ਨਜ਼ਮ
ਜ਼ਿੰਦਗੀ ਦੇ ਜੰਗਲ ‘ਚ
ਬਹੁਤ ਭਟਕੀ ਹਾਂ
ਗਿਆਨ ਦੀ ਤਲਾਸ਼ ‘ਚ
ਇਹ ਗ਼ਲਤ ਜਾਪਦਾ ਹੈ ਮੈਨੂੰ
ਗਿਆਨ ਕਿਸੇ ਬੋਹੜ ਥੱਲੇ
ਕਈ ਸਾਲ ਬੈਠਿਆਂ
ਭੁੱਖਾਂ ਤੇ ਫਾਕੇ ਕੱਟਿਆਂ
ਹੋ ਜਾਇਆ ਕਰਦਾ ਹੈ ਹਾਸਿਲ
ਕਿ ਇਸ ਪ੍ਰਾਪਤੀ ਲਈ
ਇਕਾਂਤ ਦੀ ਲੋੜ ਹੈ ਕੇਵਲ
ਕਿ ਇਸਨੂੰ ਪਾਉਣ ਲਈ
ਜ਼ਿੰਦਗੀ ਨਾਲ਼ੋਂ ਤੋੜ ਕੇ ਨਾਤਾ
ਉੱਚੀਆਂ ਚੋਟੀਆਂ ‘ਤੇ
ਚੜ੍ਹਨਾ ਹੈ ਜ਼ਰੂਰੀ
...........
ਗਿਆਨ ਦੀ ਪ੍ਰਾਪਤੀ
ਜਾਂ ਸੋਝੀ ਆਉਣਾ
ਤੇ ਮੁਕਤੀ ਪਾਉਣਾ
ਇਹ ਵਾਕ ਬੇਅਰਥ ਹਨ ਤਦ ਤੱਕ
ਕਿ ਜਦ ਤੱਕ
ਜ਼ਿੰਦਗੀ ਦੇ ਹਨੇਰੇ ਜੰਗਲ ‘ਚ
ਨੰਗੇ ਪੈਰੀਂ
ਸੂਲ਼ਾਂ ਮੱਲੇ ਰਾਹਾਂ ‘ਚੋਂ
ਚਾਨਣ ਦੀਆਂ ਕਾਤਰਾਂ ਢੂੰਡਦਾ
ਤੇ ਬੰਦ ਰਾਹ ‘ਚੋਂ ਰਾਹ ਬਣਾਉਂਦਾ ਕੋਈ
ਲੰਘਦਾ ਨਹੀਂ ਕੋਈ
...........
ਮੈਂ ਕਿਸੇ ਬੋਹੜ ਥੱਲੇ ਜ਼ਿੰਦਗੀ ਤੋਂ ਨੱਸ ਕੇ
ਜ਼ਿੰਦਗੀ ਦੇ ਦੁੱਖਾਂ ਦਾ ਹੱਲ ਲੱਭਣ ਲਈ
ਨਹੀਂ ਹੈ ਬਹਿਣਾ
ਕਿਤਨਾ ਬੇਮਾਇਨਾ ਲਗਦਾ ਹੈ ਮੈਨੂੰ
ਇੰਝ ਗਿਆਨ ਨੂੰ
ਤਲਾਸ਼ ਕਰਨਾ
ਮੇਰੀ ਤਾਂ ਸਾਂਝ ਹੈ ਕੇਵਲ
ਪੈਰਾਂ ਦਿਆਂ ਛਾਲਿਆਂ ਨਾਲ਼।
=====
ਜੁਗਨੂੰ
ਨਜ਼ਮ
ਮੈਂ ਇਕ ਜੁਗਨੂੰ
ਚਾਨਣ ਵੰਡਦਾ
ਨਿੱਕੇ-ਨਿੱਕੇ
ਖੰਭ ਨੇ ਮੇਰੇ
ਉਡਦਾ ਜਾਂਦਾ
ਹਰ ਕਿਸੇ ਦਾ
ਮਨ ਪਰਚਾਂਦਾ
ਨ੍ਹੇਰੇ ਰੁਸ਼ਨਾਂਦਾ
ਜਦ ਕੋਈ ਚੰਚਲਹਾਰਾ
ਮੈਨੂੰ ਫੜਦਾ
ਮੁੱਠੀ ਬੰਦ ਕਰਦਾ
ਕੋਸੇ ਚਾਨਣ ਰੰਗੀ
ਮੁੱਠੀ ਨੂੰ ਤੱਕ
ਖਿੜਖਿੜਾਂਦਾ
ਉਹ ਨਾ ਜਾਣੇ-
ਮੈਂ ਮੁੱਠੀ ਵਿਚ
ਸਾਹ ਘੁੱਟ ਕੇ
ਮਰ ਜਾਂਦਾ।
No comments:
Post a Comment