ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, March 13, 2011

ਰਵਿੰਦਰ ਰਵੀ - ਨਾਟਕ ਲਿਖਣ ਵਲ ਮੇਰਾ ਪਹਿਲਾ ਕਦਮ: ਇਕ ਅਭੁੱਲ ਯਾਦ - ਨਜ਼ਮ

ਦੋਸਤੋ! ਮੈਨੂੰ ਇਹ ਸੂਚਨਾ ਸਾਂਝੀ ਕਰਦਿਆਂ ਦਿਲੀ ਖ਼ੁਸ਼ੀ ਹੋ ਰਹੀ ਹੈ ਕਿ ਕੈਨੇਡਾ ਨਿਵਾਸੀ ਪ੍ਰਸਿੱਧ ਪੰਜਾਬੀ ਲੇਖਕ ਤੇ ਇਆਪਾ (I.A.P.A.A.) ਦੇ ਪ੍ਰਧਾਨ ਰਵਿੰਦਰ ਰਵੀ ਜੀ ਨੂੰ 2 ਅਪ੍ਰੈਲ, 2011 ਨੂੰ, ਯੂ.ਬੀ.ਸੀ. ਦੇ ਏਸ਼ੀਅਨ ਸੈਂਟਰ ਵਿਚ ਆਯੋਜਿਤ ਕੀਤੇ ਜਾ ਰਹੇ ਸੈਲੀਬਰੇਸ਼ਨ ਆਫ ਪੰਜਾਬੀਭਾਵ ਪੰਜਾਬੀ ਦਾ ਜਸ਼ਨਸਮਾਗਮ ਵਿਚ, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (UBC), ਵੈਨਕੂਵਰ, ਕੈਨੇਡਾ ਵੱਲੋਂ ਜੀਵਨ-ਕਾਲ ਪ੍ਰਾਪਤੀ ਪੁਰਸਕਾਰ”(Life Time Achievement Award) ਨਾਲ਼ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਨੇ ਵੀ 26 ਮਾਰਚ, 2011 ਨੂੰ, ਸਰੀ, ਬੀ.ਸੀ., ਕੈਨੇਡਾ ਵਿਖੇ ਹੋ ਰਹੇ ਆਪਣੇ ਸਾਲਾਨਾ ਸਮਾਗਮ ਵਿਚ, ਉਹਨਾਂ ਨੂੰ ਜੀਵਨ-ਕਾਲ ਪ੍ਰਾਪਤੀ ਪੁਰਸਕਾਰਨਾਲ਼ ਸਨਮਾਨਿਤ ਕਰਨ ਦੀ ਘੋਸ਼ਨਾ ਕੀਤੀ ਹੈ। ਇਹਨਾਂ ਸਮਾਗਮਾਂ ਦੀ ਵਿਸਤਾਰਤ ਜਾਣਕਾਰੀ ਆਰਸੀ ਸੂਚਨਾਵਾਂ ਬਲੌਗ ਤੇ ਪੋਸਟ ਕਰ ਦਿੱਤੀ ਗਈ ਹੈ। ਆਰਸੀ ਪਰਿਵਾਰ ਵੱਲੋਂ ਰਵੀ ਸਾਹਿਬ ਨੂੰ ਇਹ ਦੋਵੇਂ ਐਵਾਰਡ ਮਿਲ਼ਣ ਤੇ ਦਿਲੀ ਮੁਬਾਰਕਬਾਦ!

ਅਦਬ ਸਹਿਤ

ਤਨਦੀਪ ਤਮੰਨਾ

*******

1965-66 ਦੀ ਗੱਲ ਹੈ, ਡਾ. ਸੁਰਜੀਤ ਸਿੰਘ ਸੇਠੀ, ਜਲੰਧਰ ਦੇ ਆਕਾਸ਼ਵਾਣੀ ਕੇਂਦਰ ਵਿਚ, ਪੰਜਾਬੀ ਪ੍ਰੋਗਰਾਮਾਂ ਦਾ ਪ੍ਰੋਡਿਊਸਰ ਲੱਗਾ ਹੋਇਆ ਸੀ। ਉਨ੍ਹਾਂ ਦਿਨਾਂ ਵਿਚ, ਮੈਂ ਜ਼ਿਲਾ ਜਲੰਧਰ ਦੇ ਪਿੰਡ ਤਲਵਣ ਦੇ ਗੌਰਮੈਂਟ ਹਾਇਰ ਸੈਕੰਡਰੀ ਸਕੂਲ ਵਿਚ ਪੰਜਾਬੀ ਅਤੇ ਅੰਗਰੇਜ਼ੀ ਦਾ ਅਧਿਆਪਕ ਸਾਂ। ਦੂਰਦਰਸ਼ਨ ਦੇ ਆਉਣ ਤੋਂ ਪਹਿਲਾਂ, ਉਸ ਸਮੇਂ, ਆਕਾਸ਼ਵਾਣੀ(ਰੇਡੀਓ) ਹੀ ਪੰਜਾਬੀ ਸਾਹਿਤਕਾਰਾਂ ਦੀਆਂ ਗਤੀ-ਵਿਧੀਆਂ ਦਾ ਕੇਂਦਰ ਹੰਦਾ ਸੀ।

------

ਆਕਾਸ਼ਵਾਣੀ ਤੋਂ ਕਵਿਤਾ-ਪਾਠਕਰਨਾ, ਇਕ ਵੱਕਾਰੀ ਕੰਮ ਸਮਝਿਆ ਜਾਂਦਾ ਸੀ। ਇਕ ਦਿਨ, ਸਪਤਾਹ-ਅੰਤ ਉੱਤੇ, ਜਲੰਧਰ ਦੇ ਕਾਫੀ ਹਾਊਸ ਵਿਚ ਬੈਠੇ ਸਾਂ, ਕਿ ਸੁਰਜੀਤ ਸਿੰਘ ਸੇਠੀ ਆ ਧਮਕਿਆ। ਉਸ ਨੂੰ ਨਵੇਂ ਨਵੇਂ ਪ੍ਰਯੋਗ ਕਰਨ ਦਾ ਬੜਾ ਸ਼ੌਕ ਸੀ, ਕਹਿਣ ਲੱਗਾ:

.........

ਰਵੀ ਯਾਰ! ਮੇਰੇ ਲਈ ਕੋਈ ਨਾਟਕੀ ਕਵਿਤਾ ਲਿਖ, ਜਿਸ ਨੂੰ ਵੱਖ, ਵੱਖ ਆਵਾਜ਼ਾਂ ਅਤੇ ਨਾਟਕੀ ਰੂਪ ਵਿਚ , ਧੁਨੀ-ਪ੍ਰਭਾਵਾਂ ਦੀ ਸਿਰਜਣਾਂ ਕਰ ਕੇ, ਮੈਂ ਆਕਾਸ਼ਵਾਣੀ ਤੋਂ ਪ੍ਰਸਤੁਤ ਕਰ ਸਕਾਂ। ਮੈਂ ਇਨ੍ਹਾਂ ਰਵਾਇਤੀ ਕਵਿਤਾ-ਪਾਠਾਂ ਤੋਂ ਬੋਰ ਹੋ ਚੁੱਕਾ ਹਾਂ। ਕੁਝ ਨਵਾਂ ਕਰਨਾਂ ਤੇ ਕਰਵਾਉਣਾ ਚਾਹੁੰਦਾ ਹਾਂ। ਕੀ ਤੂੰ ਮੇਰੇ ਲਈ ਇਹ ਕਰ ਸਕੇਂਗਾ?”

