲ ਸਮਰ ਜੀ ਦੀ ਪ੍ਰਸਿੱਧ ਰਚਨਾ “ਅਨਾਰਕਲੀ” ਸਾਂਝੀ ਕਰਕੇ ਸੱਚਮੁਚ ਖ਼ੁਸ਼ੀ ਮਹਿਸੂਸ ਕਰ ਰਹੇ ਹਾਂ ।
ਰੂਪ ਦਬੁਰਜੀ/ਸੁਰਜੀਤ ਸਾਜਨ
*******
ਜਨਾਬ ਸਮਰ ਕਰਤਾਰਪੁਰੀ ਜੀ ਦੀ ਬੇਹੱਦ ਖ਼ੂਬਸੂਰਤ ਰਚਨਾ ਆਰਸੀ ਪਰਿਵਾਰ ਨਾਲ਼ ਸਾਂਝੀ ਕਰਨ ਲਈ ਰੂਪ ਦਬੁਰਜੀ ਜੀ ਅਤੇ ਸੁਰਜੀਤ ਸਾਜਨ ਜੀ ਦਾ ਦਿਲੋਂ ਧੰਨਵਾਦ। ਆਸ ਹੈ ਕਿ ਭਵਿੱਖ ਵਿਚ ਉਹ ਐਹੋ ਜਿਹੇ ਉਸਤਾਦ ਸ਼ਾਇਰਾਂ ਦੀਆਂ ਦੁਰਲੱਭ ਲਿਖਤਾਂ ਨਾਲ਼ ਹਾਜ਼ਰੀ ਲਵਾਉਂਦੇ ਰਹਿਣਗੇ। ਸਮਰ ਸਾਹਿਬ ਦੀ ਕਲਮ ਨੂੰ ਸਲਾਮ। ਇਸ ਨਜ਼ਮ ‘ਚੋਂ ਉੱਚੀ-ਸੁੱਚੀ ਸਟੇਜੀ ਸ਼ਾਇਰੀ ਦਾ ਪਿਆਰਾ ਜਿਹਾ ਰੰਗ ਸਭ ਨੂੰ ਜ਼ਰੂਰ ਪਸੰਦ ਆਵੇਗਾ। ( ਨੋਟ: ਸਮਰ ਸਾਹਿਬ ਦੀ ਫ਼ੋਟੋ ਅਖ਼ਬਾਰ ਦੀ ਸਕੈਨਡ ਕਾਪੀ ਹੋਣ ਕਰਕੇ ਬਹੁਤੀ ਸਾਫ਼ ਨਹੀਂ ਹੈ) ਇਕ ਵਾਰ ਫੇਰ ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
******
ਅਨਾਰਕਲੀ
ਨਜ਼ਮ
ਇਕ ਦਿਨ ਘੁੰਮਦੇ ਘੁੰਮਦੇ ਬਾਗ਼ ਅੰਦਰ,
ਖਿਲੀ ਹੋਈ ਅਨਾਰ ਦੀ ਕਲੀ ਵੇਖੀ।
ਡਿੱਠਾ ਨੀਝ ਲਾ ਕੇ ਨਾਜ਼ਨੀਨ ਕੋਈ,
ਓਸ ਕਲੀ ਦੇ ਨੈਣਾਂ ‘ਚ ਖਲੀ ਵੇਖੀ।
ਉਹਦੇ ਲਬਾਂ ‘ਤੇ ਦੇਖੀਆਂ ਸਰਦ ਆਹਾਂ,
ਸੀਨੇ ਵਿਚ ਫ਼ਿਰਾਕ਼ ਦੀ ਗਲੀ ਵੇਖੀ।
ਹਰਇਕ ਆਹ ਉਹਦੀ ਹਰਇਕ ਅਦਾ ਉਹਦੀ,
ਸੱਚੇ ਪਿਆਰ ਦੇ ਢਾਂਚੇ ਵਿਚ ਢਲੀ ਵੇਖੀ।
ਉਹਨੂੰ ਵੇਖ ਖ਼ਿਆਲਾਂ ਦੇ ਬਹਿਰ ਅੰਦਰ,
ਰਾਵੀ ਨਦੀ ਦੇ ਵਾਂਗ ਰਵਾਨੀ ਆ ਗਈ।
