ਨਜ਼ਮ
ਖੱਬੇ ਘਰੋਂ
ਰੋਜ਼ ਵਾਂਗ ਆ ਰਹੀ ਹੈ
ਔਰਤ ਦੀਆਂ ਚੀਕਾਂ ਦੀ ਆਵਾਜ਼
ਸੱਜੇ ਘਰ ਦਾ ਬਜ਼ੁਰਗ
ਇਲਾਜ ਖੁਣੋਂ
ਹੂਕ ਰਿਹਾ ਹੈ
ਸਾਮ੍ਹਣੇ ਘਰ ਵਾਲ਼ਿਆਂ
ਬੱਚੇ ਨੂੰ ਮਾਰ ਮਾਰ ਕੇ
ਨੀਲ ਪਾ ਦਿੱਤੇ ਹਨ
..........
ਅਸੀਂ ਕਿਸੇ ਦੇ ਘਰ ਨਹੀਂ ਜਾਂਦੇ
ਇਸ ਸਭ
ਉਨ੍ਹਾਂ ਦਾ ਜ਼ਾਤੀ ਮਾਮਲਾ ਹੈ
..........
ਏਸੇ ਤਰ੍ਹਾਂ ਹੌਲ਼ੀ ਹੌਲ਼ੀ
ਜ਼ਾਤੀ ਮਾਮਲੇ ਬਣ ਗਏ ਹਨ...
ਅਦਾਲਤਾਂ ਵਿਚ ਰਿਹਾਈ
ਉਡੀਕਦੇ ਨਿਆਂ
ਪਾਰਕ ਵਿਚ ਬਜ਼ੁਰਗ ‘ਤੇ ਹੋਇਆ
ਨਸਲੀ ਹਮਲਾ
ਬਲਾਤਕਾਰ ਦੀ ਸ਼ਿਕਾਰ ਕੁੜੀ ਨੂੰ
ਪੁੱਛੇ ਜਾਂਦੇ ਸੁਆਲ
ਸੈਂਤੀ ਜੁਰਮਾਂ ਦੇ ਦੋਸ਼ੀ ਦੀ ਲੋਕ ਸਭਾ
ਚੋਣ ਵਿਚ ਜਿੱਤ
ਪਿੰਡ ਦੇ ਖੂਹ ‘ਤੋਂ ਕੁਝ ਲੋਕਾਂ ਨੂੰ
ਪਾਣੀ ਭਰਨ ਦੀ ਮਨਾਹੀ
ਵਿਆਨਾ ਸ਼ਹਿਰ ਦੇ ਘਰ ‘ਚੋਂ ਮਿਲ਼ਿਆ
ਪੰਜ ਸਾਲ ਪਹਿਲਾਂ ਗੁਜ਼ਰ ਗਏ
ਇਕੱਲੇ ਬਜ਼ੁਰਗ ਦਾ ਸਰੀਰ
ਟਰਾਂਟੋ ਸ਼ਹਿਰ ਦੇ ਫਲੈਟ ‘ਚੋਂ ਮਿਲ਼ਿਆ
ਤਿਆਗਣ ਮਗਰੋਂ ਭੁੱਖ ਨਾਲ਼ ਮਰ ਗਏ
ਤਿੰਨ ਮਹੀਨੇ ਦੇ ਬਾਲ ਦਾ ਸਰੀਰ
ਵੀ ਸਾਡਾ ਮਾਮਲਾ ਨਹੀਂ
...........
ਤਿੱਬਤ ਉੱਤੇ
ਹੋਇਆ ਕਬਜ਼ਾ
ਇਰਾਕ ਉੱਤੇ
ਹੋਇਆ ਹਮਲਾ
ਅਫ਼ਗਾਨੀ ਔਰਤਾਂ ਦੀ
ਦੁਰਗਤੀ
ਗੋਲ਼ੀਆਂ ਨਾਲ਼ ਮਰਦੇ
ਚੀਨੀ ਵਿਦਿਆਰਥੀ
ਮੂਰਖਾਂ ਦੇ ਹੱਥਾਂ ‘ਚ ਫੜਿਆ
ਐਟਮ ਬੰਬ
...........
ਅਸੀਂ ਅਜਿਹੇ ਕਿਸੇ ਵੀ ਮਾਮਲੇ ਵਿਚ
ਦਖ਼ਲ ਨਹੀਂ ਦਿੰਦੇ
======
ਫੈਸਲਾ
ਨਜ਼ਮ
ਤਲਵਾਰ ਦੀ ਨੋਕ ਤਿੱਖੀ ਹੈ
ਧਾਰ ਚੀਰਵੀਂ ਹੈ
ਮੁੱਠ ਉੱਤੇ ਸੋਨਾ ਹੈ
...........
ਤਲਵਾਰ ਕਿਸੇ ਦੇ ਪਿੰਡੇ ਵਿਚ
ਲਹਿੰਦੀ ਹੈ
...........
ਮੁਕੱਦਮਾ ਚਲਦਾ ਹੈ
ਫੈਸਲਾ ਹੁੰਦਾ ਹੈ
..............
ਤਲਵਾਰ ਦੀ
ਧਾਰ ਖੁੰਢੀ ਕਰ ਦਿੱਤੀ ਜਾਵੇ
ਨੋਕ ਮੋੜ ਦਿੱਤੀ ਜਾਵੇ
ਮੁੱਠਾ ਤੋੜ ਦਿੱਤਾ ਜਾਵੇ
ਸੋਨਾ ਲੁੱਟ ਲਿਆ ਜਾਵੇ
ਜੋ ਬਚ ਜਾਵੇ ਉਸਨੂੰ
ਮਿਆਨ ਵਿਚ ਬੰਦ
ਕਰ ਦਿੱਤਾ ਜਾਵੇ
......
ਜਿਸ ਹੱਥ ਨੇ ਤਲਵਾਰ ਵਾਹੀ ਹੈ
ਉਸਨੂੰ ਬਰੀ ਕਰ ਦਿੱਤਾ ਜਾਵੇ
3 comments:
ਡਾ.ਸੁਖਪਾਲ ਜੀ,ਨਜ਼ਮ 'ਜਾਤੀ ਮਾਮਲਾ' ਬਾ-ਕਮਾਲ ਏ| ਕਿੰਨਾ ਸੱਚ ਹੈ,ਅਸੀਂ ਸਭ ਮੂਕਦਰਸ਼ਕ ਬਣ ਗਏ,ਕਿੰਨਾਂ ਕੁਝ ਚੁਫੇਰੇ ਵਾਪਰ ਰਿਹਾ ਹੈ -ਰੂਪ ਦਬੁਰਜੀ
khoob dr.sukhpal ji
Dr Sukhpal ji,
Tuhadi soch tikhi aa ,
eh assi kiho jiha drad handa rahey aa apney aaley dualey
Davinder Kaur
California
Post a Comment