ਉਦਾਸੇ ਪਰਬਤਾਂ ‘ਤੇ ਬੈਠ ਕੇ ਦਿਨ ਭਰ ਵਫ਼ਾ ਸਿਸਕੇ।
ਬੜਾ ਮਾਯੂਸ ਹੋ ਕੇ ਆਦਮੀ ਤੋਂ ਜਿਉਂ ਖ਼ੁਦਾ ਸਿਸਕੇ।
-----
ਨਾ ਬੁੱਲ੍ਹਾਂ ‘ਤੇ ਰਹੀ ਨਾ ਦੇਵਤੇ ਦੇ ਕੋਲ਼ ਹੀ ਪਹੁੰਚੀ,
ਖ਼ਿਲਾ ਵਿਚ ਪਰ-ਕਟੇ ਪੰਛੀ ਜਿਹੀ ਬੇਬਸ ਦੁਆ ਸਿਸਕੇ।
-----
-----
ਭਰੀ ਮਹਿਫ਼ਲ ‘ਚ ਤੇਰੇ ਜ਼ਿਕਰ ‘ਤੇ ਜਦ ਕਹਿਕਹੇ ਗੂੰਜੇ,
ਅਸੀਂ ਚੁੱਪ ਚਾਪ ਤੈਨੂੰ ਯਾਦ ਕੀਤਾ ਹੈ, ਬੜਾ ਸਿਸਕੇ।
-----
ਯਕੀਨਨ, ਦਰਦ ਦੀ ਉਸ ਸ਼ਖ਼ਸ ਨੇ ਤੌਹੀਨ ਕੀਤੀ ਹੈ,
ਸਲੀਕਾ ਹੀ ਨਹੀਂ ਉਸ ਨੂੰ ਕਿ ਥਾਂ-ਪਰ ਥਾਂ ਪਿਆ ਸਿਸਕੇ।
-----
ਕਿਸੇ ਨੇ ਬੰਸਰੀ ਨੂੰ ਛਾਂਗਿਆ ਫਿਰ ਛਿੱਲਿਆ ਏਦਾਂ,
ਜਦੋਂ ਛੂਹੇ ਬੜੇ ਚਿਰ ਤਕ ਬੜੀ ਉੱਚੀ ਹਵਾ ਸਿਸਕੇ।
-----
ਬੜਾ ਹੈਰਾਨ ਹੈ ਹਾਕ਼ਮ ਕਿ ਮੁਜਰਿਮ ਕਿਸ ਤਰ੍ਹਾਂ ਦਾ ਹੈ,
ਜੇ ਹੋਵੇ ਕ਼ੈਦ ਤਾਂ ਹੱਸੇ, ਜੇ ਹੋ ਜਾਵੇ ਰਿਹਾ, ਸਿਸਕੇ।
-----
ਇਹ ਮੇਰਾ ਮੁਲਕ ਉਠ ਉਠ ਕੇ ਹੈ ਰਾਤੀਂ ਸਿਸਕਦਾ ਜੀਕਣ,
ਕਿਸੇ ਅਪਹਰਨ ਹੋ ਚੁਕੀ ਕੁਆਰੀ ਦਾ ਪਿਤਾ ਸਿਸਕੇ।
-----
ਤਪੇ ਮਾਰੂਥਲਾਂ ਵਿਚ ਜ਼ਿੰਦਗੀ ਸਾਡੇ ਕਿਵੇਂ ਭਟਕੀ,
ਲਿਖਾਂ ਜੇ ਨਾ ਕਥਾ ਸਿਸਕੇ, ਲਿਖਾਂ ਜੇਕਰ ਸਫ਼ਾ ਸਿਸਕੇ।
=====
ਗ਼ਜ਼ਲ
ਕਦੋਂ ਤਕ ਕਿਸ਼ਤੀਆਂ ਸਿਸਕਣ ਥਲਾਂ ਦੀ ਬੰਸਰੀ ਬਣ ਕੇ।
ਕਦੋਂ ਇਸ ਬਰਫ਼ ਨੇ ਤੁਰਨੈ ਪਹਾੜਾਂ ਤੋਂ ਨਦੀ ਬਣ ਕੇ।