ਅਨਾਰਕਲੀ ਸਲੀਮ ਦੇ ਪਿਆਰ ਵਾਲ਼ੀ,
ਅੱਖਾਂ ਮੇਰੀਆਂ ਅੱਗੇ ਕਹਾਣੀ ਆ ਗਈ।
*****
ਉਹਦੇ ਕੋਲ਼ ਖਲੋ ਕੇ ਆਖਿਆ ਮੈਂ,
ਨੀ ਤੂੰ ਕਮਲ਼ੀਏ ਕਲੀ ਅਨਾਰ ਦੀ ਸੀ।
ਕਿਸੇ ਖਿੜੀ ਫੁਲਵਾੜੀ ਦੇ ਵਾਂਗ ਅੜੀਏ,
ਮਹਿਕ ਮਹਿਕ ਕੇ ਮਹਿਕ ਖਿਲਾਰਦੀ ਸੀ।
ਬੋਲ ਬੋਲ ਕੇ ਕੇਰਦੀ ਫੁੱਲ ਸੀ ਤੂੰ,
ਮਹਾਂਰਾਣੀ ਤੂੰ ਰੂਪ ਭੰਡਾਰ ਦੀ ਸੀ।
ਲੱਖਾਂ ਭੋਲ਼ਿਆਂ ਭੌਰਾਂ ਦੇ ਦਿਲ ਉੱਤੇ,
ਧਾਕ ਤੇਰੀ ਪੰਜੇਬ ਛਣਕਾਰ ਦੀ ਸੀ।
ਹੜ੍ਹ ਆਇਆ ਸੀ ਨਾਜ਼ ਨਜ਼ਾਕਤਾਂ ਦਾ,
ਤੇਰੇ ਮਸਤ ਸ਼ਬਾਬ ਦੀ ਨਦੀ ਅੰਦਰ।
ਤੇਰੀ ਅੱਲੜ੍ਹ ਜਵਾਨੀ ਦੇ ਸਿਦਕ ਵਾਲ਼ਾ,
ਚੰਦ ਚੜ੍ਹਿਆ ਪੰਦਰਵੀਂ ਸਦੀ ਅੰਦਰ।
*****
ਮੋਹ ਲਿਆ ਤੂੰ ਸਾਰਾ ਜਹਾਨ ਅੜੀਏ,
ਕੋਈ ਨਾਜ਼ ਤੇ ਕੋਈ ਨਿਆਜ਼ ਦੇ ਨਾਲ਼।
ਕੋਈ ਸੁਰਾਂ ਸੁਰੀਲੀਆਂ ਤੇਰੀਆਂ ਨੇ,
ਕੋਈ ਅਦਬ ਤੇ ਕੋਈ ਅੰਦਾਜ਼ ਦੇ ਨਾਲ਼।
ਕੋਈ ਮਸਤ ਹੋਇਆ ਮਸਤ ਚਾਲ ਉੱਤੇ,
ਸਮਝ ਨਾਲ ਕੋਈ, ਕੋਈ ਸਾਜ਼ ਦੇ ਨਾਲ਼।
ਕੋਈ ਨਾਲ ਅਦਾ ਦੇ ਮੋਹ ਲਿਆ ਤੂੰ,
ਕੋਈ ਮੋਹ ਲਿਆ ਮਿੱਠੀ ਆਵਾਜ਼ ਦੇ ਨਾਲ਼।
ਤੈਨੂੰ ਕਲੀ ਅਨਾਰ ਦੀ ਕਿਹਾ ਜਾਂਦਾ,
ਤੇਰਾ ਰੰਗ ਸੀ ਸੁਰਖ਼ ਗੁਲਾਬ ਵਾਗੂੰ।
ਅੱਖਾਂ ਨਾਲ ਤੂੰ ਲੱਖਾਂ ਬੇਹੋਸ਼ ਕੀਤੇ,
ਘੁਕੀ ਇਸ਼ਕ ਦੀ ਚੜ੍ਹੀ ਸ਼ਰਾਬ ਵਾਗੂੰ।
*****
ਤੇਰੇ ਜੋਬਨ ਦੀ ਸਿਖਰ ਦੁਪਹਿਰ ਅੰਦਰ,
ਤੇਰੇ ਲਈ ਮੁਸੀਬਤ ਦੀ ਸ਼ਾਮ ਹੋ ਗਈ।
ਕਰਨੀ ਕਈਆਂ ਦੀ ਨੀਂਦ ਹਰਾਮ ਸੀ ਤੂੰ,
ਤੇਰੀ ਆਪਣੀ ਨੀਂਦ ਹਰਾਮ ਹੋ ਗਈ।
