ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, October 14, 2010

ਡਾ: ਅੰਬਰੀਸ਼ - ਨਜ਼ਮ

ਆਰਸੀ ਤੇ ਖ਼ੁਸ਼ਆਮਦੀਦ

ਸਾਹਿਤਕ ਨਾਮ: ਡਾ: ਅੰਬਰੀਸ਼

ਅਜੋਕਾ ਨਿਵਾਸ: ਅੰਮ੍ਰਿਤਸਰ, ਪੰਜਾਬ

ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ: ਸਭ ਧਰਤੀ ਕਾਗਦੁ, ਪਹੀਆ-ਚਿੜੀ ਤੇ ਅਸਮਾਨ, ਅਨੰਤ ਪਰਵਾਸ, ਰੰਗ ਤੇ ਰੇਤ ਘੜੀ ਅਤੇ ਬ੍ਰਹਮ ਕਮਲ ਪ੍ਰਕਾਸ਼ਿਤ ਹੋ ਚੁੱਕੀਆਂ ਹਨ।

*****

ਦੋਸਤੋ! ਕੋਈ ਦੋ ਕੁ ਸਾਲ ਪਹਿਲਾਂ, ਡਾ: ਅੰਬਰੀਸ਼ ਜੀ ਦਾ ਕਾਵਿ-ਸੰਗ੍ਰਹਿ ਬ੍ਰਹਮ ਕਮਲ ਮੈਨੂੰ ਦਵਿੰਦਰ ਪੂਨੀਆ ਜੀ ਨੇ ਪੜ੍ਹਨ ਵਾਸਤੇ ਦਿੱਤਾ ਸੀ, ਜਿਸ ਵਿਚ ਬਹੁਤ ਹੀ ਖ਼ੂਬਸੂਰਤ ਰਚਨਾਵਾਂ ਸ਼ਾਮਿਲ ਹਨ। ਅੱਜ ਉਹਨਾਂ ਨੇ ਆਪਣੀਆਂ ਨਵੀਆਂ ਅਤੇ ਅਣਪ੍ਰਕਾਸ਼ਿਤ ਰਚਨਾਵਾਂ ਆਰਸੀ ਲਈ ਘੱਲ ਕੇ ਸਾਡਾ ਸਭ ਦਾ ਮਾਣ ਵਧਾਇਆ ਹੈ, ਮੈਂ ਉਹਨਾਂ ਦੀ ਦਿਲੋਂ ਸ਼ੁਕਰਗੁਜ਼ਾਰ ਹਾਂ। ਇਹਨਾਂ ਖ਼ੂਬਸੂਰਤ ਰਚਨਾਵਾਂ 'ਚੋਂ ਉਹਨਾਂ ਦੀ ਮਹੀਨਾ ਕੁ ਪਹਿਲਾਂ ਦੀ ਇੰਗਲੈਂਡ ਫੇਰੀ ਦੀ ਝਲਕ ਮਿਲ਼ਦੀ ਹੈ। ਆਸ ਹੈ ਡਾ: ਸਾਹਿਬ ਅੱਗੇ ਤੋਂ ਵੀ ਹਾਜ਼ਰੀ ਲਵਾਉਂਦੇ ਰਹਿਣਗੇ। ਇਸ ਪੋਸਟ ਵਿਚ ਸ਼ਾਮਿਲ ਸੈਂਡਲ ਖ਼ਰੀਦਦਿਆਂ ਨਜ਼ਮ ਉਹਨਾਂ ਦੀ ਕਿਤਾਬ ਬ੍ਰਹਮ ਕਮਲ ਚੋਂ ਹੈ। ਬਹੁਤ-ਬਹੁਤ ਸ਼ੁਕਰੀਆ।

ਅਦਬ ਸਹਿਤ

ਤਨਦੀਪ ਤਮੰਨਾ

******

ਸੈਂਡਲ ਖ਼ਰੀਦਦਿਆਂ

ਨਜ਼ਮ

ਹਫ਼ਤਿਆਂ ਮਹੀਨਿਆਂ ਤੋਂ

ਉਹ ਸੋਚਦੀ ਪਈ

ਸੈਂਡਲ ਖ਼ਰੀਦਣ ਬਾਰੇ

ਤੇ ਅੱਜ ਮਸਾਂ ਬਣੇ ਨੇ

ਮੂਡ ਤੇ ਸਮਾਂ

..........

