ਅਜੋਕਾ ਨਿਵਾਸ: - ਫ਼ਿਰੋਜ਼ਪੁਰ, ਪੰਜਾਬ
ਪ੍ਰਕਾਸ਼ਿਤ ਕਿਤਾਬਾਂ: ਕਹਾਣੀ ਸੰਗ੍ਰਹਿ: ਅੰਬੜੀ, ਗ਼ਜ਼ਲ-ਸੰਗ੍ਰਹਿ: ਸੀ ਕੋਈ, ਕਵਿਤਾ-ਸੰਗ੍ਰਹਿ: ਅਗਲੇ ਜਨਮ ‘ਚ ਮਿਲ਼ਾਂਗਾ, ਨਾਵਲ: ਚੌਰਸ ਗਲੋਬ, ਸੋਧ-ਪ੍ਰਬੰਧ: ਗ਼ਜ਼ਲ ਦਾ ਰੂਪ ਵਿਧਾਨ ( ਅਪ੍ਰਕਾਸ਼ਿਤ )
-----
ਦੋਸਤੋ! ਫ਼ਿਰੋਜ਼ਪੁਰ, ਪੰਜਾਬ ਵਸਦੇ ਸ਼ਾਇਰ ਡਾ: ਸੁਸ਼ੀਲ ਰਹੇਜਾ ਜੀ ਦੀ ਆਰਸੀ ‘ਤੇ ਹਾਜ਼ਰੀ ਬਾਰੇ ਮੈਨੂੰ ਕਈ ਦੋਸਤਾਂ ਦੀਆਂ ਈਮੇਲਾਂ ਆਈਆਂ ਰਹੀਆਂ ਹਨ, ਪਰ ਮੇਰੇ ਅਤਿਅੰਤ ਰੁੱਝੀ ਰਹਿਣ ਕਰਕੇ ਮੈਂ ਉਹਨਾਂ ਨਾਲ਼ ਸੰਪਰਕ ਪੈਦਾ ਹੀ ਨਾ ਕਰ ਸਕੀ। ਇਕ ਦਿਨ ਈਮੇਲ ਬੌਕਸ ‘ਚ ਉਹਨਾਂ ਦੀਆਂ ਬੇਹੱਦ ਖ਼ੂਬਸੂਰਤ ਰਚਨਾਵਾਂ ਅਤੇ ਸੁਨੇਹਾ ਵੇਖ ਕੇ ਮੈਨੂੰ ਅਤਿਅੰਤ ਖ਼ੁਸ਼ੀ ਹੋਈ। ਦਰਅਸਲ ਉਹਨਾਂ ਨੇ ਫੇਸਬੁੱਕ ਤੋਂ ਆਰਸੀ ਬਲੌਗ ਦਾ ਸੰਪਰਕ ਲੱਭਿਆ ਸੀ। ਮੈਂ ਫ਼ੋਨ ਕੀਤਾ ਤਾਂ ਪਤਾ ਲੱਗਿਆ ਕਿ ਡਾ: ਰਹੇਜਾ ਸਾਹਿਬ ਪੇਸ਼ੇ ਪੱਖੋਂ ਵਕੀਲ ਨੇ ਉਹਨਾਂ ਨੇ ‘ਗ਼ਜ਼ਲ’ ‘ਤੇ ਡਾਕਟਰੇਟ ਕੀਤੀ ਹੈ, ਇਹ ਸੁਣ ਕੇ ਮੈਨੂੰ ਹੋਰ ਵੀ ਖ਼ੁਸ਼ੀ ਅਤੇ ਹੈਰਾਨੀ ਹੋਈ ਕਿ ਵਕੀਲ ਅਤੇ ਗ਼ਜ਼ਲ ਤੇ ਪੀ.ਐੱਚ.ਡੀ???...