ਉਹ ਬੜਾ ਬੇਲਿਹਾਜ਼, ਕੀ ਕਰੀਏ।
ਬੇਵਫ਼ਾ ਦਾ ਇਲਾਜ, ਕੀ ਕਰੀਏ।
-----
ਤੇਰੇ ਗ਼ਮ ਦਾ ਵੀ ਕੀ ਭਰੋਸਾ ਏ,
ਸ਼ੈਅ ਬੇਗਾਨੀ, ਮਜ਼ਾਜ ਕੀ ਕਰੀਏ।
-----
-----
ਡਾਢੇ ਬਿਖੜੇ ਨੇ ਪਿਆਰ ਦੇ ਪੈਂਡੇ,
ਦਿਲ ਜੇ ਆਵੇ ਨਾ ਬਾਜ, ਕੀ ਕਰੀਏ।
-----
ਕੱਚੇ ਘੜਿਆਂ ਨੇ ਪਾਰ ਕੀ ਲਾਉਣੈ,
ਲੱਗੇ ਇਸ਼ਕ਼ੇ ਨੂੰ ਲਾਜ, ਕੀ ਕਰੀਏ।
-----
ਜਾਨ ਲੈ ਕੇ ਹੀ, ਉਸ ਜੇ ਖ਼ੁਸ਼ ਹੋਣੈ,
ਐਨੀ ਗੱਲ ‘ਤੇ ਨਰਾਜ਼ ਕੀ ਕਰੀਏ।
-----
ਆਸ ਰੱਖ ਕੇ ਵਫ਼ਾ ਦੀ ਸੱਜਣਾਂ ਤੋਂ,
ਜੱਗ ਤੋਂ ਉਲਟਾ ਰਵਾਜ਼ ਕੀ ਕਰੀਏ।
-----
ਤੈਨੂੰ ਭੁੱਲਣਾ ਤਾਂ ਕੁਛ ਨਹੀਂ ਮੁਸ਼ਕਿਲ,
ਝੱਲੇ ਦਿਲ ਦਾ ਇਲਾਜ ਕੀ ਕਰੀਏ।
=====
ਗ਼ਜ਼ਲ
ਜੇ ਜਵਾਨੀ ਦਾ ਮਜ਼ਾ ਜਾਂਦਾ ਰਿਹਾ।
ਜ਼ਿੰਦਗਾਨੀ ਦਾ ਮਜ਼ਾ ਜਾਂਦਾ ਰਿਹਾ।
-----
ਛਾਪ ਤੂੰ ਦਿੱਤੀ, ਇਹ ਨਿਕਲ਼ੀ ਗ਼ੈਰ ਦੀ,
ਹਾਇ ! ਨਿਸ਼ਾਨੀ ਦਾ ਮਜ਼ਾ ਜਾਂਦਾ ਰਿਹਾ।
-----
ਤੂੰ ਨਹੀਂ, ਬਰਸਾਤ ਨੂੰ ਮੈਂ ਕੀ ਕਰਾਂ,
ਰੁੱਤ ਸੁਹਾਣੀ ਦਾ ਮਜ਼ਾ ਜਾਂਦਾ ਰਿਹਾ।
-----
ਜੀ ਰਹੇ ਹਾਂ ਪੀ ਕੇ ਹੰਝੂ, ਖਾ ਕੇ ਗ਼ਮ,
ਅੰਨ-ਪਾਣੀ ਦਾ ਮਜ਼ਾ ਜਾਂਦਾ ਰਿਹਾ।
-----
ਮਿਲ਼ ਕੇ ਸਾਨੂੰ ਗ਼ੈਰ ਦੇ ਘਰ ਟੁਰ ਗਿਉਂ,
ਮਿਹਰਬਾਨੀ ਦਾ ਮਜ਼ਾ ਜਾਂਦਾ ਰਿਹਾ।
-----
ਹੁਣ ਕਿਸੇ ਗੱਲ ਦਾ ਨਾ ਤੂੰ ਗ਼ੁੱਸਾ ਕਰੇਂ,
ਹਾਇ ! ਛੇੜਖਾਨੀ ਮਜ਼ਾ ਜਾਂਦਾ ਰਿਹਾ।
-----
ਟੁਰ ਗਿਆ ਦਿਲਬਰ ਉਦਾਸੀ ਲਾਇ ਕੇ,
ਮੌਜ ਮਾਣੀ ਦਾ ਮਜ਼ਾ ਜਾਂਦਾ ਰਿਹਾ।
-----
ਫਸ ਕੇ ਪੂਜਾ-ਪਾਠ ਅੰਦਰ ਪੰਡਿਤਾ!
ਇਸ ਜੁਆਨੀ ਦਾ ਮਜ਼ਾ ਜਾਂਦਾ ਰਿਹਾ।
-----
ਆ ਗਈ ਸਰਦੀ ਤੇ ਸਾਕ਼ੀ ਇਹ ਸ਼ਰਾਬ,
ਠੰਢੇ ਪਾਣੀ ਦਾ ਮਜ਼ਾ ਜਾਂਦਾ ਰਿਹਾ।
No comments:
Post a Comment