ਮੈਂ, ਜਕੋ ਤਕੀ ਵਿਚ, ਸੇਠੀ ਨੂੰ ਹਾਂ ਕਰ ਦਿੱਤੀ।

------

ਬੱਸ ਵਿਚ, ਤਲਵਣ ਵਾਪਸ ਪਰਤਦਿਆਂ, ਇਹ ਨਾਟਕੀ ਕਵਿਤਾ ਮੇਰੇ ਸਿਰ ਉੱਤੇ ਸਵਾਰ ਸੀ। ਮੇਰੇ ਦਿਲ, ਦਿਮਾਗ਼ ਉੱਤੇ ਛਾਈ ਹੋਈ ਸੀ। ਜ਼ਿੰਦਗੀ ਦੇ ਕੁਝ ਕੌੜੇ ਤੇ ਵਿਸ਼ਾਦ-ਗ੍ਰਸਿਤ ਸੱਚ ਵੀ ਉਸ ਸਮੇਂ ਇਸ ਨਾਟਕੀ ਅਨੁਭਵ ਨਾਲ ਅੰਤਰ-ਕਿਰਿਆ ਕਰ ਰਹੇ ਸਨ। ਇਸੇ ਮਾਨਸਕ ਅਵਸਥਾ ਵਿੱਚੋਂ, ਮੇਰੀ ਪਹਿਲੀ ਨਾਟਕੀ ਕਵਿਤਾ: ਮੈਂ ਕਿਸ ਨਗਰੀ ਵਿਚ ਭਟਕ ਰਿਹਾ?” ਦਾ ਜਨਮ ਹੋਇਆ। ਸੇਠੀ ਨੇ ਬੜੇ ਹੀ ਪ੍ਰਭਾਵਸ਼ਾਲੀ ਰੂਪ ਵਿਚ, ਇਸ ਕਵਿਤਾ ਨੂੰ ਆਕਾਸ਼ਵਾਣੀ ਜਲੰਧਰ ਤੋਂ ਪ੍ਰਸਾਰਤ ਕੀਤਾ। ਉਹ ਬੜਾ ਖ਼ੁਸ਼ ਸੀ।

-----

ਇਹ ਕਵਿਤਾ, ਕੀਨੀਆ ਜਾਣ ਉਪਰੰਤ, 1967 ਵਿਚ ਪ੍ਰਕਾਸ਼ਤ ਹੋਏ ਮੇਰੇ ਕਾਵਿ-ਸੰਗ੍ਰਹਿ: ਮੌਨ ਹਾਦਸੇਵਿਚ ਛਪ ਕੇ ਉਚੇਚੀ ਚਰਚਾ ਦਾ ਵਿਸ਼ਾ ਬਣੀ। 1980 ਵਿਚ ਜਦੋਂ ਮੈਂ ਆਪਣੇ ਦੂਸਰੇ ਕਾਵਿ-ਨਾਟਕ: ਦਰ ਦੀਵਾਰਾਂ ਦੀ ਸਿਰਜਣਾ ਕਰ ਰਿਹਾ ਸਾਂ, ਤਾਂ ਇਹ ਨਾਟਕੀ ਕਵਿਤਾ ਮੇਰੇ ਅਵਚੇਤਨ ਵਿੱਚੋਂ ਬਾਹਰ ਨਿਕਲ ਕੇ, ਮੇਰੇ ਸਾਹਮਣੇ ਆ ਬੈਠੀ।

-----

1981 ਵਿਚ ਛਪੇ ਆਪਣੇ ਇਸ ਕਾਵਿ-ਨਾਟਕ: ਦਰ ਦੀਵਾਰਾਂ ਦਾ ਆਰੰਭ, ਮੈਂ ਇਸੇ ਕਵਿਤਾ ਦੇ ਨਾਲ, ਇਸ ਨੂੰ, ਨਵੇਂ ਸਿਰਿਓਂ ਨਾਟਕੀ ਵਿਉਂਤ ਵਿਚ, ਪੁਨਰ-ਸੁਰਜੀਤ ਕਰ ਕੇ ਕੀਤਾ।

ਰਵਿੰਦਰ ਰਵੀ

*******

ਪੇਸ਼ ਹੈ ਇਕ ਅਭੁੱਲ ਯਾਦ, ਇਹ ਕਵਿਤਾ:

ਮੈਂ ਕਿਸ ਨਗਰੀ ਵਿਚ ਭਟਕ ਰਿਹਾ???

ਨਜ਼ਮ

ਕਵੀ: ਮੈਂ ਕਿਸ ਨਗਰੀ ਵਿਚ ਭਟਕ ਰਿਹਾ?

ਮੈਂ ਕਿਸ ਨਗਰੀ ਵਿਚ ਭਟਕ ਟਿਹਾ??

...........

ਇਸ ਨਗਰੀ ਰੁੱਖ ਹੈ, ਛਾਂ ਨਹੀਂ!

ਇਸ ਨਗਰੀ, ਸੜਕ ਬਿਨਾ ਮੰਜ਼ਿਲ,

ਇਕ ਗੋਰਖਧੰਦੇ ਵਿਚ ਉਲ਼ਝੀ!

..............

