ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, September 30, 2010

ਬਲਵਿੰਦਰ ਸੰਧੂ - ਨਜ਼ਮ

ਰੂਪਾਂਤਰ

ਨਜ਼ਮ

ਹੌਲ਼ੀ ਹੌਲ਼ੀ ਰਮ ਰਹੀ

ਮੇਰੇ ਤਨ ਅੰਦਰ

ਮੱਠੀ ਮੱਠੀ ਸੂਰਜੇ ਦੀ ਧੁੱਪ

ਰਿਸ਼ਮ ਰਹੀ

ਸ਼ੀਤਲ ਚੰਨ ਦੀ ਰੁਸ਼ਨਾਈ

ਰੁਮਕ ਰਹੀ

ਪੁਰੇ ਦੀ ਸੁਬਕ ਹਵਾ

ਬਰਸ ਰਹੀ

ਨਿੱਕੀ ਨਿੱਕੀ ਬੱਦਲ਼ਾਂ ਦੀ ਭੂਰ

ਵਗ ਰਹੀ

ਹਿਮ ਪਾਣੀਆਂ ਦੀ ਸ਼ੀਰ ਨਦੀ

ਇਤਰਾਅ ਰਹੀ

ਫੁੱਲਾਂ ਦੀ ਕਿਓੜੀ ਖ਼ੁਸ਼ਬੋ

ਟਿਮਕ ਰਹੀ

ਭਿੰਨੀ ਭਿੰਨੀ ਤਾਰਿਆਂ ਦੀ ਲੋਅ

ਰਸ ਰਹੀ

ਬੂੰਦ ਬੂੰਦ ਤ੍ਰੇਲ ਦੀ ਤਾਜ਼ਗੀ...

................

ਹੌਲ਼ੀ ਹੌਲ਼ੀ ਮਘ ਰਹੀ

ਮੇਰੇ ਮਨ

ਊਰਜਾ ਦੀ ਮੁਤਲਾਸ਼ੀ ਅਗਨ

ਖ਼ੁਮਾਰ ਰਹੀ

ਤੁਪਕਾ ਤੁਪਕਾ ਲਹੂ ਦੀ ਚਾਸ਼ਨੀ

ਮਹਿਕ ਰਹੀ

ਮਿੱਠੀ ਮਿੱਠੀ ਪ੍ਰੇਮ ਦੀ ਮੁਸਕਾਨ

ਅੰਕੁਰ ਰਹੀ

ਕੂਲ਼ੀ ਕੂਲ਼ੀ ਸ਼ਬਦਾਂ ਦੀ ਲੂਈ

ਲਹਿਰਾਅ ਰਹੀ

ਗੀਤਾਂ ਦੀ ਸਾਵੀ ਸਾਵੀ ਘਾਹ...

...............

ਨਿੱਤਰ ਰਹੀ

ਵਿਵੇਕ ਪਾਣੀਆਂ ਦੀ ਝੀਲ

ਖ਼ੁਸ਼ਬੋਅ ਰਹੀ

ਮੇਰੇ ਤਨ ਦੀ ਅਗਰਬੱਤੀ

ਰੁਸ਼ਨਾਅ ਰਹੀ

ਮਨ ਦੀ ਉੱਚੀ ਅਟਾਰੀ...

................

ਹੌਲ਼ੀ ਹੌਲ਼ੀ ਮੈਂ

ਧਰਤ ਹੋ ਰਿਹਾਂ

ਕਰਤੇ ਦੀ ਕਿਰਤ ਹੋ ਰਿਹਾਂ

ਮੈਂ ਹੌਲ਼ੀ ਹੌਲ਼ੀ...

=====

ਗ਼ਜ਼ਬ ਸਮਾਂ

ਨਜ਼ਮ

ਅੱਖਾਂ ਖੋਲ੍ਹਦਾਂ-

ਝਿੰਮਣੀਆਂ ਪੱਠ-ਕੰਡੇ ਬਣ ਜਾਂਦੀਆਂ

...........

ਘਰੋਂ ਨਿੱਕਲ਼ਦਾਂ

ਮੋਹ ਦੀਆਂ ਬੇੜੀਆਂ ਛਣਕਦੀਆਂ

............

ਨਗਰ ਪਰਤਦਾਂ

ਤਮਾਮ ਦੀਵੇ ਬੁਝ ਜਾਂਦੇ

..........

ਦੀਨ ਧਿਆਉਦਾਂ

ਮਜ਼੍ਹਬ ਫ਼ੁੰਕਾਰੇ ਮਾਰਦਾ

..........

ਚੋਰ ਫੜਦਾਂ

ਅੰਦਰਲਾ ਸ਼ੋਰ ਮਚਾਉਂਦਾ

.............

ਗੀਤ ਸੁਣਦਾਂ

ਕੰਨਾਂ ਚੋਂ ਪੀਕ ਵਗਦੀ

..........

ਕਿਤੇ ਨਜ਼ਰ ਮਿਲਾਉਂਦਾਂ

ਅੱਖ ਗਾਇਬ ਹੋ ਜਾਂਦੀ

..............

ਵਕ਼ਤ ਦੇਖਦਾਂ

ਧਰਤ ਪੁੱਠਾ ਗਿੜਦੀ

.............

ਦਿਲ ਦੀ ਸੁਣਦਾਂ

ਸਿਰ ਚੋਂ ਰੇਤ ਕਿਰਦੀ

..............

ਕੇਹਾ ਮੌਸਮ, ਕੇਹੀ ਹਵਾ

ਗ਼ਜ਼ਬ ਰਜ਼ਾ ਗ਼ਜ਼ਬ ਸਜ਼ਾ...!


No comments: