ਅਦਬ ਸਹਿਤ
ਤਨਦੀਪ ਤਮੰਨਾ
******
ਗ਼ਜ਼ਲ
ਤੇਰੇ ਖ਼ਿਆਲ ਦਾ ਮੈਨੂੰ ਸਰੂਰ ਇਉਂ ਚੜ੍ਹਿਆ,
ਜਿਵੇਂ ਫ਼ਕੀਰ ਨੂੰ ਆ ਕੇ ਵਜਦ ‘ਚ ਹਾਲ ਪਵੇ।
ਖ਼ੁਦੀ ਤੋਂ ਪਾਰਲਾ ਮੰਜ਼ਰ ਕਿਵੇਂ ਬਿਆਨ ਕਰਾਂ,
ਦਿਲਾਂ ਦੇ ਦੇਸ ਵਿਚ ਅਕਸਰ ਅਕਲ ਦਾ ਕਾਲ ਪਵੇ ।
-----
ਮੈਂ ਅਪਣਾ ਸਾਇਆ ਵੀ ਖ਼ੁਦ ਤੋਂ ਅਲੱਗ ਕਰ ਆਇਆਂ,
ਹਵਾ ਦੀ ਜੂੰਨ ਵਿਚ ਪੈ ਕੇ ਹੀ ਤੇਰੇ ਦਰ ਆਇਆਂ,
ਤੇ ਕਾਸਾ ਆਪਣਾ ਗੋਰਖ ਦੇ ਟਿੱਲੇ ਧਰ ਆਇਆਂ,
ਮਤੇ ਇਹਦੇ ‘ਚ ਮੁੜ ਕੇ ਮੋਤੀਆਂ ਦਾ ਥਾਲ ਪਵੇ।
-----
ਉਣੀਂਦੇ ਖ਼ਾਬ ਜੋ ਝੰਜੋੜ ਕੇ ਜਗਾ ਲੈਣੇ,
ਬਚਾ ਕੇ ਖੁਰਨ ਤੋਂ ਨੈਣਾਂ ‘ਚ ਇਹ ਸਜਾ ਲੈਣੇ,
ਖ਼ਿਆਲ ਰੱਖਣਾ ਨੈਣਾਂ ਦੇ ਮਾਰੂਥਲ ਅੰਦਰ,
ਜੇ ਉਡਦੀ ਰੇਤ ਹੈ ਬਾਰਿਸ਼ ਵੀ ਤਾਂ ਕਮਾਲ ਪਵੇ ।
-----
ਕਦੇ ਵਿਯੋਗ ਦੀ ਸੂਲੀ ਦਾ ਹੁਸਨ ਮੋਹ ਲੈਂਦਾ,
ਕਦੇ ਮਿਲਾਪ ਵੀ ਫੁੱਲਾਂ ਤੋਂ ਮਹਿਕ ਖੋਹ ਲੈਂਦਾ,
ਅਜੀਬ ਸਿਲਸਿਲਾ ਹੈ ਜ਼ਿੰਦਗੀ ਦੀ ਕਵਿਤਾ ਦਾ,
ਹਰੇਕ ਹਰਫ਼ ਹੀ ਦਿਲ ਦੇ ਲਹੂ ਦੇ ਨਾਲ ਪਵੇ ।
-----
ਸਦੀਵੀ ਬੋਲ ਕੋਈ ਕੰਠ ‘ਚੋਂ ਰਿਹਾਅ ਕਰੀਏ,
ਵਸਲ ਦੇ ਏਸ ਪਲ ‘ਚ ਬਸ ਏਹੀ ਦੁਆ ਕਰੀਏ,
ਕਿ ਪੰਛੀਆਂ ਦੇ ਨਾਲ ਨਾਲ ਤੀਰ ਨਾ ਉੱਡਣ,
ਖਿਲਾਰੀ ਚੋਗ ਦੇ ਉੱਤੇ ਕਦੇ ਨਾ ਜਾਲ ਪਵੇ।
=====
ਗ਼ਜ਼ਲ
ਉੱਚੇ ਟਿੱਬੇ ਤੋਂ ਸੁਰੀਲੀ ਤਾਨ ਸੁਣ ਕੇ,
ਵੱਗ ਹੀ ਮੁੜਦੇ ਨੇ ਹੇ ਗੋਪਾਲ ਤੇਰੇ।
ਮੁਕਟ ਲਾਹ ਕੇ ਜੇ ਵਜਾਉਂਦਾ ਬੰਸਰੀ ਤੂੰ,
ਸਾਰਾ ਜੰਗਲ ਝੂੰਮਣਾ ਸੀ ਨਾਲ਼ ਤੇਰੇ।
-----
ਪੰਛੀਆਂ ਵਰਗਾ ਸੁਦਾਮੇ ਦਾ ਕਬੀਲਾ,
ਰਿਜ਼ਕ ਅਪਣਾ ਨਾਮ ਤੇਰੇ ਕਰ ਰਿਹਾ ਹੈ,
ਬਹੁਤ ਗੁੰਝਲਦਾਰ ਹੈ ਤੇਰਾ ਤਲਿੱਸਮ,
ਬਹੁਤ ਹੀ ਬਾਰੀਕ ਨੇ ਇਹ ਜਾਲ਼ ਤੇਰੇ।
