-----
ਪੁਸਤਕ ਨੂੰ ਖ਼ੂਬਸੂਰਤ ਹਲਕੇ ਖਾਕੀ ਪੇਪਰ ਉੱਤੇ ਸਵਰਨਜੀਤ ਸਵੀ ਨੇ ਕਲਾਸੀਕਲ ਸਟਾਇਲ ਵਿਚ ਪ੍ਰਕਾਸ਼ਿਤ ਕੀਤਾ ਅਤੇ ਅਨੁਵਾਦਾਂ ਤੋਂ ਇਲਾਵਾ ਇਸ ਵਿਚ ਟੈਗੋਰ ਦੀਆਂ ਅਤੇ ਅਨੁਵਾਦਕਾਂ ਦੀਆਂ ਹੱਥ-ਲਿਖਤਾਂ ਦੇ ਪੰਨੇ ਵੀ ਸ਼ਾਮਿਲ ਕੀਤੀਆਂ। ਪੁਸਤਕ ਦੀ ਦਿੱਖ ਅਦੁੱਤੀ ਤੇ ਅਤਿ ਕਲਾਮਈ ਹੈ।
-----
ਸਾਹਿਤ ਅਕਾਦਮੀ ਦਿੱਲੀ ਨੇ ਇਸ ਨੂੰ ਦਸੰਬਰ 2010 ਵਿਚ ਸ਼ਾਂਤੀ ਨਿਕੇਤਨ ਸਥਿਤ ਵਿਸ਼ਵਭਾਰਤੀ ਯੂਨੀਵਰਸਿਟੀ ਵਿਚ ਰਿਲੀਜ਼ ਕੀਤਾ। ਰਿਲੀਜ਼ ਸਮਾਰੋਹ ਵਿਚ ਡਾ. ਸੁਤਿੰਦਰ ਨੂਰ, ਡਾ. ਸੁਰਜੀਤ ਪਾਤਰ, ਅਮਰਜੀਤ ਗਰੇਵਾਲ, ਸਵਰਨਜੀਤ ਸਵੀ, ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ ਗੁਰਭਜਨ ਗਿੱਲ ਤੇ ਕਈ ਹੋਰ ਪੰਜਾਬੀ ਲੇਖਕ ਸ਼ਾਮਿਲ ਹੋਏ। ਨੂਰ ਸਾਹਿਬ ਨੇ ਦੱਸਿਆ ਕਿ ਬੰਗਾਲੀ ਵਿਦਵਾਨਾਂ ਤੇ ਲੇਖਕਾਂ ਨੇ ਪੁਸਤਕ ਨੂੰ ਜੀਅ ਆਇਆਂ ਕਿਹਾ ਅਤੇ ਇਸ ਬਾਰੇ ਅਤਿ ਪ੍ਰਸ਼ੰਸ਼ਾ ਭਰੇ ਸ਼ਬਦ ਕਹੇ ...” *** ਅਜਮੇਰ ਰੋਡੇ
******
ਟੈਗੋਰ ਦੇ ਕਵੀ-ਰੂਪ ਦਾ ਪਰਗਾਸ – “...ਸਾਰੇ ਭਾਰਤਵਾਸੀਆਂ ਨੂੰ ਇਸ ਗੱਲ ਦਾ ਮਾਣ ਹੈ ਕਿ ਰਾਬਿੰਦਰ ਨਾਥ ਟੈਗੋਰ ਭਾਰਤੀ ਸਨ। ਬੰਗਾਲੀਆਂ ਲਈ ਇਹ ਮਾਣ ਜ਼ਿਆਦਾ ਗੂੜ੍ਹਾ ਹੋ ਜਾਂਦਾ ਹੈ ਕਿਉਂਕਿ ਟੈਗੋਰ ਬੰਗਾਲੀ ਸਨ। ਪਰ ਪੰਜਾਬੀਆਂ ਦਾ ਟੈਗੋਰ ਲਈ ਮਾਣ ਵੀ ਬਹੁਤ ਗੂੜ੍ਹਾ ਹੈ ਕਿਉਂਕਿ ਟੈਗੋਰ ਨੇ ਪੰਜਾਬ ਨੂੰ ਬਹੁਤ ਪਿਆਰ ਕੀਤਾ। ਟੈਗੋਰ ਦੀਆਂ ਯਾਦਾਂ ਵਿਚ ਸ੍ਰੀ ਦਰਬਾਰ ਸਾਹਿਬ ਦੀ ਬਹੁਤ ਕਾਵਿਕ ਤੇ ਸਨੇਹਮਈ ਸਿਮਰਤੀ ਹੈ। ਟੈਗੋਰ ਨੇ ਗੁਰੂ ਗੋਬਿੰਦ ਸਿੰਘ ਬਾਰੇ ਕਵਿਤਾ ਲਿਖੀ, ਬੰਦਾ ਬਹਾਦਰ ਬਾਰੇ ਕਵਿਤਾ ਲਿਖੀ। ਭਾਈ ਤਾਰੂ ਤੇ ਭਾਈ ਹਕੀਕਤ ਰਾਏ ਦੇ ਸ਼ਹੀਦੀ ਸਾਕਿਆਂ ਬਾਰੇ ਵੀ ਲਿਖਿਆ। ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਟੈਗੋਰ ਨੇ ਗੁਰੂ ਨਾਨਕ ਰਚਿਤ ਆਰਤੀ:
ਗਗਨ ਮੈ ਥਾਲੁ ਰਵਿ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ…
ਦੇ ਬੋਲ ਸੁਣੇ ਤਾਂ ਕਿਹਾ: ਇਹ ਤਾਂ ਬ੍ਰਹਿਮੰਡੀ ਗਾਨ (Cosmic Anthem) ਹੈ।
ਤੇ ਫਿਰ ਜਲ੍ਹਿਆਂ ਵਾਲਾ ਬਾਗ਼ ਅੰਮ੍ਰਿਤਸਰ ਦੇ ਸਾਕੇ ਤੋਂ ਬਾਅਦ, ਬਰਤਾਨੀਆ ਸਰਕਾਰ ਦੇ ਇਸ ਘਿਨਾਉਣੇ ਤੇ ਬੇਕਿਰਕ ਵਿਵਹਾਰ ਪ੍ਰਤੀ ਆਪਣੇ ਵਿਦਰੋਹ ਵਜੋਂ ‘ਸਰ‘ਦੀ ਉਪਾਧੀ ਵਾਪਿਸ ਕਰ ਦਿਤੀ।
-----
ਟੈਗੋਰ ਦੀ 150ਵੀਂ ਜਯੰਤੀ ਦੇ ਮੌਕੇ ਤੇ ਅਸੀਂ ਉਸ ਮਹਾਨ ਕਵੀ ਦੀ ਕਵਿਤਾ, ਸ਼ਖ਼ਸੀਅਤ ਅਤੇ ਉਸਦੇ ਮਹਾਨ ਸਰੋਕਾਰਾਂ ਅਤੇ ਉੱਚੀਆਂ ਭਾਵਨਾਵਾਂ ਅੱਗੇ ਨਮਸਕਾਰ ਕਰਦੇ ਹਾਂ।
----
ਟੈਗੋਰ ਇਕ ਸਰਬੰਗੀ ਸਾਹਿਤਕਾਰ ਸਨ, ਉਹਨਾਂ ਦੀ 150ਵੀਂ ਜਯੰਤੀ ਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਟੈਗੋਰ ਸਿਰਜਣਾ ਦੇ ਅਨੇਕ ਰੂਪਾਂ ਨੂੰ ਨੁਮਾਇਆ ਕੀਤਾ ਜਾ ਰਿਹਾ ਹੈ।
-----
