ਸਾਹਿਤਕ ਨਾਮ - ਵਿਜੇ ਵਿਵੇਕ
ਨਿਵਾਸ - ਫ਼ਰੀਦਕੋਟ, ਪੰਜਾਬ
ਪ੍ਰਕਾਸ਼ਿਤ ਕਿਤਾਬ - ਚੱਪਾ ਕੁ ਪੂਰਬ (੨੦੦੨) ਪ੍ਰਕਾਸ਼ਿਤ ਹੋ ਚੁੱਕੀ ਹੈ।
ਵਿਸ਼ੇਸ਼ ਧੰਨਵਾਦ: ਯੂ.ਕੇ. ਵਸਦੇ ਗ਼ਜ਼ਲਗੋ ਰਾਜਿੰਦਰਜੀਤ ਜੀ ਦਾ, ਜਿਨ੍ਹਾਂ ਨੇ ਵਿਜੇ ਜੀ ਦੀਆਂ ਗ਼ਜ਼ਲਾਂ ਆਰਸੀ ਲਈ ਭੇਜ ਕੇ ਉਹਨਾਂ ਦੀ ਹਾਜ਼ਰੀ ਲਵਾਈ।
*****
ਗ਼ਜ਼ਲ
ਬਿਗਾਨੇ ਰਾਹ ਨੇ ਤੇ ਵੀਰਾਨ ਜੂਹਾਂ,
ਭਟਕਦੀ ਬੇਖ਼ੁਦੀ ਨੂੰ ਵਰਜਿਆ ਕਰ।
ਤਿਰਾ ਹਾਂ ਜਿਸਮ ਤੋਂ ਰੂਹ ਤੀਕ ਤੇਰਾ,
ਕਦੀ ਤਾਂ ਮਿੱਠਾ-ਮਿੱਠਾ ਝਿੜਕਿਆ ਕਰ।
-----
ਇਹ ਅਪਣੀ ਹੋਂਦ ਦੇ ਵਿਪਰੀਤ ਹੋ ਗਏ,
ਬਦਨ ਤਾਂ ਕੀ ਲਹੂ ਤੱਕ ਸੀਤ ਹੋ ਗਏ,
ਨਹੀਂ ਸਮਝਣਗੇ ਤੇਰੀ ਪੀੜ ਬੰਦੇ,
ਦਰੱਖ਼ਤਾਂ ਕੋਲ਼ ਬਹਿ ਕੇ ਰੋ ਲਿਆ ਕਰ।
-----
ਇਹ ਤੇਰਾ ਹਾਣ, ਤੇਰੀ ਰੂਹ ਇਹੋ ਨੇ,
ਹਵਾ, ਧੁੱਪ, ਰੌਸ਼ਨੀ, ਖ਼ੁਸ਼ਬੂ ਇਹੋ ਨੇ,
ਸਿਮਟ ਜਾਵਣ ਤਾਂ ਫਿਰ ਖਿੜਦੇ ਨਹੀਂ ਇਹ,
ਕਦੀ ਜਜ਼ਬਾਤ ਨਾ ਸਿਮਟਣ ਦਿਆ ਕਰ।
-----
ਕਿਸੇ ਨੀਲੇ ਗਗਨ 'ਤੇ ਨੀਝ ਵੀ ਹੈ,
ਉਡਾਰੀ ਦੀ ਮਨਾਂ ਵਿਚ ਰੀਝ ਵੀ ਹੈ,
ਅਜੇ ਪਰਵਾਜ਼ ਕਿੱਥੇ ਹੈ ਪਰਾਂ ਵਿਚ,
ਅਜੇ ਉੱਡਣ ਲਈ ਨਾ ਆਖਿਆ ਕਰ।
------
ਬੁਝੇ ਸੂਰਜ ਤੋਂ ਹੁਣ ਨਜ਼ਰਾਂ ਹਟਾ ਲੈ,
ਕਿਤੇ ਚੱਪਾ ਕੁ ਥਾਂ ਪੂਰਬ ਬਚਾ ਲੈ,
ਮੇਰੀ ਤਾਂ ਧੁਖਣ ਦੀ ਆਦਤ ਹੀ ਬਣ ਗਈ,
ਮੇਰੇ ਬਾਰੇ ਨਾ ਏਨਾ ਸੋਚਿਆ ਕਰ।
=====
ਗ਼ਜ਼ਲ
ਅਜੇ ਤਾਂ ਦੂਰ ਸੀ ਮੰਜ਼ਿਲ ਨਜ਼ਰ ਤੋਂ ਦੂਰ ਕਿਤੇ,