ਪਹਿਲੀ ਦੁਕਾਨ ਕੀਮਤਾਂ ਤਾਂ ਠੀਕ ਨੇ

ਪਰ ਸਮਾਨ

ਰੈਕਸਿਨ ਨਿਰਾ!

...........

ਦੁਕਾਨ ਦੂਸਰੀ

ਸੈਂਡਲ ਏਸ ਦਾ

ਪੈਰ ਸੱਜਾ ਤਾਂ ਸਹੀ

ਪਰ ਖੱਬਾ ਮੋਕਲ਼ਾ ਹੈ

ਥੋੜ੍ਹੇ ਦਿਨਾਂ ਚ ਹੋਰ ਵੀ

ਖੁੱਲ੍ਹ ਜਾਵੇਗਾ

ਹੰਢਾਉਣਾ ਬੜਾ ਹੀ

ਮੁਸ਼ਕਿਲ ਹੋ ਜਾਵੇਗਾ।

............

ਅਹੁ ਦੇਖੋ ਜ਼ਰਾ!

ਇਨ੍ਹਾਂ ਦੀ ਗਰਿਪ ਤਾਂ ਦੋਨਾਂ

ਪੈਰਾਂ ਦੀ ਸਹੀ

ਪਰ ਪਤਾਵੇ ਕਿਵੇਂ

ਤਲ਼ੀਆਂ ਥੱਲਿਉਂ ਖਿਸਕਦੇ

.........

ਹਾਂ! ਇਹ ਠੀਕ ਨੇ।

ਪਰ ਨਹੀਂ!

ਪਤਾ ਮੈਨੂੰ

ਜ਼ਰਾ ਦੂਰ ਤਾਈਂ ਤੁਰਨਾ ਪਿਆ

ਤਾਂ ਪੈਰ ਬੜੇ ਥੱਕ ਜਾਣੇ ਦੁਖਣ ਲੱਗਣੇ

...........

ਕਿੰਨੀਆਂ ਦੁਕਾਨਾਂ

ਕਿੰਨੇ ਡਿਜ਼ਾਈਨ ਰੰਗ ਅਕਾਰ

ਵੱਖ-ਵੱਖ ਸੈਂਡਲਾਂ

ਕਿੰਨਿਆਂ ਫ਼ਰਸ਼ਾਂ ਤੇ ਉਹਦੀ ਕੈਟ ਵਾਕ

ਤੇ ਮੈਂ ਕੱਲਾ ਦਰਸ਼ਕ ਉਹਦਾ

............

ਹਰ ਦੁਕਾਨ ਤੇ ਉਹਦੇ

ਪੈਰਾਂ ਨੂੰ ਪਹਿਨਦਿਆਂ

ਸੈਂਡਲ ਵੇਖਦਾ

ਮੈਂ ਉਹਨੂੰ ਪੌਂਹਚੇ ਉਠਾਉਂਦਿਆਂ

ਸਿਰ ਪਿਛਾਂਹ ਘੁਮਾਅ

ਪਿੱਛੋਂ ਦੀ ਆਪਣੀਆਂ

ਅੱਡੀਆਂ ਵੇਖਦਿਆਂ ਵੇਖਦਾ

ਸੋਚਦਾ....

ਦਹਾਕਿਆਂ ਤੋਂ ਨਿਭਿਆ ਹਾਂ

ਉਹਦੇ ਨਾਲ਼

ਪਤਾ ਨਹੀਂ

ਕਿੱਥੇ ਕਿੱਥੇ

ਲੱਗਦਾ ਰਿਹਾ ਹਾਂ.....