ਵਿਸ਼ਵ ਦੀ ਸਿਮਰਤੀ ਵਿਚ ਟੈਗੋਰ ਦਾ ਕਵੀ ਰੂਪ ਸਭ ਤੋਂ ਉਘੜਵਾਂ ਹੈ। ਇਹ ਪੁਸਤਕ ਟੈਗੋਰ ਦੇ ਇਸ ਰੂਪ ਦਾ ਹੀ ਪਰਗਾਸ ਹੈ।
-----
ਇਸ ਪੁਸਤਕ ਦੇ ਤਿੰਨ ਹਿੱਸੇ ਹਨ। ਪਹਿਲੇ ਹਿੱਸੇ ਵਿਚ ਪੰਜਾਬੀ ਦੇ ਮਹਾਨ ਕਵੀ ਪ੍ਰੋ: ਮੋਹਨ ਸਿੰਘ ਦੀਆਂ ਅਨੁਵਾਦ ਕੀਤੀਆਂ ਕਵਿਤਾਵਾਂ ਸ਼ਾਮਲ ਹਨ। ਦੂਜੇ ਹਿੱਸੇ ਵਿਚ ਕੈਨੇਡਾ ਵਸਦੇ ਪ੍ਰਬੁੱਧ ਪੰਜਾਬੀ ਕਵੀ ਅਜਮੇਰ ਰੋਡੇ ਹੋਰਾਂ ਦੇ ਕੀਤੇ ਅਨੁਵਾਦ ਹਨ ਤੇ ਤੀਜੇ ਹਿੱਸੇ ਵਿਚ ਮੇਰੇ ਦੁਆਰਾ ਅਨੁਵਾਦ ਕੀਤੀਆਂ ਕਵਿਤਾਵਾਂ ਸ਼ਾਮਲ ਹਨ।
-----
ਟੈਗੋਰ ਦੀ ਸਮੁੱਚੀ ਕਵਿਤਾ ਦਾ ਬਹੁਤ ਥੋੜ੍ਹਾ ਹਿੱਸਾ ਇਸ ਪੁਸਤਕ ਵਿਚ ਸ਼ਾਮਿਲ ਹੈ, ਪਰ ਫਿਰ ਵੀ ਇਸ ਵਿਚ ਉਨ੍ਹਾਂ ਦੀ ਕਵਿਤਾ ਦੀਆਂ ਅਨੇਕ ਸਿਖ਼ਰਾਂ ਦੇਖੀਆਂ ਜਾ ਸਕਦੀਆਂ ਹਨ। ਕਿਤੇ ਟੈਗੋਰ ਕੋਮਲਤਾ ਅਤੇ ਸਮਰਪਣ ਦਾ ਰੂਪ ਹੈ, ਕਿਤੇ ਕੁਦਰਤ ਦੇ ਮੂੰਹ-ਜ਼ੋਰ ਮੰਜ਼ਿਰਾਂ ਦਾ ਓਜੱਸਵੀ ਚਿਤੇਰਾ।
-----
ਇਨ੍ਹਾਂ ਸ਼ਬਦਾਂ ਨਾਲ ਇਹ ਕਾਵਿ-ਪੁਸਤਕ, ਜਿਸਨੂੰ ਕਵੀ ਚਿਤ੍ਰਕਾਰ ਸਵਰਨਜੀਤ ਸਵੀ ਨੇ ਬਹੁਤ ਕਲਾਮਈ ਢੰਗ ਨਾਲ ਸਜਾਇਆ ਹੈ, ਪਿਆਰ ਸਹਿਤ ਪੰਜਾਬੀ ਪਾਠਕਾਂ ਨੂੰ ਸਮਰਪਿਤ ਹੈ ...” **** ਡਾ. ਸੁਰਜੀਤ ਪਾਤਰ, ਸੰਪਾਦਕ
*****
ਦੋਸਤੋ! ਗੁਰੂ ਰਾਬਿੰਦਰ ਨਾਥ ਟੈਗੋਰ ਜੀ ਦੀ ਪੰਜਾਬੀ ‘ਚ ਅਨੁਵਾਦਿਤ ਰਚਨਾਵਲੀ ਦੀ ਇਹ ਸਾਰੀ ਜਾਣਕਾਰੀ ਆਰਸੀ ਪਰਿਵਾਰ ਵਾਸਤੇ ਬਰਨਬੀ, ਬੀ.