ਨਜ਼ਮ
ਮੈਂ ਛਤੜੀ ‘ਚ ਪੈਦਾ ਹੋਇਆ ਸਿਧਾਰਥ ਹਾਂ
ਨਿੱਕੇ ਜਿਹੇ ਨੇ ਸੁਣਿਆ
ਜਦੋਂ ਚੁੱਲ੍ਹੇ ਦੀ ਠੰਢੀ ਸਵਾਹ ਨੇ ਕਿਹਾ:
‘ਭੁੱਖ’
ਬਚਪਨ ‘ਚ ਹੀ ਪੜ੍ਹਿਆ
ਚੋਂਦੀ ਛੱਤ ਨੇ ਕੱਚੀਆਂ ਕੰਧਾਂ ‘ਤੇ
ਘਰਾਲ਼ਾਂ ਦੀ ਲਿੱਪੀ ‘ਚ ਲਿਖਿਆ,
‘ਦੁੱਖ’
ਵੱਡਾ ਹੋ ਕੇ ਕੋਹੜੀ ਨਹੀਂ ਵੇਖੇ
ਗ਼ੁਰਬਤ ਦਾ ਕੋਹੜ ਹੰਢਾਇਆ ਹੈ
..............
ਪਤਨੀ ਸੁੱਤੀ ਨਹੀਂ
ਵਿਲਕਦੀ ਛੱਡ ਆਇਆ ਹਾਂ
ਯਿਸ਼ੂ ਨੂੰ
ਖਿਡੌਣਿਆਂ ਦੇ ਲਾਲਚ ਵਰਾਇਆ ਹੈ
ਕਪਲਵਸਤੂ ਸੱਤ ਸਮੁੰਦਰ ਪਿਛਾਂਹ ਰਹਿ ਗਿਆ ਹੈ
..............
ਬੋਧ ਰੁੱਖ ਦੀ ਛਾਂ
ਬੇਬਸੀ ਦਾ ਰੁੱਖ ਮਿਲ਼ਿਆ ਹੈ
ਜੋ ਕਦੇ ਸਤਾਈ ਮੰਜ਼ਿਲਾ ਬਿਲਡਿੰਗ ਨੂੰ
ਲੱਗੀ ਪੈੜ ‘ਤੇ ਉਗਦਾ ਹੈ
ਕਦੇ ਮੌਤ ਦੇ ਹਨੇਰੇ ‘ਚ ਘਿਰੇ
ਗੈਸ ਸਟੇਸ਼ਨ ‘ਤੇ
ਕਦੇ ਕਾਰ ਹਾਦਸੇ ਦਾ ਸ਼ਿਕਾਰ ਹੋਣ ਜਾ ਰਹੀ
ਪੀਲ਼ੀ ਕਾਰ ਵਿਚ
..............
ਗਿਆਨ-ਵੀਣਾ ਵਜਾਉਣੀ
ਸੁਨਹਿਰੀ ਕੁੜੀ ਹੋਵੇਗੀ
ਕਿਸੇ ਕਲੱਬ ‘ਚ
ਮਿੱਤਰ-ਮੁੰਡੇ ਦੇ ਗਲ਼ ਨਾਲ਼ ਚਿੰਬੜੀ
‘ਹਲਕੇ ਸੰਗੀਤ’ ‘ਤੇ
‘ਭਾਰੇ’ ਪੈਰਾਂ ਨਾਲ਼ ਝੂੰਮਦੀ
ਕਿਸ ਦੀ ਉਡੀਕ
ਕੇਹਾ ਨਿਰਵਾਣ
ਕੇਹੀ ਤਲਾਸ਼
ਝੱਖੜ ਦਰੱਖ਼ਤਾਂ ਤੋਂ ਤਿਲ੍ਹਕ ਕੇ
ਮੇਰੇ ਮਸਤਕ ਚ ਸਮਾਅ ਗਿਆ ਹੈ
ਮਾਰੂਥਲ ਦਾ ਭਟਕਦਾ ਵਰੋਲ਼ਾ
ਮੇਰੇ ਪੈਰਾਂ ਦੀਆਂ-
ਲੀਕਾਂ ਬਣ ਗਿਆ ਹੈ
ਕਥਾ ਪਲਟ ਗਈ ਹੈ
ਸਿਧਾਰਥ ਬੁੱਧ ਬਣ ਕੇ
ਸ਼ਿਲਾਲੇਖ ਬਣਦਾ ਬਣਦਾ
ਅਸਿਧਾਰਥ ਬਣ ਕੇ
ਤੇਜ਼ ਰਫ਼ਤਾਰ ਦੀ ਧੂੜ ਹੇਠ ਦੱਬੀ
ਸਭਿਅਤਾ ਬਣ ਗਿਆ ਹੈ
=====
ਪੀਲ਼ਾ ਚੰਨ
ਨਜ਼ਮ
ਰੌਸ਼ਨ ਸ਼ਹਿਰ ਦੇ ਸਿਰ ਉੱਤੋਂ ਦੀ
ਚੰਨ ਦਿਸਦਾ ਹੈ ਪੀਲ਼ਾ ਪੀਲ਼ਾ
ਇਸਦਾ ਦੁਧੀਆ ਚਾਨਣ ਜੀਕੂੰ
ਮਹਾਂਨਗਰ ਦੀਆਂ ਰੌਸ਼ਨੀਆਂ ਨੇ
ਚੂਸ ਲਿਆ
...........