=====

ਪਾਊਂਡਲੈਂਡ

ਨਜ਼ਮ

ਪਾਊਂਡਲੈਂਡ ਦੇ ਬਾਹਰ

ਸਦੀਆਂ ਪੁਰਾਣਾ ਸ਼ਹਿਰ ਹੈ

ਗਿਰਜੇ ਕਬਰਿਸਤਾਨ ਨੇ

ਇੱਟ ਇੱਟ ਤੇ ਖੁਣਿਆ ਇਤਿਹਾਸ ਹੈ

ਪੈਟੂਨੀਆ ਬੇਗੋਨੀਆ ਤੇ ਫੁਸ਼ੀਆ ਦੇ

ਉਸ ਖ਼ਾਸ ਵਲਾਇਤੀ ਕੁਸ਼ਲਤਾ ਦੇ ਸੂਚਕ

ਧੁਪੀ ਤਾਜ਼ਗੀ ਵਾਲੇ

ਬਹੁਰੰਗੀ ਫੁੱਲ ਨੇ

ਸੜਕੀ ਕਲਇਡੋਸਕੋਪ ਹੈ ।

...........

ਪੀਲੀਆਂ ਜੈਕਟਾਂ ਪਹਿਨੀ ਸੈਂਡਵਿਚ ਖਾਂਦੇ

ਜ਼ਰਾ ਅਰਾਮ ਕਰਦੇ ਧੁੱਪ ਸੇਕਦੇ ਮਜ਼ਦੂਰ ਨੇ

ਬੇਆਵਾਜ਼ ਧੀਮੀਆਂ

ਮੋਟਰੀ ਵ੍ਹੀਲ-ਚੇਅਰਾਂ ਤੇ

ਵਿੰਡੋ ਸ਼ਾਪਿੰਗ ਕਰਦੇ

ਬਿਰਧ ਅਪੰਗ ਨੇ ।

ਪਰੈਮਾਂ ਰੇੜ੍ਹਦੀਆਂ

ਬੱਚੇ ਪੁਚਕਾਰਦੀਆਂ ਮਾਵਾਂ ਨੇ ।

ਆਪਣੇ ਪੂਰੇ ਪਰਿਵਾਰ

ਇੱਕੋ ਇੱਕ ਕੁੱਤੇ ਨਾਲ ਬੇਘਰਾ

ਸੜਕ-ਸੰਗੀਤਕਾਰ ਹੈ

ਤਿਤਰ ਮਿਤਰੀ ਧੁੱਪ

ਅਕਾਰਡੀਅਨ ਦੀਆਂ ਧੁਨਾਂ ਨੇ

ਪਾਊਂਡਲੈਂਡ ਦੇ ਅੰਦਰ

ਕੀ ਕਰਨ ਜਾਣੈ ਮੈਂ ਕਵੀ ਨੇ !

..........

