ਕਦੋਂ ਆਵੇਗਾ ਵੇਲਾ ਫਿਰ ਪੁਰਾਣੀ ਦੋਸਤੀ ਵਰਗਾ।
ਮੇਰੇ ਦਿਲ ਵਿਚ ਕਿਸੇ ਦੇ ਵਾਅਦਿਆਂ ਦੀ ਹਾਜ਼ਰੀ ਵਰਗਾ।
-----
ਸੁਨਹਿਰੀ ਸੁਪਨਿਆਂ ਅੰਦਰ ਜੋ ਕੀਤੀ ਦਿਲ-ਲਗੀ ਵਰਗਾ।
ਉਹ ਕਿਰ ਸਕਦਾ ਨਹੀਂ ਹੈ ਚੇਤਿਆਂ ’ਚੋਂ ਚਾਨਣੀ ਵਰਗਾ।
-----
-----
ਕਦੇ ਭੁਲ ਕੇ ਵੀ ਮਨ ਮੰਦਰ ’ਚ ਮੈਂ ਉਸਨੂੰ ਟਿਕਾਉਂਦਾ ਨਾ,
ਪਤਾ ਹੁੰਦਾ ਜੇ ਉਸਦਾ ਪਿਆਰ ਹੈ ਫੁਲ ਕਾਗ਼ਜ਼ੀ ਵਰਗਾ।
-----
ਖ਼ਬਰ ਹੋਈ ਨਾ ਅੰਬਰ ਨੂੰ ਨਾ ਹੋਵੇਗੀ ਕਦੇ ਸ਼ਾਇਦ,
ਕਿ ਧਰਤੀ ਤੇ ਕੀ ਵਾਪਰਦਾ ਰੋਜ਼ਾਨਾ ਖ਼ੁਦਕੁਸ਼ੀ ਵਰਗਾ।
-----
ਜਿਦ੍ਹੇ ਵਿਚ ਦਰਜ ਨੇ ਪੀੜਾਂ ਗ਼ਮੀ ਤੜਪਣ ਗ਼ਿਲੇ ਸ਼ਿਕਵੇ,
ਮੇਰਾ ਦਿਲ ਜਾਪਦਾ ਹੈ ਸਦਮਿਆਂ ਦੀ ਡਾਇਰੀ ਵਰਗਾ।
-----
ਕੋਈ ਜਾਣੇ ਜਾਂ ਨਾ ਜਾਣੇ ਮਨੁੱਖੀ ਹੋਂਦ ਦੀ ਕੀਮਤ,
ਪਰ ਉਂਝ ਇਹ ਆਦਮੀ ਤਾਂ ਆਦਮੀ ਹੈ ਆਦਮੀ ਵਰਗਾ।
-----
ਹਨੇਰੀ ਰਾਤ ਨੂੰ ਜੋ ਕਰ ਸਕੇ ਤਬਦੀਲ ਦਿਨ ਵਾਂਗੂੰ,
ਤਮੰਨਾ ਹੈ ਕਿ ਹੋਵੇ ਇਸ ਤਰ੍ਹਾਂ ਕੁਝ ਰੌਸ਼ਨੀ ਵਰਗਾ।
1 comment:
Sajan Sahib,Bauht Khoob
Post a Comment