ਰੌਸ਼ਨ ਸ਼ਹਿਰ ਦੇ ਸਿਰ ਉੱਤੋਂ ਦੀ
ਦਿਸਦੇ ਚੰਨ ਵਿਚ
ਮੇਰਾ ਚਿਹਰਾ ਝਲਕ ਰਿਹਾ ਹੈ....
====
ਔੜ
ਨਜ਼ਮ
ਬਾਰਿਸ਼ ਹੈ
ਅਹਿਸਾਸ ਹੀਣੀ
ਭੀੜ ਹੈ
ਦਿਨ ਵੀ ਨੀਲਾ ਜਿਹਾ
ਪਰ ਦਿਲਾਂ ਦੇ ਨਾਲ਼
ਦਿਲ ਟਕਰਾਉਂਦੇ ਨਹੀਂ
ਬਸ ਛਤਰੀਆਂ ਨਾਲ਼
ਛਤਰੀਆਂ ਖਹਿੰਦੀਆਂ ਨੇ....
=====
ਆ ਨੀਂ ਪੌਣੇ
ਨਜ਼ਮ
ਕਣੀਆਂ ਦੀ ਇਕ ਮਗਰੀ ਭਰ ਕੇ
ਸੁੱਕਦੇ ਰੁੱਖਾਂ ਨੂੰ ਜਾ ਪਾਈਏ!
ਆ ਨੀਂ ਪੌਣੇ! ਆਪਾਂ ਵੀ ਕੋਈ
ਬੱਦਲ਼ਾਂ ਵਰਗਾ ਫ਼ਰਜ਼ ਨਿਭਾਈਏ!
............
ਜਿਸਦੇ ਸਾਹੀਂ ਰਲ਼ੀ ਕੁੜੱਤਣ
ਆ ਉਸਦੇ ਸਾਹਾਂ ਨੂੰ ਪੁਣੀਏਂ!
ਤਰੇਲ਼ ਬੇਦਾਵਾ ਕਿਉਂ ਲਿਖਦੀ ਹੈ
ਕਲੀਆਂ ਕੋਲ਼ੋਂ ਵਿਥਿਆ ਸੁਣੀਏਂ!
ਫ਼ਿੱਕੇ ਪੈਂਦੇ ਇਸ ਰਿਸ਼ਤੇ ਨੂੰ
ਫੇਰ ਮਜੀਠੀ ਰੰਗ ਚੜ੍ਹਾਈਏ
ਆ ਨੀਂ ਪੌਣੇ!
.............
ਬਿਨ ਸਿਰਨਾਵੇਂ ਜੋ ਫਿਰਦੇ ਨੇ
ਉਨ੍ਹਾਂ ਖ਼ਤਾਂ ਦਾ ਦੁਖੜਾ ਪੜ੍ਹੀਏ!
ਕਿੱਥੋਂ ਆਏ ਕਿਸ ਥਾਂ ਜਾਣਾ
ਏਨੀ ਕੁ ਪੜਤਾਲ਼ ਤਾਂ ਕਰੀਏ!
ਥਹੁ ਮਿਲ਼ ਜਾਵੇ ਜੇ ਥਾਂ ਸਿਰ ਦਾ
ਤਾਂ ਏਨ੍ਹਾਂ ਨੂੰ ਰਸਤੇ ਪਾਈਏ!
ਆ ਨੀ ਪੌਣੇ!
.............
ਉੱਜੜੇ ਹੋਏ ਦਰਾਂ ਦੇ ਉੱਤੇ
ਪੱਤ ਸ਼ਰੀਂਹ ਦੇ ਟੰਗਣ ਚੱਲੀਏ!
ਠਰੀ ਚਾਨਣੀ ਦੀ ਲੈ ਭਾਜੀ
ਧੁਖਦੇ ਵਿਹੜੀਂ ਵੰਡਣ ਚੱਲੀਏ!
ਮਾਰੂਥਲ ਦੇ ਪਿਆਸੇ ਹੋਠੀਂ
ਭਰ ਸਾਗਰ ਦਾ ਪਿਆਲਾ ਲਾਈਏ!
ਆ ਨੀਂ ਪੌਣੇ!!
ਆ ਨੀਂ ਪੌਣੇ!!
2 comments:
ਸਿਧਾਰਥ ਬੁੱਧ ਬਣ ਕੇ
ਸ਼ਿਲਾਲੇਖ ਬਣਦਾ ਬਣਦਾ
ਅਸਿਧਾਰਥ ਬਣ ਕੇ
ਤੇਜ਼ ਰਫਤਾਰ ਦੀ ਧੂੜ ਹੇਠ ਦੱਬੀ
ਸਭਿਅਤਾ ਬਣ ਗਿਆ ਹੈ
absolutely beautiful Sohal ji..
Well written and well expressed!
ਸੋਹਲ ਦੀਆਂ ਪਿਆਰੀਆਂ ਨਜ਼ਮਾਂ ਨੇ ਰੂਹ ਤਕ ਅਸਰ ਕੀਤਾ -ਰੂਪ ਦਬੁਰਜੀ
Post a Comment