ਖ਼ਜ਼ਾਨਾ-ਟਾਪੂ ਮੇਰਾ

ਅਲੀ ਬਾਬਾ ਦੀ ਗੁਫ਼ਾ ਮੇਰੀ

ਤਾਂ ਬਾਹਰ ਹੈ

ਪਾਊਂਡਲੈਂਡ ਦੇ ਕੋਲ਼ੋਂ ਲੰਘਦਿਆਂ ਮੇਰੇ ਤੇ ਪਰ

ਕਿਸੇ ਨੇ ਜਾਦੂ ਦੀ ਛੜੀ ਫੇਰੀ ਹੈ

ਮੈਂ ਬਾਹਰ ਰਹਿਣਾ ਚਾਹੁੰਦਾ

ਉਹ ਮੈਨੂੰ ਅੰਦਰ ਧੂੰਹਦਾ ਹੈ

ਤੇ ਉਹਦੇ ਅੰਦਰਲਾ ਸੰਸਾਰ

ਭਾਂਤ-ਸੁਭਾਂਤੀ

ਬਾਹਰਲੇ ਤੋਂ ਰੰਗ-ਬਿਰੰਗਾ ਵਧੇਰੇ

ਭੁੱਲ ਭੁਲਾਉਣਾ ਹੈ ।

ਪਾਊਂਡਲੈਂਡ ਦੇ ਅੰਦਰ ਮੈਂ ਵੀ

ਇਸ ਸਦੀ ਦੇ ਬੰਦਿਆਂ

ਬਾਕੀ ਸਭਨਾਂ ਜਿਹਾ ਹਾਂ।

=====

ਸੈਲਾਨੀ ਸੰਸਾਰ

ਨਜ਼ਮ

ਸੰਖੇਪ ਵਲਾਇਤੀ ਗਰਮੀਆਂ ਦੇ

ਦਿਨ ਛੇਕੜਲੇ

ਤਿਤਰ ਮਿਤਰੀ ਸਰਦੀਲੀ ਸ਼ਾਮ ਢਲ਼ਦੀ

ਸ਼ੀਤ ਮਹਾਂਸਾਗਰੀ ਹਵਾ ਰੁਖ਼-ਸਿਖਰਾਂ

ਪੌਣ ਦਾ ਦਰਿਆ ਇਕ ਸ਼ਾਂਤ ਸ਼ੂਕਦਾ

ਸੰਘਣੀਆਂ ਸ਼ਾਖਾਂ , ਪੱਤਿਆਂ ਤੇ ਧੁੱਪ

ਕੱਥਕ ਨੱਚਦੀ

ਵੀਪਿੰਗਵਿੱਲੋਦੀਆਂ ਲਹਿਰਦਾਰ

ਲਚਕੀਲੀਆਂ ਟਹਿਣੀਆਂ

ਚਿੜੀਆਂ ਅੰਗਰੇਜ਼ੀ ਗਾਉਂਦੀਆਂ

ਰੁੱਖਾਂ ਚ ਘਰਾਂ ਦੀਆਂ ਛੱਤਾਂ ਤੇ ਹਰ ਪਾਸੇ

ਘੁੱਗੂੰ- ਘੂੰ ਦਾ ਨਸ਼ਾ ਚੜ੍ਹਦਾ

.......

ਛੁੱਟੀਆਂ ਤੇ

ਦੋਸਤ ਦੇ ਵਲਾਇਤੀ ਘਰ-ਬਾਗ਼ ਚ ਮੈਂ

ਪਤਾ ਨਾ ਕਿਹੜੇ ਅਦਨ ਦੇ ਬਾਗ਼ੋਂ ਆਇਆ

ਗੋਭਲਾ ਰਸਲਾ ਲਾਲ

ਆਲੂ ਬੁਖਾਰਾ ਖਾਵਾਂ

ਤ੍ਰਿਪਤ ਹੋਵਾਂ ਸੁੱਖ ਨਾਲ

ਸਰਸ਼ਾਰ ਹੋਵਾਂ

ਅੰਮ੍ਰਿਤ ਉਗਲ਼ਾਂ ਚੋਂ ਵਹਿੰਦਾ

ਦੇਰ ਤਾਈ ਬੇਨਾਮ ਖ਼ੁਸ਼ਬੋ ਬਣ

ਮੇਰੇ ਪੋਟਿਆਂ ਤੇ ਰਹਿੰਦਾ

ਜਾਣਦਾਂ, ਪਛਾਣਦਾਂ ਖ਼ੁਸ਼ਬੋ ਇਹ

ਸ਼ਹਿਦ ਕਿਸੇ ਸ਼ਰਬਤ ਜਿਹੀ

ਹੈ ਕਿਸੇ ਸੈਲਾਨੀ ਸੰਸਾਰ ਦੀ

ਉਸ ਲੋਕ ਦੀ ਜਿੱਥੇ

ਕਦੇ ਵੀ ਕੋਈ ਲੰਮਾ ਸਮਾਂ

ਪੱਕਾ ਨਾ ਰਹਿੰਦਾ

=====

ਸਾਊਥੈਂਪਟਨ ਚ ਚਿੜੀ

ਨਜ਼ਮ

ਸ਼ਾਹ ਕਾਲੇ ਰੇਵਨ

ਸਫ਼ੈਦ ਸਮੁੰਦਰੀ ਗੱਲ

ਐਸ ਆਕਾਰ ਦੀਆਂ ਲੰਮੀਆਂ ਲਹਿਰਦਾਰ ਧੌਣਾਂ ਵਾਲੇ

ਦੁੱਧ ਚਿੱਟੇ ਹੰਸ

ਕਨਾਡਾ ਗੀਜ਼ਨਾਇਟਿੰਗੇਲਾਂ ਰੌਬਿਨ

ਤੇ ਉਹੀ

ਸਦਾ ਬੱਦਲਵਾਇਆ ਅਕਾਸ਼

ਠੰਢੀ ਸਮੁੰਦਰੀ ਹਵਾ।

.............