-----
ਸੁੱਕੀਆਂ ਝੀਲਾਂ ‘ਚ ਕੀ ਹੰਸਾਂ ਦੀ ਹੋਣੀ,
ਰੋੜ ਖਾ ਖਾ ਕੇ ਕਦੋਂ ਤਕ ਜੀਣਗੇ ਇਹ,
ਆਉਣਗੇ ਤੇ ਕਰਨਗੇ ਖ਼ਾਲੀ ਕਿਸੇ ਦਿਨ,
ਮੋਤੀਆਂ ਦੇ ਨਾਲ ਲੱਦੇ ਥਾਲ਼ ਤੇਰੇ।
-----
ਕਿਸ ਤਰਾਂ ਦਾ ਹੈ ਭਲਾ ਇਹ ਅਹਿਦ ਤੇਰਾ,
ਫੁੱਲ ਤਾਂ ਸਭ ਦੇ ਨੇ ਪਰ ਇਹ ਸ਼ਹਿਦ ਤੇਰਾ,
ਘੇਰਦੇ ਰਹਿੰਦੇ ਨੇ ਭੀਲਾਂ ਨੂੰ ਯੁਗਾਂ ਤੋਂ,
ਗੁੰਬਦਾਂ ਚੋਂ ਉੱਡ ਕੇ ਮਖਿਆਲ਼ ਤੇਰੇ।
-----
ਜਲ ਵੀ ਓਹੀ ਪੌਣ ਓਹੀ ਰੇਤ ਓਹੀ,
ਜ਼ਖ਼ਮ ਵੀ ਓਹੀ ਤੇ ਸਿੰਮਦੀ ਰੱਤ ਓਹੀ,
ਤੇਰੀ ਸ਼ਹਿ ‘ਤੇ ਜੋ ਕੁਰੂਖੇਤਰ ‘ਚ ਚੱਲੇ,
ਭਰ ਕੇ ਹੁਣ ਵੀ ਵਗਣ ਓਹੀ ਖਾਲ਼ ਤੇਰੇ।
-----
ਓਹੀ ਸੀਨੇ ਸੀਨਿਆਂ ਵਿਚ ਤੀਰ ਓਹੀ,
ਦਰਦ ਓਹੀ ਦਰਦ ਦੀ ਤਾਸੀਰ ਓਹੀ,
ਫਰਕ ਬਸ ਏਨਾ ਪਿਆ ਕਲਯੁਗ ਚ ਆ ਕੇ,
ਹੋ ਗਏ ਕੌਰਵ ਵੀ ਭਾਈਵਾਲ਼ ਤੇਰੇ।
=====
ਗ਼ਜ਼ਲ
ਅਸੀਂ ਦਿਲ ਛੱਡ ਗਏ ਹੋਈਏ ਅਜੇਹਾ ਵੀ ਨਹੀਂ ਲਗਦਾ।
ਪਤਾ ਨਈਂ ਫੇਰ ਕਿਉਂ ਸਾਡਾ ਕਿਤੇ ਵੀ ਜੀ ਨਹੀਂ ਲਗਦਾ।
-----
ਕਦੇ ਲਗਦੇ ਨੇ ਤਾਰੇ, ਫੁੱਲ, ਪੰਛੀ ਆਪਣੇ ਵਰਗੇ,
ਕਦੇ ਸ਼ੀਸ਼ੇ ‘ਚ ਅਪਣਾ ਅਕਸ ਅਪਣਾ ਹੀ ਨਹੀਂ ਲਗਦਾ।
------
ਕਿਵੇਂ ਇਕ ਨਾਮ ਦੇਈਏ ਇਸ ‘ਚ ਸਭ ਰਿਸ਼ਤੇ ਸਮੋਏ ਨੇ,
ਲਹੂ ਵਿਚ ਦਰਦ ਜੋ ਘੁਲ਼ਿਆ ਹੈ ਸਾਡਾ ਕੀ ਨਹੀਂ ਲਗਦਾ।
-----
ਕਿਸੇ ਨੂੰ ਜਗ ਰਹੀ ਹਰ ਚੀਜ਼ ‘ਚੋਂ ਸੂਰਜ ਨਜ਼ਰ ਆਵੇ,
ਕਿਸੇ ਨੂੰ ਪੁੰਨਿਆਂ ਦਾ ਚੰਨ ਵੀ ਅਸਲੀ ਨਹੀਂ ਲਗਦਾ ।
-----
ਜਦੋਂ ਤਕ ਹੋਸ਼ ਆਉਂਦੀ ਕੁਝ ਨਹੀਂ ਬਚਦਾ ਸੰਭਾਲਣ ਨੂੰ,
ਪਤਾ ਮੁੱਠੀ ‘ਚੋਂ ਕਿਰਦੀ ਰੇਤ ਦਾ ਛੇਤੀ ਨਹੀਂ ਲਗਦਾ।
-----
ਘੜੀ ਵਿਚ ਨੁਕਸ ਹੈ ਜਾਂ ਵਕ਼ਤ ਹੀ ਬੇਵਕ਼ਤ ਹੋ ਚੱਲਿਆ,