ਸੀ., ਕੈਨੇਡਾ ਵਸਦੇ ਸੁਪ੍ਰਸਿੱਧ ਲੇਖਕ ਸਤਿਕਾਰਤ ਅਜਮੇਰ ਰੋਡੇ ਸਾਹਿਬ ਵੱਲੋਂ ਘੱਲੀ ਗਈ ਹੈ, ਅਸੀਂ ਉਹਨਾਂ ਦੇ ਮਸ਼ਕੂਰ ਹਾਂ। ਹੋਰਨਾਂ ਭਾਸ਼ਾਵਾਂ ਤੋਂ ਚੰਗਾ ਸਾਹਿਤ ਅਨੁਵਾਦ ਹੋ ਕੇ ਪੰਜਾਬੀ ‘ਚ ਪ੍ਰਕਾਸ਼ਿਤ ਹੋਵੇ, ਸਾਡੇ ਸਭ ਲਈ ਇਹ ਮਾਣ ਵਾਲ਼ੀ ਗੱਲ ਹੈ। ਇਸ ਨਾਲ਼ ਜਿੱਥੇ ਅਸੀਂ ਬਾਕੀ ਭਾਸ਼ਾਵਾਂ ਦੇ ਸਾਹਿਤ ਨਾਲ਼ ਜੁੜਦੇ ਹਾਂ, ਉੱਥੇ ਸਾਡਾ ਆਪਣਾ ਸਾਹਿਤ ਵੀ ਅਮੀਰ ਅਤੇ ਉਸਦਾ ਘੇਰਾ ਵਸੀਹ ਹੁੰਦਾ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਨੂੰ ਆਰਸੀ ਪਰਿਵਾਰ ਵੱਲੋਂ ਇਸ ਉੱਦਮ ਦੀਆਂ ਮੁਬਾਰਕਾਂ। ਕਿਤਾਬ ਖ਼ਰੀਦਣ ਬਾਰੇ ਲੋੜੀਂਦੀ ਜਾਣਕਾਰੀ ਟਾਈਟਲ ਡਿਜ਼ਾਈਨ ਸਹਿਤ ਹੇਠਾਂ ਪੋਸਟ ਕੀਤੀ ਜਾ ਰਹੀ ਹੈ। ਤੁਸੀਂ ਵੀ ਪ੍ਰਕਾਸ਼ਕ ਨਾਲ਼ ਸੰਪਰਕ ਕਰਕੇ ਇਸਦੀ ਕਾਪੀ ਹੁਣੇ ਰਾਖਵੀਂ ਕਰ ਸਕਦੇ ਹੋ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
******
ਟੈਗੋਰ ਰਚਨਾਵਲੀ – ਚੋਣਵੀਂ ਕਵਿਤਾ
ਲੇਖਕ: ਰਾਬਿੰਦਰ ਨਾਥ ਟੈਗੋਰ
ਸੰਪਾਦਕ: ਡਾ. ਸੁਰਜੀਤ ਪਾਤਰ
ਅਨੁਵਾਦਕ: ਪ੍ਰੋ: ਮੋਹਨ ਸਿੰਘ, ਅਜਮੇਰ ਰੋਡੇ, ਡਾ. ਸੁਰਜੀਤ ਪਾਤਰ
ਪ੍ਰਕਾਸ਼ਕ: ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ, ਸਾਹਿਤ ਅਕਾਦਮੀ ਨਵੀਂ ਦਿੱਲੀ (ਸਰਪ੍ਰਸਤ)
ਪ੍ਰਕਾਸ਼ਨ ਵਰ੍ਹਾ: ਦਸੰਬਰ 2010
ਕੀਮਤ: 300 ਰੁਪਏ
******
ਨਜ਼ਮ
ਬੱਚਿਆ, ਤੂੰ ਘੱਟੇ ਵਿਚ ਬੈਠਾ
ਤੇ ਸਾਰੀ ਸਵੇਰ ਇਕ ਟੁੱਟੀ ਟਾਹਣੀ ਨਾਲ਼ ਖੇਡਦਾ ਕਿੰਨਾ ਖ਼ੁਸ਼ ਹੈਂ!
