
ਦੂਰ ਜਾ ਕੇ ਵਰ੍ਹ ਵੇ ਕਿਧਰੇ ਬੱਦਲ਼ਾ ਸਾਂਵਲਿਆ,
ਸਾਡੇ ਖੇਤੀਂ ਅੱਜ ਕੱਲ੍ਹ ਬੀਬਾ ਕਣਕਾਂ ਪੱਕੀਆਂ ਨੇ!
ਤੂੰ ਕੀ ਜਾਣੇ ਮੁੱਲ ਵੇ ਸੋਨੇ ਰੰਗੇ ਸਿੱਟਿਆਂ ਦਾ,
ਇੱਕ ਇੱਕ ਦਾਣੇ ਉੱਤੇ ਕਿੰਨੀਆਂ ਆਸਾਂ ਰੱਖੀਆਂ ਨੇ!
ਸਾਡੇ ਖੇਤੀਂ ਅੱਜ ਕੱਲ੍ਹ ਬੀਬਾ ਕਣਕਾਂ ਪੱਕੀਆਂ ਨੇ!
ਦੂਰ ਜਾ ਕੇ...
ਏਸ ਵਾਰੀ ਤਾਂ ਧੀ ਦੇ ਹੱਥ ਵੀ ਪੀਲ਼ੇ ਕਰਨੇ ਨੇ,
ਕਿਸ਼ਤ ਬੈਂਕ ਦੀ ਆਈ ਏ ਉਹ ਪੈਸੇ ਭਰਨੇ ਨੇ,
ਹੁਣ ਤਾਂ ਏਸੇ ਹਾੜ੍ਹੀ ਉੱਤੇ ਸਾਡੀਆਂ ਅੱਖੀਆਂ ਨੇ!
ਸਾਡੇ ਖੇਤੀਂ ਅੱਜ ਕੱਲ੍ਹ ਬੀਬਾ ਕਣਕਾਂ ਪੱਕੀਆਂ ਨੇ!
ਦੂਰ ਜਾ ਕੇ...
ਪੁੱਤ ਕਹੇ ਪ੍ਰਦੇਸੀਂ ਜਾਣਾ, ਰੋਕਿਆਂ ਰੁਕਦਾ ਨਈਂ,
ਬਾਪੂ ਡਰਦਾ ਮਾਰਾ ਹੋਰ ਕਰਜ਼ਾ ਚੁੱਕਦਾ ਨਈਂ,
ਸੁਪਨੇ ਹੰਭੇ ਹਾਰੇ ਨਾਲ਼ੇ ਰੀਝਾਂ ਥੱਕੀਆਂ ਨੇ!
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ!
ਦੂਰ ਜਾ ਕੇ...
ਸਿਰ ਢਕਣ ਲਈ ਐਤਕੀਂ ਪੱਕਾ ਕੋਠਾ ਛੱਤ ਲਈਏ,
ਕੋਈ ਸ਼ੌਂਕ ਦੀ ਪੂਣੀ ਵੈਰੀਆ ਅਸੀਂ ਵੀ ਕੱਤ ਲਈਏ,
ਸਾਡੇ ਕੋਲ ਬੱਸ ਝੋਨੇ, ਕਣਕਾਂ, ਨਰਮੇ, ਮੱਕੀਆਂ ਨੇ!
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ!
ਦੂਰ ਜਾ ਕੇ....
ਅੰਨ-ਦਾਤੇ ਭਾਵੇਂ ਕਹਾਉਂਦੇ ਹਾਂ ਪਰ ਹਾਲਤ ਮਾੜੀ ਏ,
ਸੱਪਾਂ, ਸੇਠਾਂ, ਜ਼ਹਿਰਾਂ ਦੇ ਨਾਲ਼ ਸਾਡੀ ਆੜੀ ਏ,
ਅਸੀਂ ਤਾਂ ਹੁਣ ਤੱਕ ਆਪਣੀਆਂ ਹੀ ਸੰਘੀਆਂ ਨੱਪੀਆਂ ਨੇ!
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ!
ਦੂਰ ਜਾ ਕੇ...
ਸਾਡੇ ਸਿਰ ਤੇ ਜੋ ਵੋਟਾਂ ਦੀ ਫ਼ਸਲ ਉਗਾਉਂਦੇ ਨੇ,
ਉਡੀਕ ਸਾਡੀ ਦੇ ਬੂਟੇ ਨੂੰ ਜੋ ਲਾਰੇ ਲਾਉਂਦੇ ਨੇ,
ਉਨਾਂ ਲਈ "ਗਿੱਲ" ਹੱਥਾਂ ਦੇ ਵਿੱਚ ਦਾਤੀਆਂ ਚੱਕੀਆਂ ਨੇ!
ਸਾਡੇ ਖੇਤੀਂ ਅੱਜ ਕੱਲ ਬੀਬਾ ਕਣਕਾਂ ਪੱਕੀਆਂ ਨੇ!
ਦੂਰ ਜਾ ਕੇ...
5 comments:
bhut khub g
BEHATAREEN RACHNA G
Very good ji...awesome...
If u get some time, have a look at my blogs:
www.urgency-of-change.blogspot.com
www.beauty-of-sadness.blogspot.com
ਗਿਲ ਸਾਹਬ ਦੀ ਕਵਿਤਾ ਨੇ ਚੰਡੀਗੜ੍ਹ ਬੈਠੇ ਨੂੰ ਪਿੰਡ ਯਾਦ ਕਰਵਾ ਦਿੱਤਾ.. ਗਿਲ ਸਾਹਬ ਜਦ ਖੇਤਾਂ ਦੇ ਪੁੱਤਰ .. ਪਿਛੇ ਰਹਿ ਗਇਆਂ ਨੂੰ 'ਦਾਤੀਆਂ ਚੁੱਕਣ' ਦਾ ਹੌਸਲਾਂ ਵੀ ਦੇ ਦੇਣ ਤਾਂ ਇਹ ਭਿਣਕ ਸਟੇਟ ਨੂੰ ਪੈ ਜਾਂਦੀ ਆ.. ਤੇ ਫਿਰ 'ਉਹ' ਥੋੜਾ ਬਹੁਤ ਤੇ ਪੈਰ ਸਾਡਿਆਂ ਖੇਤਾਂ 'ਚੋਂ ਪਿਛੇ ਮੋੜ ਹੀ ਲੈਂਦੇ ਨੇ.. ਕਿੰਨੀਆਂ ਹੀ ਬੱਲੀਆਂ ਇਹਨਾਂ ਪੈਰਾਂ ਹੇਠ ਕੁਚਲਣੋਂ ਬਚ ਜਾਂਦੀਆਂ ਨੇ... ਸਾਨੂੰ ਇਹ ਹੌਸਲਾਂ ਤੇ ਹੋਕਾ ਦਿੰਦੇ ਰਹਿਣਾ ਚਾਹੀਦਾ ਹੈ..ਕਲਮਾਂ ਵਾਲਿਆਂ ਫਰਜ਼ ਬਣਦੈ।ਰੱਬ ਮਿਹਰ ਕਰੇ। - ਧਰਮਿੰਦਰ ਸੇਖੋਂ
..........ਵਾਹਿਗੁਰੂ ਜੀ ਕ ਿਫਤਹਿ, ਫਤਹਿ ਤੋਂ ਬਾਦ ਅਰਜ਼ ਇਹ ਹੈ ਕਿ ਗੀਤ ਪਸੰਦ ਆਇਆ ਹੈ !
Post a Comment