ਸਵੇਰਾ ਹੋ ਗਿਆ ਪਰ ਦਿਨ ਤਾਂ ਚੜ੍ਹਿਆ ਹੀ ਨਹੀਂ ਲਗਦਾ।
-----
ਛਿੜੇ ਜਦ ਕੰਬਣੀ ਖ਼ਾਬਾਂ ‘ਚ ਉਸ ਵੇਲੇ ਸਮਝ ਆਉਂਦੀ,
ਕਿ ਪਾਲ਼ਾ ਸਿਰਫ਼ ਖੁਲ੍ਹੀਆਂ ਬਾਰੀਆਂ ਵਿਚਦੀ ਨਹੀਂ ਲਗਦਾ।
=====
ਗ਼ਜ਼ਲ
ਫਸੀਲਾਂ ਕੋਲ ਭਾਵੇਂ ਦਰਦ ਅਪਣਾ ਫੋਲਦਾ ਹੋਵੇ।
ਕੋਈ ਪੱਥਰ ਤਾਂ ਇਸ ਖੰਡਰ ਦੇ ਅੰਦਰ ਬੋਲਦਾ ਹੋਵੇ ।
-----
ਕੋਈ ਏਦਾਂ ਵੀ ਪੜ੍ਹਦਾ ਹੈ ਪੁਰਾਣੇ ਖ਼ਤ ਕਈ ਵਾਰੀ,
ਹਵਾਵਾਂ ਵਿਚ ਗਵਾਚੀ ਮਹਿਕ ਜਿੱਦਾਂ ਟੋਲਦਾ ਹੋਵੇ।
-----
ਮੈਂ ਇਸ ਜੰਗਲ ‘ਚ ਲਭਦਾ ਹਾਂ ਕਿਸੇ ਐਸੇ ਪਰਿੰਦੇ ਨੂੰ,
ਹਵਾ ਦੇ ਉਲਟ ਜੋ ਉੱਡਣ ਲਈ ਪਰ ਤੋਲਦਾ ਹੋਵੇ।
-----
ਮਿਲੇ ਉਹ ਜ਼ਖ਼ਮ ਜੋ ਖ਼ੰਜਰ ਨੂੰ ਵੀ ਕਰ ਦੇਵੇ ਸ਼ਰਮਿੰਦਾ,
ਮਿਲੇ ਉਹ ਦਰਦ ਜੋ ਮਹਿਕਾਂ ਲਹੂ ਵਿਚ ਘੋਲਦਾ ਹੋਵੇ।
-----
ਇਹ ਕੰਬਦੀ ਰੌਸ਼ਨੀ ਜੋ ਰਾਤ ਦੇ ਮੱਥੇ ‘ਤੇ ਪੈਂਦੀ ਹੈ,
ਕਿਤੇ ਅਪਣਾ ਹੀ ਤਾਰਾ ਨਾ ਖ਼ਲਾਅ ਵਿਚ ਡੋਲਦਾ ਹੋਵੇ।
-----
ਬਣੇ ਦੀਵਾਰ ਇਕ ਦੂਜੇ ਦੇ ਅੱਗੇ ਹਮਸਫ਼ਰ ਹੁਣ ਤਾਂ,
ਕੋਈ ਐਸਾ ਨਹੀਂ ਦਿਸਦਾ ਜੋ ਰਸਤਾ ਖੋਲ੍ਹਦਾ ਹੋਵੇ।
3 comments:
ਕਦੇ ਲਗਦੇ ਨੇ ਤਾਰੇ, ਫੁੱਲ, ਪੰਛੀ ਆਪਣੇ ਵਰਗੇ,
ਕਦੇ ਸ਼ੀਸ਼ੇ ’ਚ ਅਪਣਾ ਅਕਸ ਅਪਣਾ ਹੀ ਨਹੀਂ ਲਗਦਾ।
ਜਸਵਿੰਦਰ ਦਾ ਇਹ ਸ਼ਿਅਰ ਪੜ੍ਹਨ ਤੋਂ ਬਾਦ ਇਹ ਦੱਸਣ ਦੀ ਜ਼ਰੂਰਤ ਨਹੀਂ ਰਹਿ ਜਾਂਦੀ ਕਿ ਪੰਜਾਬੀ ਗ਼ਜ਼ਲ ਕਿਸ ਮੁਕਾਮ ’ਤੇ ਪਹੁੰਚ ਗਈ ਹੈ।
ਸੁਰਿੰਦਰ ਸੋਹਲ
ਜਸਵਿੰਦਰ ਜੀ ਹੋਰਾਂ ਦੀਆਂ ਸਾਰੀਆਂ ਗ਼ਜ਼ਲਾਂ ਬਹੁਤ ਹੀ ਖੂਬਸੂਰਤ ਨੇ ।
Bahut kamaal han Jaswinder huran dian navian ghazlan. Navin kitab di dil 'te hath rakh ke udeek ho rahi hai.
Post a Comment