ਕੀਤੀ ਸ਼ੁਰੂ ਕਹਾਣੀ ਇਸ਼ਕ਼ ਵਾਲੀ,
ਸ਼ੁਰੂ ਹੁੰਦਿਆਂ ਖ਼ਤਮ ਤਮਾਮ ਹੋ ਗਈ।
ਦੁਨੀਆਂ ਵਿਚ ਬੇ-ਦਰਦਾਂ ਦੇ ਵੱਸ ਪੈ ਕੇ,
ਨੀ ਤੂੰ ਸ਼ਰੇ-ਬਜ਼ਾਰ ਨਿਲਾਮ ਹੋ ਗਈ।
ਦੱਸ ਸੋਚਿਆਂ ਕਦੇ ਸਬੱਬ ਇਹਦਾ,
ਦੁਸ਼ਮਣ ਹੁਸਨ ਸੀ ਤੇਰਾ ਜ਼ਮਾਨਾ ਨਹੀਂ ਸੀ।
ਜਿਸਦੇ ਵਾਸਤੇ ਜਲ਼ੀ ਤੂੰ ਸ਼ਮ੍ਹਾਂ ਵਾਗੂੰ,
ਧੋਖੇਬਾਜ਼ ਸੀ ਕੋਈ ਪਰਵਾਨਾ ਨਹੀਂ ਸੀ।
*****
ਨੀ ਤੂੰ ਸਮਝ ਨਾ ਸਕੀ ਸ਼ਹਿਜ਼ਾਦਿਆਂ ਦਾ,
ਚਿੱਟਾ ਰੰਗ ਹੁੰਦਾ ਚਿੱਟਾ ਖ਼ੂਨ ਹੁੰਦਾ।
ਨੀ ਤੂੰ ਸਮਝ ਨਾ ਸਕੀ ਕਿ ਵੱਡਿਆਂ ਦੇ,
ਆਟਾ ਘੱਟ ਹੁੰਦਾ ਬਹੁਤ ਲੂਣ ਹੁੰਦਾ।
ਨੀ ਤੂੰ ਸਮਝ ਨਾ ਸਕੀ ਕਿ ਵਿਚ ਮਹਿਲਾਂ,
ਹਰ ਗੱਲ ਦਾ ਇਕ ਮਜ਼ਮੂਨ ਹੁੰਦਾ।
ਬਾਦਸ਼ਾਹਾਂ ਦੇ ਘਰੀਂ ਨਾ ਸੋਚਿਆ ਤੂੰ,
ਅੜੀਏ ਪਿਆਰ ਨਹੀਂ ਹੁੰਦਾ ਕਾਨੂੰਨ ਹੁੰਦਾ।
ਨੀ ਤੂੰ ਕਿਸੇ ਗ਼ਰੀਬ ਦਾ ਹੱਕ ਖੋਹ ਕੇ,
ਬਾਦਸ਼ਾਹਾਂ ਦੇ ਤਾਈਂ ਸੰਭਾਲ਼ ਦਿੱਤਾ।
ਚਾਨਣ ਝੁੱਗੀਆਂ ਦੀਵਾ ਹੁਸਨ ਵਾਲਾ,
ਨੀ ਤੂੰ ਵਿਚ ਮਹਿਲਾਂ ਦੇ ਬਾਲ਼ ਦਿੱਤਾ।
*****
ਦਿੱਤਾ ਵਿਚ ਦੀਵਾਰ ਚਿਣਵਾ ਤੈਨੂੰ,
ਏਸੇ ਗੱਲ ਦੀ ਮਿਲੀ ਹੈ ਸਜ਼ਾ ਤੈਨੂੰ।
ਮੈਨੂੰ ਜਾਪਦਾ ਕਿਸੇ ਦੇ ਸਬਰ ਵਾਲ਼ੀ,
ਦਿੱਤਾ ਕਬਰ ਦੇ ਵਿਚ ਸੁਲ਼ਾ ਤੈਨੂੰ।
ਮੈਨੂੰ ਜਾਪਦਾ ਕਿਸੇ ਦੇ ਪਿਆਰ ਸੱਚੇ,
ਲਿਆ ਅੱਖਾਂ ਦੇ ਵਿਚ ਲੁਕਾ ਤੈਨੂੰ।
ਮੈਨੂੰ ਜਾਪਦਾ ਕਿਸੇ ਨੇ ਅਣਖ ਵਾਲ਼ੀ,
ਠ੍ਹੋਕਰ ਮਾਰ ਕੇ ਤੈਨੂੰ ਜਗਾ ਦਿੱਤਾ।