ਆਵਾਜ਼-1: ਤੂੰ ਕਿਸ ਮੰਜ਼ਿਲ ਦਾ ਅਭਿਲਾਸ਼ੀ?

ਤੂੰ ਕਿਹੜੀ ਛਾਂ ਦਾ ਮੁਤਲਾਸ਼ੀ?

..........

ਕਵੀ: ਮੈਨੂੰ ਪਤਾ ਨਹੀਂ ਆਪਣੀ ਮੰਜ਼ਿਲ ਦਾ,

ਮੈਨੂੰ ਆਪਣੀ ਛਾਂ ਤੋਂ ਡਰ ਆਵੇ!

ਮੇਰੀ ਹੋਂਦ ਗਈ ਹੈ ਪਰਛਾਵੀਂ,

ਮੇਰੇ ਕੰਬਦੇ ਕਦਮਾਂ ਦੀ ਥਿੜਕਣ,

ਪਈ ਆਪਣੀ ਤੋਰ ਤੋਂ ਕਤਰਾਵੇ!

ਪਰ ਦੂਰ ਨਜ਼ਰ ਦੀ ਸੀਮਾਂ ਤੇ,

ਕੋਈ ਅਦ੍ਰਿਸ਼ ਮੰਜ਼ਲ ਖਿੱਚ ਪਾਵੇ!

ਨਾ ਨਜ਼ਰ ਆਵੇ, ਨਾ ਕੋਲ਼ ਆਵੇ!

ਕੋਈ ਅਜਨਬੀ ਵਾਜ ਪਈ ਆਵੇ!

..........

ਪਿਛੋਕੜ ਚੋਂ ਅਨਾਰਕਲੀ ਫਿਲਮ ਦੇ ਗੀਤ ਦੇ, ਹੇਠ ਲਿਖੇ ਬੋਲ ਗੂੰਜਦੇ ਹਨ:

ਆ ਜਾ, ਅਬ ਤੋ ਆ ਜਾ,

ਮੇਰੀ ਕਿਸਮਤ ਕੇ ਖ਼ਰੀਦਾਰ,

ਅਬ ਤੋ ਆ ਜਾ!

..........

ਕਵੀ: ਮੈਂ ਤੁਰਾਂ, ਤਾਂ ਉਲਝਾਂ ਮੋੜਾਂ ਵਿਚ,

ਜਾਂ ਬੰਦ ਗਲ਼ੀ ਦੀਆਂ ਸੌੜਾਂ ਵਿਚ!

ਮੇਰੇ ਕਦਮ ਰੁਕਣ, ਤਾਂ ਪੁੱਜ ਜਾਵਣ,

ਆਪਣੇ ਹੀ ਮਨ ਦੀਆਂ ਔੜਾਂ ਵਿਚ!

.........

ਆਵਾਜ਼-1: ਤੂੰ ਸਘਨ ਨਗਰ ਵਿਚ ਕਿੰਜ ਕੱਲਾ?

ਕਿੰਜ ਭਰੀ ਭੀੜ ਵਿਚ ਸੱਖਣਾ ਤੂੰ?

ਕੋਈ ਹੀਲਾ ਕਰ, ਕੋਈ ਜੁਗਤ ਬਣਾ,

ਲੱਭ ਘਰ ਕੋਈ, ਜਾਂ ਕੋਈ ਦਰਵਾਜ਼ਾ!

...........

ਕਵੀ: ਏਥੇ ਘਰ ਹਨ, ਪਰ ਦਰਵਾਜ਼ੇ ਨਹੀਂ!

ਏਥੇ ਚਿਹਰੇ ਹਨ, ਪਹਿਚਾਣ ਨਹੀਂ

ਤੇ ਆਵਾਜ਼ਾਂ ਵਿਚ ਮਾਣ ਨਹੀਂ

ਵਿਸ਼ਵਾਸ ਨਹੀਂ, ਧਰਵਾਸ ਨਹੀਂ!

ਮੇਰੇ ਸਿਰ ਤੇ ਮੌਤ ਦਾ ਬੋਝ ਜਿਹਾ,

ਮੈਂ ਜੀਵਨ ਦੇ ਲਈ ਜੂਝ ਰਿਹਾ!

ਮੇਰੇ ਦੁਆਲੇ ਮੇਰੀ ਕਾਰ ਵਲੀ,

ਮੈਂ ਆਪਣੀ ਹੋਂਦ ਚ ਘਿਰਿਆ ਹਾਂ!