ਪਰ ਆਖਦੇ ਨੇ ਨਾ ਕਿ ਜ਼ਰੂਰੀ ਨਹੀਂ ਕਿ ਸ਼ੌਂਕ, ਪੇਸ਼ੇ ਨਾਲ਼ ਮੇਲ ਖਾਣ। । ਡਾ: ਸਾਹਿਬ ਦੀਆਂ ਰਚਨਾਵਾਂ ਅੱਜ ਦੀ ਪੋਸਟ ‘ਚ ਸ਼ਾਮਿਲ ਕਰਦਿਆਂ , ਉਹਨਾਂ ਨੂੰ ਆਰਸੀ ਪਰਿਵਾਰ ‘ਚ ਖ਼ੁਸ਼ਆਮਦੀਦ ਆਖ ਰਹੀ ਹਾਂ। ਆਸ ਹੈ ਕਿ ਉਹ ਭਵਿੱਖ ਵਿਚ ਵੀ ਆਪਣੀਆਂ ਰਚਨਾਵਾਂ ਨਾਲ਼ ਹਾਜ਼ਰੀ ਲਵਾ ਕੇ ਧੰਨਵਾਦੀ ਬਣਾਉਂਦੇ ਰਹਿਣਗੇ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
******
ਸ਼ੂਟਿੰਗ
ਨਜ਼ਮ
ਅਨੰਤ ਸਮਿਆਂ ਤੋਂ
ਧਰਤੀ ਦੀ ਹਿੱਕ 'ਤੇ
ਸ਼ੂਟਿੰਗ
ਚੱਲ ਰਹੀ ਏ ।
..............
ਹਵਾਵਾਂ ਦੇ ਗੀਤ
ਦਰਿਆ ਗਾ ਰਹੇ ਨੇ
ਰੁੱਖਾਂ ਲਈ
ਪੰਛੀ ਧੁਨ ਵਜਾ ਰਹੇ ਨੇ ।
............
ਸਪਾਟ ਬੁਆਏ
ਏਧਰ ਓਧਰ ਭੱਜ ਰਹੇ ਨੇ
ਕਿਧਰੇ ਦਰੱਖ਼ਤ
ਕਿਧਰੇ ਬਜ਼ਾਰ
ਸਜ ਰਹੇ ਨੇ ।
..............
ਕੋਈ ਚਾਹ ਦੀ ਪਿਆਲੀ ਚੁੱਕਦਾ ਏ
ਕੋਈ ਕੁਰਸੀ ਛਾਵੇਂ ਰੱਖਦਾ ਏ
ਕੋਈ ਖਾਣਾ ਪਕਾ ਰਿਹਾ ਏ
ਕੋਈ ਪੱਖਾ ਲਗਾ ਰਿਹਾ ਏ ।
.................
ਇਸ ਫ਼ਿਲਮ ਦੇ ਅਣਗਿਣਤ ਪਾਤਰ ਨੇ
ਕੁਝ ਭੋਲ਼ੇ, ਕੁਝ ਸ਼ਾਤਰ ਨੇ
ਚੰਨ ਲਾਈਟ ਜਗਾਉਂਦਾ ਏ
ਸੂਰਜ ਟਰਾਲੀ ਘੁਮਾਉਂਦਾ ਏ ।
...............