-----
ਤੁਹਾਡੇ ਪੈਰ ਰੇਸ਼ਮ ਦੇ ਤਰਾਸ਼ਣਗੇ ਸਫ਼ਰ ਨਾਜ਼ੁਕ,
ਅਸਾਂ ਤਕ ਪਹੁੰਚਣਾ ਮੁਮਕਿਨ ਹੈ ਬਸ ਆਵਾਰਗੀ ਬਣ ਕੇ।
-----
ਪਿਘਲੀ ਸੜਕ ‘ਤੇ ਜਦ ਕੁਲਬੁਲਾਈ ਝੁਲ਼ਸਦੀ ਤਿਤਲੀ,
ਚੁਰਾ ਕੇ ਰੰਗ ਉਸ ਦੇ ਤੁਰ ਪਵਾਂਗੇ ਅਜਨਬੀ ਬਣ ਕੇ।
-----
ਤੁਸੀਂ ਤਾਂ ਰਸਤਿਆਂ ਨੂੰ ਵਰਗਲਾ ਕੇ ਪਾ ਲਈ ਮੰਜ਼ਿਲ,
ਬੜਾ ਭਟਕੇ ਅਸੀਂ ਥਾਂ ਥਾਂ ਸਫ਼ਰ ਦੀ ਬੇਬਸੀ ਬਣ ਕੇ।
-----
ਹੁਣੇ ਜੋ ਕਹਿ ਰਿਹਾ ਸੀ ਤੋੜਦੇ ਹਨ ਸ਼ੀਸ਼ਿਆਂ ਦੇ ਘਰ,
ਹੁਣੇ ਸ਼ੋ-ਕੇਸ ਵਿਚ ਜਾ ਬੈਠਿਆ ਹੈ ਮੂਰਤੀ ਬਣ ਕੇ।
-----
ਬੜੀ ਦੂਰੋਂ ਬੜੀ ਉੱਚੀ ਜੋ ਮੈਨੂੰ ਵਕ਼ਤ ਨੇ ਕੱਢੀ,
ਸਰਾਪੀ ਗਾਲ਼੍ਹ ਸਾਡੇ ਤੀਕ ਪਹੁੰਚੀ ਜ਼ਿੰਦਗੀ ਬਣ ਕੇ।
3 comments:
Sagar Sahib,Wah.....
ਸਾਗਰ ਸਾਹਿਬ ਦੀ ਗ਼ਜ਼ਲ ਵਿਚ ਪਿਆਰ ਅਨੁਭਵ ਅਤੇ ਰਾਜਸੀ ਚੇਤਨਾ, ਦੋਨੋਂ ਪੱਖ ਕਮਾਲ ਹਨ...
Shamsher Mohi (Dr.)
Ropar (punjab)
ਵਾਹ....ਵਾਹ....ਵਾਹ...ਵਾਹ....ਵਾਹ...
ਗ਼ਜ਼ਲ ਦੇ ਖੇਤਰ 'ਚ ਸਾਗਰ ਸਾਹਿਬ ਦੀ ਗ਼ਜ਼ਲ ਨਵੇਂ ਪਹਿਲੂਆਂ ਨੂੰ ਦ੍ਰਿਸ਼ਟੀਗੋਚਰ ਕਰਦੀ ਹੈ। ਗੱਲ ਕਹਿਣ ਦਾ ਨਵਾਂ ਅੰਦਾਜ਼ ਤੇ ਪੰਜਾਬੀ ਗ਼ਜ਼ਲ ਨੂੰ ਨਵੀਂ ਸ਼ਬਦਾਵਲੀ ਤੁਹਾਡੀ ਦੇਣ 'ਚ ਸ਼ੁਮਾਰ ਕੀਤੇ ਜਾ ਸਕਦੇ ਨੇ।
ਜਸਵੀਰ ਹੁਸੈਨ
ਦੀਪ ਨਿਰਮੋਹੀ
(ਜਲੰਧਰ)
Post a Comment