ਇਹ ਰਸਤਿਆਂ 'ਚ ਹੀ ਕੀ-ਕੀ ਅੜਾਉਣੀਆਂ ਪਈਆਂ।
ਇੱਕ ਤਾਂ ਪੈਰਾਂ ਦੇ ਜ਼ਖ਼ਮ, ਦੂਸਰਾ ਸਫ਼ਰ ਥਲ ਦਾ,
ਤੇ ਤੀਜਾ ਕਿਸ਼ਤੀਆਂ ਸਿਰ 'ਤੇ ਉਠਾਉਣੀਆਂ ਪਈਆਂ ।
------
ਨਵੇਂ ਹੀ ਰੰਗ ਤੇ ਕੈਨਵਸ ਨਵੇਂ ਮੁਸੱਵਰ ਸਨ,
ਨਵੇਂ ਹੀ ਸਾਰਿਆਂ ਦੇ ਜ਼ਿਹਨ ਵਿਚ ਤਸੱਵੁਰ ਸਨ,
ਸਮੇਂ ਦੀ ਮੰਗ ਸੀ ਸਾਨੂੰ ਪੁਰਾਣੇ ਲੋਕਾਂ ਨੂੰ,
ਤਮਾਮ ਮੂਰਤਾਂ ਢਾਹ ਕੇ ਬਣਾਉਣੀਆਂ ਪਈਆਂ।
-----
ਮੇਰੇ ਹਬੀਬ, ਮੇਰੇ ਹਮਸਫ਼ਰ ਤੇ ਹਮਸਾਏ,
ਖ਼ਿਜ਼ਾਂ ਜਲਾਉਣ ਗਏ ਬਿਰਖ਼ ਹੀ ਜਲਾ ਆਏ,
ਨਹੀਂ ਸਲੀਬ 'ਤੇ ਚੜ੍ਹ ਕੇ ਝੁਕਾਉਣੀਆਂ ਸੀ ਕਦੀ,
ਨਿਗਾਹਾਂ ਸ਼ਰਮ ਦੇ ਮਾਰੇ ਝੁਕਾਉਣੀਆਂ ਪਈਆਂ।
-----
ਕਿਸੇ ਚਿਰਾਗ਼ ਦੇ ਮਸਤਕ 'ਚੋਂ ਤੋੜ ਕੇ ਕਿਰਨਾਂ,
ਤੁਸੀਂ ਜਾਂ ਸੁੱਟ ਗਏ ਝੰਭ ਕੇ ਮਰੋੜ ਕੇ ਕਿਰਨਾਂ,
ਮਿਸ਼ਾਲਾਂ ਮਮਟੀਆਂ 'ਤੇ ਜਗਦੀਆਂ ਸੀ ਪਰ ਸਾਨੂੰ,
ਉਠਾ ਕੇ ਸੀਨਿਆਂ ਅੰਦਰ ਜਗਾਉਣੀਆਂ ਪਈਆਂ ।
-----
ਬਹੁਤ ਮਾਸੂਮ ਸਨ ਕੰਜਕਾਂ ਕੁਆਰੀਆਂ ਗ਼ਜ਼ਲਾਂ,
ਤੇ ਧਾਹਾਂ ਮਾਰ ਕੇ ਰੋਈਆਂ ਵਿਚਾਰੀਆਂ ਗ਼ਜ਼ਲਾਂ,
ਅਸੀਂ ਤਾਂ ਸਾਵਿਆਂ ਬਿਰਖ਼ਾਂ ਦੇ ਇਸ਼ਕ ਵਿਚ ਲਿਖੀਆਂ ,
ਤੇ ਸਾਨੂੰ ਕੁਰਸੀਆਂ ਤਾਈਂ ਸੁਣਾਉਣੀਆਂ ਪਈਆਂ।
5 comments:
ਵਿਜੇ ਵਿਵੇਕ ਪੰਜਾਬੀ ਦਾ ਬੇਜੋੜ ਸ਼ਾਇਰ ਹੈ। ਉਸਦੀ ਗ਼ਜ਼ਲਾਂ ਆਰਸੀ 'ਤੇ ਪੋਸਟ ਕਰ ਕੇ ਤੁਸੀਂ ਪੁੰਨ ਖੱਟਣ ਵਰਗਾ ਹੀ ਕੰਮ ਕੀਤਾ ਹੈ।
Shamsher Mohi (Dr.)