ਟੁੱਟੀ ਟਾਹਣੀ ਦੇ ਟੋਟੇ ਨਾਲ਼ ਤੈਨੂੰ ਖੇਡਦਿਆਂ ਦੇਖ
ਮੈਂ ਮੁਸਕਰਾ ਉਠਦਾ ਹਾਂ।
ਮੈਂ ਆਪਣੇ ਲੇਖੇ ਵਿਚ ਰੁੱਝਾ ਹਾਂ
ਘੰਟਿਆਂ ਤੋਂ ਅੰਕਾਂ ਦਾ ਜੋੜ ਲਾਉਂਦਾ
ਖ਼ਬਰੇ ਤੂੰ ਮੇਰੇ ਵੱਲ ਦੇਖ ਕੇ ਸੋਚਦਾ ਹੋਵੇਂ...
..............
“ਕੈਸੀ ਫ਼ਜ਼ੂਲ ਖੇਡ ਹੈ ਇਹ
ਜਿਸ ਨਾਲ਼ ਤੇਰੀ ਸਵੇਰ ਦਾ ਨਾਸ ਹੋ ਗਿਆ ਹੈ”
............
ਬੱਚਿਆ, ਮੈਂ ਸੋਟੀਆਂ ਤੇ ਮਿੱਟੀ ਦੀਆਂ ਬਾਜੀਆਂ
ਨਾਲ਼ ਖੇਡਣ ਦੀ ਕਲਾ ਨੂੰ ਭੁਲਾ ਬੈਠਾ ਹਾਂ
ਮੈਂ ਮਹਿੰਗੀਆਂ ਬਾਜੀਆਂ ਨੂੰ ਭਾਲ਼ਦਾ
ਤੇ ਸੋਨੇ ਚਾਂਦੀ ਦੇ ਢੇਰ ਇੱਕਠੇ ਕਰਦਾ ਫਿਰਦਾ ਹਾਂ
ਤੈਨੂੰ ਜੋ ਵੀ ਲੱਭੇ ਤੇਰੀ ਬਾਜੀ ਹੈ
ਮੈਂ ਕਦੇ ਪ੍ਰਾਪਤ ਨਾ ਹੋਣ ਵਾਲ਼ੀਆਂ ਚੀਜ਼ਾਂ ਪਿੱਛੇ
ਆਪਣਾ ਸਮਾਂ ਤੇ ਸ਼ਕਤੀ ਖ਼ਰਚਦਾ ਰਹਿੰਦਾ ਹਾਂ
ਆਪਣੀ ਜ਼ਰਜ਼ਰੀ ਕਿਸ਼ਤੀ ਵਿਚ
ਮੈਂ ਤ੍ਰਿਸ਼ਨਾ ਦੇ ਸਾਗਰ ਨੂੰ ਪਾਰ ਕਰਨਾ ਚਾਹੁੰਦਾ ਹਾਂ
ਤੇ ਭੁੱਲ ਜਾਂਦਾ ਹਾਂ ਕਿ ਮੈਂ ਵੀ
ਇਕ ਖੇਡ ਹੀ ਖੇਡ ਰਿਹਾ ਹਾਂ।
*****
ਪੰਜਾਬੀ ਅਨੁਵਾਦ: ਪ੍ਰੋ: ਮੋਹਨ ਸਿੰਘ
*****
ਨਜ਼ਮ
ਉਹ ਆਇਆ ਤੇ ਮੇਰੇ ਨਾਲ਼ ਬੈਠ ਗਿਆ
ਪਰ ਮੈਨੂੰ ਜਾਗ ਹੀ ਨਾ ਆਈ
ਕਿੰਨੀ ਸਰਾਪੀ ਨੀਂਦ ਸੀ, ਮੰਦੇਭਾਗ ਮੇਰੇ!
