ਮੈਂ ਜਦੋਂ ਸੰਸਾਰ ਬਾਰੇ ਸੋਚਦਾ ਹਾਂ।
ਮਹਿਕਦੀ ਗੁਲਜ਼ਾਰ ਬਾਰੇ ਸੋਚਦਾ ਹਾਂ।
-----
ਤੂੰ ਕਹੇਂ ਤੂੰ ਸੋਚ ਅਪਣੇ ਆਪ ਬਾਰੇ,
ਮੈਂ ਕਹਾਂ, ਮੈਂ ਯਾਰ ਬਾਰੇ ਸੋਚਦਾ ਹਾਂ।
-----
-----
ਲੋਕ ਜਾ ਕੇ ਬਾਗ਼ ਵਿਚ ਫੁੱਲਾਂ ਦੀ ਸੋਚਣ,
ਮੈਂ ਹਮੇਸ਼ਾ, ਖ਼ਾਰ ਬਾਰੇ ਸੋਚਦਾ ਹਾਂ।
-----
ਹਰ ਧਡ਼ੇ ਵਿਚ ਨੇ ਬੁਰੇ ਕਿਰਦਾਰ ਵਾਲ਼ੇ ,
ਕੀ ਬਣੂੰ, ਸਰਕਾਰ ਬਾਰੇ ਸੋਚਦਾ ਹਾਂ।
-----
ਸੋਚ ਜਿਸਦੀ ਹੈ ਕਮੀਨੀ, ਉਹ ਭਲਾ ਫਿਰ,
ਕੀ ਕਰੂ, ਫ਼ਨਕਾਰ ਬਾਰੇ ਸੋਚਦਾ ਹਾਂ।
-----
ਧਰਮ ਅੰਮ੍ਰਿਤ ਹੈ ਪਰ ਇਸ ਦੇ ਨਾਂ ‘ਤੇ ਹੁੰਦੇ,
ਵਿਸ਼-ਭਰੇ, ਪਰਚਾਰ ਬਾਰੇ ਸੋਚਦਾ ਹਾਂ।
-----
ਇਹ ਤੇਰੀ ਮਰਜ਼ੀ, ਇਹ ਕਦੋਂ ਇਨਕਾਰ ਕਰਨੈ,
ਮੈਂ ਅਜੇ , ਇਕਰਾਰ ਬਾਰੇ ਸੋਚਦਾ ਹਾਂ।
-----
ਰੋਕ ਲੈਂਦੇ ਨੇ ਮੇਰੇ ਜਜ਼ਬਾਤ ਮੈਨੂੰ,
ਜਦ ਕਦੇ, ਇਜ਼ਹਾਰ ਬਾਰੇ ਸੋਚਦਾ ਹਾਂ।
-----
ਫਿਰ ਉਦ੍ਹੀ ਤਸਵੀਰ ਵੀ ਬੇਕਾਰ ਜਾਪੇ,
ਜਦ ਉਦ੍ਹੇ , ਕਿਰਦਾਰ ਬਾਰੇ ਸੋਚਦਾ ਹਾਂ।
-----
ਬੇਵਫ਼ਾ ਨਹੀਂ ਆਖਿਆ ਅਜ ਤਕ ਕਿਸੇ ਨੂੰ,
ਆਪਣੇ ਵਿਵਹਾਰ ਬਾਰੇ ਸੋਚਦਾ ਹਾਂ।
-----
ਇਹ ਕਰੇਗਾ ਮਾਰ ਇਕ ਦਿਨ, ਲਾਜ਼ਮੀ ਹੈ,
ਕਲਮ ਦੇ ਹਥਿਆਰ ਬਾਰੇ ਸੋਚਦਾ ਹਾਂ।
-----
ਭੇਤ ਪਹਿਲਾਂ ਪਾ ਲਵਾਂ, ਕੀ ਇਸ਼ਕ਼ ਹੁੰਦੈ,
ਫੇਰ ਕੁਝ ਜਿੱਤ-ਹਾਰ ਬਾਰੇ ਸੋਚਦਾ ਹਾਂ।
------
ਫਿਰ ਕਦੇ ਸੰਸਾਰ ਬਾਰੇ ਗੱਲ ਕਰਾਂਗੇ ,
ਮੈਂ ਅਜੇ ਘਰ-ਬਾਰ ਬਾਰੇ ਸੋਚਦਾ ਹਾਂ।
-----
ਦਿਲ ਕਹੇ, ਕਰ ਯਾਦ ਪਹਿਲਾਂ ਫ਼ਰਜ਼ ‘ਮਹਿਰਮ’,
ਮੈਂ ਜਦੋਂ ਅਧਿਕਾਰ ਬਾਰੇ ਸੋਚਦਾ ਹਾਂ।
1 comment:
Mehram Sahib,Wah....
Post a Comment