“ਅਧੂਰੇ ਖ਼ਾਬ ਦਾ ਅੱਧਾ ਸਫ਼ਾ ਕਬੂਲ ਕਰੋ
ਕਿ ਜਿੰਨੀ ਹੋ ਸਕੀ, ਓਨੀ ਵਫ਼ਾ ਕਬੂਲ ਕਰੋ ”
ਤੁਹਾਡੀ ਕਲਮ ਨੂੰ ਆਰਸੀ ਪਰਿਵਾਰ ਵੱਲੋਂ ਇਕ ਵਾਰ ਫੇਰ ਸਲਾਮ! ਤੁਹਾਡੀ ਇਸ ਹਾਜ਼ਰੀ ਨਾਲ਼ ਆਰਸੀ ਦੇ ਬੂਹੇ ‘ਤੇ ਇਕ ਨਵਾਂ-ਨਕੋਰ ਸੰਦਲੀ ਸੂਰਜ ਉੱਗ ਆਇਆ ਹੈ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
=====
ਗ਼ਜ਼ਲ
ਕੁਝ ਪੱਥਰ, ਕੁਝ ਠੋਕਰਾਂ, ਕੁਝ ਅਣਚਾਹਿਆ ਸ਼ੋਰ।
ਮੇਰੇ ਸਫ਼ਰ ’ਚ ਜੁੜ ਗਏ, ਦੋ-ਤਿੰਨ ਵਰਕੇ ਹੋਰ।
-----
ਕਮਰੇ ਕਰਦੇ ਮਸ਼ਵਰਾ, ਇੱਕ-ਦੂਜੇ ਦੇ ਨਾਲ਼,
ਲੈ ਕੇ ਆਉਣਾ ਭਲ਼ਕ ਨੂੰ ਸੂਰਜ ਨਵਾਂ-ਨਕੋਰ।
-----
ਸਰਵਣ ਕਰ ਸਕਿਆ ਨਹੀਂ ਮੈਂ ਰੂਹਾਂ ਦਾ ਰਾਗ,
ਜਾਂ ਫਿਰ ਏਥੇ ਚੁੱਪ ਦੀ, ਪਰਿਭਾਸ਼ਾ ਹੈ ਹੋਰ ।
-----
ਕੁਝ ਨੇ ਧੁੰਦਲ਼ੀ ਚਾਨਣੀ ਪੀ ਲਈ ਇੱਕੇ ਸਾਹ,
ਕੁਝ ਅੱਖਾਂ ਨੂੰ ਭਾ ਗਈ, ਨ੍ਹੇਰੇ ਦੀ ਲਿਸ਼ਕੋਰ।
-----
ਜਿਉਂ ਰੁੱਸੀ, ਨਾ ਪਰਤ ਕੇ ਆਈ ਰੁੱਤ ਬਹਾਰ,
ਮਾਰ ਉਡਾਰੀ ਉੱਡਿਆ, ਕੰਧੋਲ਼ੀ ਦਾ ਮੋਰ ।
=====
ਗ਼ਜ਼ਲ
ਅਧੂਰੇ ਖ਼ਾਬ ਦਾ ਅੱਧਾ ਸਫ਼ਾ ਕਬੂਲ ਕਰੋ।
ਕਿ ਜਿੰਨੀ ਹੋ ਸਕੀ, ਓਨੀ ਵਫ਼ਾ ਕਬੂਲ ਕਰੋ।
-----
ਤੁਹਾਡੇ ਸ਼ਹਿਰ ਦੀ ਅਜ਼ਲਾਂ ਤੋਂ ਇਹ ਰਵਾਇਤ ਹੈ,
ਕਸੂਰ ਹੈ ਜਾਂ ਨਹੀਂ, ਪਰ ਸਜ਼ਾ ਕਬੂਲ ਕਰੋ।
-----
ਕਿਤੇ ਨਾ ਹੋਰ ਜਾ ਕਰਨੀ ਪਵੇ ਦੁਆ ਮੈਨੂੰ,
ਕਿ ਪਰਤ ਆਉਣ ਦੀ ਮੇਰੀ ਦੁਆ ਕਬੂਲ ਕਰੋ।
-----
ਕਿਸੇ ਮਕਾਮ ‘ਤੇ ਰੁੱਤਾਂ ‘ਤੇ ਵੱਸ ਨਹੀਂ ਚੱਲਦਾ,
ਹੈ ਜੋ ਵੀ ਵਗ ਰਹੀ, ਓਹੀ ਹਵਾ ਕਬੂਲ ਕਰੋ ।
-----
ਹਰੇਕ ਕੋਣ ਤੋਂ ਪੂਰਾ ਕੋਈ ਨਹੀਂ ਹੁੰਦਾ,
ਹੈ ਦਿਲ ’ਚ ਪਿਆਰ ਤਾਂ ਖੋਟਾ-ਖ਼ਰਾ ਕਬੂਲ ਕਰੋ।
------
ਤੁਹਾਨੂੰ ਔਖੀਆਂ ਰਾਹਾਂ ਦੇ ਨਕ਼ਸ਼ ਦੱਸੇਗਾ,
ਸਫ਼ਰ ਦੇ ਵਾਸਤੇ ਇਹ ਹਾਦਸਾ ਕਬੂਲ ਕਰੋ ।
9 comments:
वाह ! क्या खूबसूरत ग़ज़लें हैं ! एक एक शे'र दिल में उतरता सा जाता है। बधाई !