...........
ਇਹ ਆਇਆ ਜਦੋਂ ਰਾਤ ਟਿਕੀ ਹੋਈ ਸੀ
ਬੰਸਰੀ ਉਸਦੇ ਹੱਥ ਵਿਚ ਸੀ
ਅਤੇ ਮੇਰੇ ਸੁਪਨੇ ਉਸਦੀ ਧੁਨ ਨਾਲ਼ ਇਕਸੁਰ ਹੋ ਗਏ
.........
ਆਹ! ਮੇਰੀਆਂ ਰਾਤਾਂ ਇੰਝ ਕਿਉਂ ਬੇਕਾਰ ਨਿਕਲ਼ ਜਾਂਦੀਆਂ ਹਨ?
ਮੈਂ ਉਸਦੇ ਦਰਸ਼ਨ ਤੋਂ ਵਾਂਝਾ ਕਿਉਂ ਰਹਿ ਜਾਂਦਾ ਹਾਂ??
ਜਦੋਂ ਕਿ ਉਸਦਾ ਸਾਹ ਮੇਰੀ ਨੀਂਦ ਨੂੰ ਛੋਹ ਜਾਂਦਾ ਹੈ...
*****
ਪੰਜਾਬੀ ਅਨੁਵਾਦ: ਅਜਮੇਰ ਰੋਡੇ
*****
ਨਜ਼ਮ
ਜੰਗਲ਼, ਧਰਤੀ ਦੇ ਬੱਦਲ਼ ਹਨ
ਜੋ ਚੁੱਪ-ਚਾਪ ਅਸਮਾਨ ਵੱਲ ਵੇਖਦੇ ਹਨ
ਉਪਰਲੇ ਬੱਦਲ਼ ਹੇਠਾਂ ਆਉਂਦੇ ਹਨ
ਛਰਾਟਿਆਂ ਦੇ ਸ਼ੋਰ ਨਾਲ਼ ਗੂੰਜਦੇ...
...........
ਜਹਾਨ ਮੇਰੇ ਨਾਲ਼
ਮੂਰਤਾਂ ਦੁਆਰਾ ਗੱਲਾਂ ਕਰਦਾ ਹੈ
ਮੇਰੀ ਰੂਹ ਸੰਗੀਤ ਰਾਹੀਂ
ਜਵਾਬ ਦੇਂਦੀ ਹੈ
.........
ਸ਼ਾਮ ਦਾ ਧੁੰਦਲਕਾ ਪੀੜ ਵਾਂਗ ਗੂੰਗਾ ਹੈ
ਸਵੇਰ ਦਾ ਧੁੰਦਲਕਾ ਸਕੂਨ ਵਾਂਗ ਚੁੱਪ ਹੈ
.............
ਹੰਕਾਰ ਆਪਣੀਆਂ ਤਿਉੜੀਆਂ
ਪੱਥਰਾਂ ਵਿਚ ਖੁਣਦਾ ਹੈ
ਪਿਆਰ ਫੁੱਲਾਂ ਰਾਹੀਂ ਸਮਰਪਿਤ ਹੁੰਦਾ ਹੈ
*****
ਪੰਜਾਬੀ ਅਨੁਵਾਦ: ਸੁਰਜੀਤ ਪਾਤਰ
1 comment:
Tandeep
tuhada sabh da uprala slahunyog hai. Rab sacha tuhanu charhdi kla 'ch rakhe. Merian duavan tuhade naal ne.
Mota Singh Sarai
Post a Comment