Ropar (pb.)
ਡਾ: ਮੋਹੀ ਸਾਹਿਬ! ਵਿਵੇਕ ਜੀ ਦੀਆਂ ਗ਼ਜ਼ਲਾਂ ਮੈਂ ਕਾਫ਼ੀ ਦੇਰ ਤੋਂ ਪੋਸਟ ਕਰਨ ਦੀ ਸੋਚ ਰਹੀ ਸੀ, ਪਰ ਨਾ ਤਾਂ ਉਹਨਾਂ ਦੀ ਕੋਈ ਕਿਤਾਬ ਮੇਰੇ ਕੋਲ਼ ਸੀ ਤੇ ਨਾ ਹੀ ਕੋਈ ਸੰਪਰਕ ਨੰਬਰ। ਕਿਸੇ ਦੋਸਤ ਕੋਲ਼ੋਂ ਵੀ ਉਹਨਾਂ ਦੀ ਕੋਈ ਰਚਨਾ ਨਹੀਂ ਮਿਲ਼ੀ ਸੀ।
ਰਾਜਿੰਦਰਜੀਤ ਜੀ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਆਰਸੀ ਦੀ ਲਾਇਬ੍ਰੇਰੀ 'ਚ ਰੜਕਦੀ ਇਸ ਕਮੀ ਨੂੰ ਪੂਰਾ ਕਰ ਦਿੱਤਾ ਹੈ।
ਤੁਹਾਡੀਆਂ ਨਵੀਆਂ ਗ਼ਜ਼ਲਾਂ ਦਾ ਵੀ ਇੰਤਜ਼ਾਰ ਹੈ...ਆਸ ਹੈ ਜਲਦੀ ਹਾਜ਼ਰੀ ਲਵਾਓਂਗੇ।
ਅਦਬ ਸਹਿਤ
ਤਨਦੀਪ
ਇੱਕ ਇੱਕ ਸ਼ਿਅਰ ਪਾਇਦਾਰ। ਵਧੀਆ ਸਾਹਿਤ ਪਾਠਕਾਂ ਤੱਕ ਪਹੁੰਚਾਉਣ ਲਈ ਬਹੁਤ ਬਹੁਤ ਸ਼ੁਕਰੀਆ ।
ਬੜੇ ਵਰ੍ਹਿਆਂ ਬਾਦ ਨਜ਼ਰ ਆਇਆ ਹੈ ਵਿਵੇਕ। ਉਹ ਨਹੀਂ ਮੈਂ ਹੀ ਗੈਰਹਾਜ਼ਰ ਸੀ। ਉਸ ਦੀਆਂ ਗਜ਼ਲਾਂ ਅੰਦਰਲੇ ਤੁਰਦੇ ਹੋਏ ਸ਼ਬਦ ਮੈਂ ਆਪਣੀਂ ਗੈਰਹਾਜ਼ਰੀ ਵਿੱਚ ਵੀ ਮਹਿਸੂਸ ਕੀਤੇ ਨੇ। ਜ਼ਿਹਨੀਂ ਤੌਰ ਉੱਤੇ ਉਹ ਬੜੀ ਅਮੀਰ ਖ਼ੁਦਾਈ ਦਾ ਸ਼ਾਇਰ ਹੈ।ਉਸ ਕੋਲ ਨਿੱਠਕੇ ਤੁਰਨ ਦਾ ਲੰਬਾ ਦਾਇਰਾ ਹੈ। ਮੈਂ ਉਸਦੀ ਸ਼ਾਇਰੀ ਨੂੰ ਸਲਾਮ ਕਰਦਾ ਹਾਂ। ਦਰਸ਼ਨ ਦਰਵੇਸ਼ (ਸੁਖਦਰਸ਼ਨ ਸੇਖੋਂ)
ਪੁਖਤਾ ਸ਼ਾਇਰੀ ਦਾ ਨਾਂ ਏ ਵਿਜੇ ਵਿਵੇਕ-ਰੂਪ ਦਬੁਰਜੀ
Post a Comment