ਨਿਰਦੇਸ਼ਕ ਸਦਾ ਮੌਨ ਰਹਿੰਦਾ ਏ
ਕੈਮਰਾ ਸਦਾ ਆੱਨ ਰਹਿੰਦਾ ਏ ।
======
ਗ਼ਜ਼ਲ
ਹਰਿੱਕ ਚਾਹਤ ਮੁਕਾ ਦਿੱਤੀ, ਹਰਿੱਕ ਹਰਕਤ ਮੁਕਾ ਦਿੱਤੀ।
ਤੂੰ ਮਛਲੀ ਨੂੰ ਜੁਦਾ ਕਰਕੇ, ਮੁਹੱਬਤ ਨੂੰ ਸਜ਼ਾ ਦਿੱਤੀ।
-----
ਮੈਂ ਚਾਹਾਂ ਵੀ ਜ਼ਜੀਰਾ ਛੱਡ ਕੇ ਕਿਧਰੇ ਜਾ ਨਹੀਂ ਸਕਦਾ,
ਮੈਂ ਸਰਦੀ ਦੇ ਦਿਨਾਂ ਅੰਦਰ, ਹਰਿੱਕ ਬੇੜੀ ਜਲ਼ਾ ਦਿੱਤੀ।
-----
ਅਜੇ ਤੀਕਰ ਵੀ ਖ਼ੁਸ਼ੀਆਂ ਦਾ ਕੋਈ ਨੁਸਖ਼ਾ ਨਾ ਲੱਭ ਸਕਿਆ,
ਮੈਂ ਸਾਰੀ ਉਮਰ ਹੀ ਪ੍ਰਯੋਗਸ਼ਾਲਾ ਵਿਚ ਲੰਘਾ ਦਿੱਤੀ।
-----
ਮੈਂ ਪਰਲੇ ਪਾਰ ਜਾਣਾ ਸੀ, ਤੂੰ ਉਰਲੇ ਪਾਰ ਆਣਾ ਸੀ,
ਮਲਾਹਾਂ ਦੀ ਲੜਾਈ ਨੇ ਤਾਂ ਬੇੜੀ ਹੀ ਡੁਬਾ ਦਿੱਤੀ।
-----
ਮੁਹੱਬਤ ਦੀ ਕਹਾਣੀ ਤਾਂ ਉਦਾਸੀ ਤੀਕ ਪਹੁੰਚੀ ਏ,
ਮੈਂ ਜਿਸ ਨੂੰ ਹਾਰ ਪਾਣਾ ਸੀ ਉਹਨੇ ਗਰਦਨ ਕਟਾ ਦਿੱਤੀ।
=====
ਗ਼ਜ਼ਲ
ਜੇ ਜ਼ਰਾ ਵੀ ਦਰਦ ਹੁੰਦਾ ਪਾਣੀਆਂ ਦੇ ਵਾਸਤੇ।
ਇਸ ਤਰਾਂ ਨਾ ਜਾਲ਼ ਪਾਉਦਾ ਮਛਲੀਆਂ ਦੇ ਵਾਸਤੇ।
-----
ਸ਼ਾਮ ਤੀਕਰ ਝੜ ਹੀ ਜਾਣੇ ਪੰਛੀਆਂ ਦੇ ਆਲ੍ਹਣੇ,
ਬਿਰਖ਼ ਕੱਟੇ ਜਾ ਰਹੇ ਨੇ ਕੁਰਸੀਆਂ ਦੇ ਵਾਸਤੇ।
-----
ਹਰ ਜਗ੍ਹਾ ਤੇ ਨਾ ਬਣਾਉ ਇੰਝ ਕਬਰਾਂ ਤੇ ਸਿਵੇ,
ਮੁੱਕ ਨਾ ਜਾਵੇ ਧਰਤ ਕਿੱਧਰੇ ਹਾਲੀਆਂ ਦੇ ਵਾਸਤੇ।
-----
ਧਾਗਿਆਂ ਦੇ ਨਾਲ਼ ਬੱਝੀ ਜਿੰਦਗੀ ਦੀ ਹਰ ਅਦਾ,
ਕਿਸ ਤਰਾਂ ਦੀ ਬੇਵਸੀ ਏ ਪੁਤਲੀਆਂ ਦੇ ਵਾਸਤੇ।
-----
ਅੱਗ ਦਾ ਮੌਸਮ ਲੈ ਕੇ ਆਇਆ ਏਨੇ ਸਾਰੇ ਹਾਦਸੇ,
ਇਕ ਵੀ ਨਗ਼ਮਾ ਲਿਖ ਨਾ ਸਕਿਆ ਤਿਤਲੀਆਂ ਦੇ ਵਾਸਤੇ।