ਨਾ ਹਮਦਰਦੀ, ਨਾ ਹਮਰਾਹੀ!

ਮੈਂ ਕੱਲਾ ਹਾਂ, ਮੈਂ ਸੱਖਣਾ ਹਾਂ,

ਹੈ ਕੌਣ ਜੁ ਮੈਨੂੰ ਅਪਣਾਵੇ???

..........

ਆਵਾਜ਼-1: ਕੋਈ ਹੀਲਾ ਕਰ, ਕੋਈ ਜੁਗਤ ਬਣਾ,

ਤਕ ਸੂਰਜ ਸਿਰ ਤੇ ਚਮਕ ਰਿਹਾ

ਨਾ ਨਜ਼ਰ ਚੁਰਾ, ਨਾ ਨਜ਼ਰ ਚੁਰਾ,

ਨਾ ਨਜ਼ਰ ਚੁਰਾ!!!

.............

ਕਵੀ: ਮੇਰੀ ਰਚਨਾ ਅੰਦਰ ਸੂਰਜ ਨਹੀਂ,

ਨਾ ਚਾਨਣ ਤੇ ਵਿਸ਼ਵਾਸ ਕੋਈ!

ਚਾਨਣ ਵਿਚ ਸ਼ੀਸ਼ਾ ਤੱਕਾਂ, ਤਾਂ

ਮੈਂ ਆਵਾਜ਼ਾਂ ਵਿਚ ਟੁੱਟ ਜਾਵਾਂ:

..........

ਆਵਾਜ਼-2: ਤੂੰ ਕੱਲਾ ਕਾਰਾ ਰਾਹੀ ਹੈਂ,

ਤੂੰ ਆਪਣੀ ਆਪ ਤਬਾਹੀ ਹੈਂ!

..........

ਆਵਾਜ਼-3: ਤੂੰ ਕੁਹਜਾ, ਅੰਦਰੋਂ ਮਧਰਾ ਹੈਂ,

ਤੂੰ ਸੱਖਣਾ, ਅਪ੍ਰਮਾਣਿਕ ਹੈਂ!

..........

ਆਵਾਜ਼-4: ਤੇਰੇ ਸਿਰ ਤੇ ਪ੍ਰੇਤ ਦਾ ਸਾਇਆ ਹੈ,

ਤੂੰ ਸਵੈ ਨੂੰ ਹੀ ਅਪਣਾਇਆ ਹੈ!

...........

ਆਵਾਜ਼-1: ਇਸ ਨਗਰੀ ਤੇਰਾ ਮੀਤ ਨਹੀਂ,

ਇਸ ਨਗਰੀ ਤੇਰੀ ਪ੍ਰੀਤ ਨਹੀਂ!

ਨਾ ਮੰਜ਼ਿਲ, ਨਾ ਕੋਈ ਰਾਹ ਤੇਰਾ......

ਜਾ ਦੂਰ ਚਲਾ ਜਾ, ਦੂਰ ਚਲਾ ਜਾ,

ਦੂਰ ਚਲਾ ਜਾ!!!

...........

ਕਵੀ: ਮੈਂ ਤੁਰਾਂ, ਤਾਂ ਉਲਝਾਂ ਮੋੜਾਂ ਵਿਚ,

ਜਾਂ ਬੰਦ ਗਲ਼ੀ ਦੀਆਂ ਸੌੜਾਂ ਵਿਚ!

ਮੇਰੇ ਕਦਮ ਰੁਕਣ, ਤਾਂ ਪੁੱਜ ਜਾਵਣ,

ਆਪਣੇ ਹੀ ਮਨ ਦੀਆਂ ਔੜਾਂ ਵਿਚ!

ਮੈਂ ਕਿਸ ਨਗਰੀ ਵਿਚ ਭਟਕ ਰਿਹਾ?

ਮੈਂ ਕਿਸ ਨਗਰੀ ਵਿਚ ਭਟਕ ਰਿਹਾ??

ਮੈਂ ਕਿਸ ਨਗਰੀ ਵਿਚ ਭਟਕ ਰਿਹਾ???

1 comment:

Dee said...

Ravi ji di poem ashee lagee aa,kafee mehnat kardey han.
Davinder kaur