ਰਾਜਿੰਦਰਜੀਤ ਦਾ ਹਰ ਸ਼ਿਅਰ ਹੈ ਕਾਬਲੇ-ਤਾਰੀਫ਼
ਗ਼ਜ਼ਲ ਲਈ ਦਾਦ ਤੇ ਕਲਮ ਲਈ ਦੁਆ ਕਬੂਲ ਕਰੋ ।
ਰਾਜਿੰਦਰ ਜੀਤ ਦੀਆਂ ਗਜ਼ਲਾਂ ਖੂਬਸੂਰਤ ਪ੍ਰਭਾਵ ਦਿੰਦੀਆਂ ਨੇ
Rajinderjit
Wah g wah. Jionde raho.
Mota Singh Sarai
ਤੁਹਾਡੇ ਸ਼ਹਿਰ ਦੀ ਅਜ਼ਲਾਂ ਤੋਂ ਇਹ ਰਿਵਾਇਤ ਰਹੀ,
ਕਸੂਰ ਹੈ ਜਾਂ ਨਹੀਂ, ਪਰ ਸਜ਼ਾ ਕਬੂਲ ਕਰੋ।
ਰਾਜਿੰਦਰਜੀਤ, ਕੁਝ ਕਹਿਣ ਨੂੰ ਬਾਕੀ ਛੱਡਿਆ ਹੀ ਨਹੀਂ।
ਦਿਲੀ ਮੋਹ ਨਾਲ
ਸੁਰਿੰਦਰ ਸੋਹਲ
ਤਨਦੀਪ, ਰਾਜਿੰਦਰਜੀਤ ਦੀਆਂ ਗ਼ਜ਼ਲਾਂ ਬਹੁਤ ਪਸੰਦ ਆਈਆਂ।
ਜਗਜੀਤ ਸੰਧੂ
ਕੈਨੇਡਾ
ਦੋਸਤੋ! ਆਰਸੀ 'ਤੇ ਫੇਰੀ ਪਾਉਣ ਅਤੇ ਰਾਜਿੰਦਰਜੀਤ ਜੀ ਦੀਆਂ ਗ਼ਜ਼ਲਾਂ ਪਸੰਦ ਕਰਕੇ ਆਪਣੇ ਵਿਚਾਰ ਘੱਲਣ ਲਈ ਬੇਹੱਦ ਸ਼ੁਕਰਗੁਜ਼ਾਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ
Mere vallon vi dhanvad qabool karo, Tandeep huran da qarzai haan..
ਰਾਜਿੰਦਰਜੀਤ ਜੀਓ! ਤੁਸੀਂ ਮੇਰੇ ਸਮਕਾਲੀ ਅਤੇ ਬਹੁਤ ਅਜ਼ੀਜ਼ ਸਾਹਿਤਕ ਦੋਸਤ ਹੋ, ਇਹ ਮੇਰਾ ਸੁਭਾਗ ਹੈ।
ਅਦਬ ਸਹਿਤ
ਤਨਦੀਪ ਤਮੰਨਾ
Post a Comment