======
ਗ਼ਜ਼ਲ
ਮੈਂ ਚਾਹੁੰਦਾ ਹਾਂ ਨਾ ਇਕ ਦੂਜੇ ਨੂੰ ਏਨਾ ਕੋਸਿਆ ਜਾਵੇ।
ਰੁਕੇ ਨੇ ਕਿਸ ਜਗ੍ਹਾ ਪਾਣੀ ਦੁਬਾਰਾ ਸੋਚਿਆ ਜਾਵੇ।
-----
ਕੋਈ ਮੱਧਮ ਜਿਹਾ ਚਿਹਰਾ ਮੇਰੇ ਖ਼ਾਬਾਂ 'ਚ ਆਉਂਦਾ ਏ,
ਬੜੀ ਕੋਸ਼ਿਸ਼ ਦੇ ਮਗਰੋਂ ਵੀ ਨਾ ਉਸਨੂੰ ਚਿੱਤਰਿਆ ਜਾਵੇ।
-----
ਮੈਂ ਜੇਕਰ ਰਾਖ਼ ਹੋਇਆ ਹਾਂ ਤਾਂ ਮੈਨੂੰ ਵੀ ਤਾਂ ਮਿਹਣਾ ਏ,
ਮੇਰੇ ਮਨ ਦੀ ਇਹ ਚਾਹਤ ਸੀ ਕਿ ਅੱਗ ਨੂੰ ਪਰਖ਼ਿਆ ਜਾਵੇ।
-----
ਮੈਂ ਜਿਸ ਰਸਤੇ ਨੂੰ ਚੁਣਿਆ ਹੈ, ਉਹ ਮੋੜਾਂ ਨਾਲ਼ ਭਰਿਆ ਏ,
ਨਾ ਦਿਸਦੀ ਏ ਕੋਈ ਮੰਜ਼ਿਲ ਨਾ ਘਰ ਨੂੰ ਪਰਤਿਆ ਜਾਵੇ।
-----
ਬੜੀ ਨਫ਼ਰਤ ਜਿਹੀ ਹੁੰਦੀ, ਬੜੀ ਜ਼ਿੱਲਤ ਜਿਹੀ ਹੁੰਦੀ,
ਜੇ ਰਾਤਾਂ ਦੀ ਕਹਾਣੀ ਨੂੰ ਸਵੇਰੇ ਵਾਚਿਆ ਜਾਵੇ।
------
ਜੇ ਇਸ ਨਗਰੀ 'ਚ ਰਹਿਣਾ ਏ, ਬੁਰੇ ਮੌਸਮ ਵੀ ਆਵਣਗੇ,
ਚਲੋ ਢਹਿੰਦੇ ਪਏ ਘਰ ਨੂੰ ਦੁਬਾਰਾ ਜੋੜਿਆ ਜਾਵੇ।
======
ਗ਼ਜ਼ਲ
ਨਵੇਂ ਚਿਹਰੇ ਦੇ ਮਿਲਦੇ ਹੀ ਪੁਰਾਣੇ ਨੂੰ ਭੁਲਾ ਦੇਣਾ।
ਹਰਿੱਕ ਸ਼ੀਸ਼ੇ ਦੀ ਆਦਤ ਹੈ, ਮੁਹੱਬਤ ਨੂੰ ਦਗ਼ਾ ਦੇਣਾ।
-----
ਤੂੰ ਸੂਰਜ ਤੋਂ ਉਰੇ ਰਹਿੰਦਾ, ਮੈਂ ਸੂਰਜ ਤੋਂ ਪਰੇ ਜਾਣਾ,
ਮੇਰੇ ਖ਼ਾਬਾਂ ਨੇ ਉਡਣਾ ਏ, ਅਕਾਸ਼ਾਂ ਨੂੰ ਹਟਾ ਦੇਣਾ।
-----
ਅਸੀ ਆਪਣੇ ਉਜਾਲੇ ਦੀ ਹਿਫ਼ਾਜ਼ਤ ਆਪ ਕਰਨੀ ਏ,
ਹਵਾਵਾਂ ਦੀ ਤਾਂ ਆਦਤ ਹੈ, ਚ਼ਿਰਾਗਾਂ ਨੂੰ ਬੁਝਾ ਦੇਣਾ।
-----
ਕਿਸੇ ਬੇੜੀ ਦੇ ਸਿਰ ਉੱਤੇ ਕੋਈ ਤੂਫ਼ਾਨ ਚੜ੍ਹਿਆ ਏ,