ਫਿਰ ਕਿੱਥੋਂ ਇਹ ਸੜਦੀਆਂ ਧੁੱਪਾਂ

ਲੂਆਂ ਨ੍ਹੇਰੀਆਂ ਦੇ ਦੇਸ ਦੀ

ਨਿੱਕੀ ਮਟਮੈਲ਼ੀ ਭੂਰੀ ਚਿੜੀ ?

............

ਕੀ ਇਹ ਵੀ ਮੈਂ ਜਿਵੇਂ

ਸੱਤ ਸਮੁੰਦਰੋਂ ਪਾਰੋਂ ਉੱਡਦੀ ਆਈ?

ਕਿ ਸਦੀਆਂ ਪਹਿਲਾਂ ਕੋਈ ਬੰਦਾ ਦੇਸੀ

ਜਹਾਜ਼ ਚ ਉਹਦੇ ਪੁਰਖਿਆਂ ਨੂੰ

ਕਰ ਤਸਕਰੀ, ਲੁਕੋਅ ਕੇ ਲਿਆਇਆ ?

ਜਾਂ ਵਸਦੀ ਉਦੋਂ ਦੀ ਏਥੇ

ਧਰਤੀ ਮਹਾਂਦੀਪਾਂ ਚ ਵੰਡੀ ਜਦੋਂ

ਨਾ ਸਮੁੰਦਰਾਂ ਦੋਫ਼ਾੜ ਕੀਤੀ,

* ਪੈਂਜੀਆਂ ਦੇ ਯੁੱਗ ਦੀ ?

ਮੂਲਵਾਸੀ ਕਿ ਪਰਵਾਸੀ ਇਹ

ਕਾਕੇਸ਼ੀਆਈ ਕਿ ਦਰਾਵੜੀ

ਕਿ ਸਿੰਧੂ ਦੇਸ਼ ਦੀ ?

.........

ਰੰਗ ਰੂਪ ਆਕਾਰ ਤਾਂ ਬਿਲਕੁਲ ਆਮ ਹੀ

ਕਾਸ਼! ਮੈਂ ਵੀ ਏਥੇ ਇਦ੍ਹੇ ਜਿਹਾ

ਅਦਿਸਵਾਂ ਜਿਹਾ

ਰਲ਼ਿਆ ਮਿਲ਼ਿਆ

ਆਮ ਹੋਵਾਂ !

*****

* Pangea : ਧਰਤੀ ਦੇ ਭੂ-ਵਿਗਿਆਨਕ ਇਤਿਹਾਸ ਚ ਐਸਾ ਯੁੱਗ ਜਦੋਂ ਸੱਤੇ ਮਹਾਂਦੀਪ ਇੱਕੋ ਜ਼ਮੀਨੀ ਸਮੂਹ ਸੀ।


2 comments:

Unknown said...

ਅੰਬਰੀਸ ਦੀਆਂ ਨਜ਼ਮਾਂ ਨੇ ਸਚਮੁਚ ਬੜਾ ਪ੍ਰਭਾਵਤ ਕੀਤਾ, ਖਾਸ ਕੇ "ਸੈਂਡਲ ਖਰੀਦਦਿਆਂ" ਨੇ |

ਦਰਸ਼ਨ ਦਰਵੇਸ਼ said...

ਅੰਬਰੀਸ਼ ਤੈਨੂੰ ਅਤੇ ਤੇਰੀ ਕਵਿਤਾ ਨੂੰ ਸਲਾਮ ....!
ਦਰਵੇਸ਼