ਨੀ ਮੈਂ ਸੁਣਿਆ ਕ਼ੁਰਾਨ ਸੀ ਹਿਫ਼ਜ਼ ਤੇਰੇ,
ਇੱਕੋ ਸਮਝਿਆ ਰਾਮ ਰਹੀਮ ਤਾਈਂ।
ਦੱਸ ਕਮਲੀਏ ਸਮਝ ਕਿਸ ਕੰਮ ਆਈ,
ਨੀ ਤੂੰ ਸਮਝ ਨਾ ਸਕੀ ਸਲੀਮ ਤਾਈਂ।
******
ਜੇ ਤੂੰ ਰਹਿੰਦੀ ਗ਼ਰੀਬਾਂ ਦੀ ਵਿਚ ਬਸਤੀ,
ਤੇਰੇ ਲਈ ਮਹੱਲ ਬਣਵਾ ਦਿੰਦੇ।
ਪੈਰ ਪੈਰ ਤੇ ਮੋਤੀ ਮੁਹੱਬਤਾਂ ਦੇ,
ਤੇਰੇ ਕਦਮਾਂ ਤੋਂ ਵਾਰ ਦਿਖਾ ਦਿੰਦੇ।
ਲੈਂਦੇ ਅੱਖਾਂ ਦੇ ਉੱਤੇ ਬਿਠਾ ਤੈਨੂੰ,
ਤੇਰੇ ਰਾਹਾਂ ‘ਚ ਅੱਖਾਂ ਵਿਛਾ ਦਿੰਦੇ।
ਤੈਨੂੰ ਲਟਕਦੇ ਲਾਲਾਂ ਦੇ ਹਾਰ ਦੇ ਕੇ,
ਤੇਰੀ ਹੋਰ ਵੀ ਸ਼ਾਨ ਵਧਾ ਦਿੰਦੇ।
ਏਸ ਗੱਲ ਦਾ ਬੜਾ ਹੈ ਦੁੱਖ ਮੈਨੂੰ,
ਤੂੰ ਕੁਝ ਕੀਤਾ ਵੀ ਨਾ ਕੀਤਾ ਸਬਰ ਵੀ ਨਾ।
ਨੀ ਤੂੰ ਉਨ੍ਹਾਂ ਬੇ-ਕਦਰਾਂ ਦੇ ਵੱਸ ਪੈ ਗਈ,
ਬਣੀ ਜਿਨ੍ਹਾਂ ਕੋਲੋਂ ਤੇਰੀ ਕ਼ਬਰ ਵੀ ਨਾ।
*****
ਸਿਦਕ ਦੇਖਿਆ ਈ ਸੱਚੇ ਆਸ਼ਕਾਂ ਦਾ,
ਤੈਨੂੰ ਅੱਜ ਵੀ ਫੁੱਲ ਚੜ੍ਹਾ ਰਹੇ ਨੇ।
ਨੀ ਤੂੰ ਜਿਨ੍ਹਾਂ ਦੇ ਘਰੀਂ ਹਨੇਰ ਪਾ ਗਈ,
ਤੇਰੀ ਕ਼ਬਰ ਤੇ ਦੀਵੇ ਜਗਾ ਰਹੇ ਨੇ।
ਤੇਰੀ ਕ਼ਬਰ ਦੁਆਲੜੇ ਸਬਰ ਵਾਲ਼ੇ,
ਬੂਟੇ ਸਿਦਕ ਦੇ ਦੇਖ ਲੈ ਲਾ ਰਹੇ ਨੇ।
ਇੰਜ ਜਾਪਦਾ ਪੱਖੀ ਦੀ ‘ਵਾ ਕਰਕੇ,
ਸੁੱਤੀ ਪਈ ਨੂੰ ਤੈਨੂੰ ਜਗਾ ਰਹੇ ਨੇ।
ਹੰਝੂ ਕੇਰਦੀ ਕਲੀ ਉਹ ਕਹਿਣ ਲੱਗੀ,
ਮਿੱਟੀ ਤਾਈਂ ਨਾ ਬੰਦਿਆ ਝਿੜਕ ਐਵੇਂ।
ਅਜੇ ਅੱਲੇ ਨੇ ਦਿਲ ਦੇ ਫੱਟ ਮੇਰੇ,
‘ਸਮਰ’ ਜਾਣ ਦੇ, ਲੂਣ ਨਾ ਛਿੜਕ ਐਵੇਂ।
No comments:
Post a Comment