ਨਸ਼ਾ ਕਰਕੇ ਮਲਾਹ ਸੁੱਤਾ , ਜ਼ਰਾ ਉਸਨੂੰ ਜਗਾ ਦੇਣਾ।
-----
ਉਹ ਬੂਹਾ ਏ ਜਾਂ ਬਾਰੀ ਏ, ਉਹ ਕਿਸ਼ਤੀ ਏ ਜਾਂ ਕੁਰਸੀ ਏ,
ਤੁਸੀ ਕੱਟਿਆ ਸੀ ਜਿਹੜਾ ਰੁੱਖ, ਜ਼ਰਾ ਉਸਦਾ ਪਤਾ ਦੇਣਾ।
-----
ਕਿਤੇ ਪਿਆਸੀ ਨਾ ਮਰ ਜਾਵੇ ਉਹ ਇਕ ਸ਼ੀਸ਼ੇ ਦੇ ਘਰ ਅੰਦਰ,
ਤੁਸੀ ਮਛਲੀ ਦਾ ਕਾਲਾ ਖ਼ਤ ਸਮੁੰਦਰ ਨੂੰ ਫੜਾ ਦੇਣਾ।
======
ਗ਼ਜ਼ਲ
ਤੇਰੀ ਅੱਗ ਨੇ ਮਜ਼ਾਕ ਕੀਤਾ ਸੀ,
ਮੈਨੂੰ ਲਪਟਾਂ ਬੁਝਾਣੀਆਂ ਪਈਆਂ।
ਸਾਰੀ ਦੁਨੀਆਂ ਦੇ ਸਾਹਮਣੇ ਅੱਖਾਂ,
ਤੇਰੀ ਖ਼ਾਤਰ ਝੁਕਾਣੀਆਂ ਪਈਆਂ।
-----
ਖ਼ੁਦ ਹੀ ਮੁਨਸਿਫ਼ ,ਵਕੀਲ, ਕ਼ਾਤਲ ਸਾਂ,
ਖ਼ੁਦ ਹੀ ਖ਼ੰਜਰ, ਜੱਲਾਦ, ਮਕ਼ਤਲ ਸਾਂ,
ਲਾਸ਼ ਆਪਣੀ ਤਬੂਤ ਵਿੱਚ ਪਾ ਕੇ,
ਖ਼ੁਦ ਹੀ ਮੇਖਾਂ ਲਗਾਉਣੀਆਂ ਪਈਆਂ।
------
ਤੈਨੂੰ ਕਿਹੜਾ ਸਰਾਪ ਮਿਲਿਆ ਏ,
ਮੈਨੂੰ ਕਿਹੜਾ ਸਰਾਪ ਮਿਲਿਆ ਏ,
ਤੈਨੂੰ ਛੁਰੀਆਂ ਬਣਾਉਣੀਆਂ ਪਈਆਂ,
ਮੈਨੂੰ ਕ਼ਬਰਾਂ ਬਣਾਉਣੀਆਂ ਪਈਆਂ।
------
ਉਹ ਜੋ ਖ਼ੁਦ ਤੇ ਯਕੀਨ ਕਰਦੇ ਸੀ,
ਉਹ ਜੋ ਖ਼ੁਦ ਤੇ ਉਮੀਦ ਰੱਖਦੇ ਸੀ,
ਉਹਨਾਂ ਲੋਕਾਂ ਨੂੰ ਘੰਟੀਆਂ ਆਖ਼ਰ,
ਮੰਦਰਾਂ ਵਿੱਚ ਵਜਾਉਣੀਆਂ ਪਈਆਂ।
------
ਪੰਡਤਾਂ ਨੇ ਜੋ ਪੁਸਤਕਾਂ ਲਿਖੀਆਂ,
ਸ਼ੂਦਰਾਂ ਨੂੰ ਉਹ ਪੜ੍ਹਨੀਆਂ ਪਈਆਂ,
ਸਾਡੇ ਬੱਚਿਆਂ ਦੇ ਹੱਥ ਨਾ ਆ ਜਾਵਣ,
ਪੁਸਤਕਾਂ ਸਭ ਲੁਕਾਣੀਆਂ ਪਈਆਂ।
1 comment:
Bahut khoob Raheja saab, sabh rachnavan vakh-vakh trah da asr kardian ne..
Post a Comment