ਸਾਹਿਤਕ ਨਾਮ: ਪ੍ਰਭਜੋਤ ਸੋਹੀ
ਅਜੋਕਾ ਨਿਵਾਸ: ਪਿੰਡ ਸੋਹੀਆਂ, ਜ਼ਿਲ੍ਹਾ ਲੁਧਿਆਣਾ
ਪ੍ਰਕਾਸ਼ਿਤ ਕਿਤਾਬਾਂ: ਕਾਵਿ-ਸੰਗ੍ਰਹਿ: ‘ਕਿਵੇ ਕਹਾਂ’ 2005 ‘ਚ ਪ੍ਰਕਾਸ਼ਿਤ ਹੋ ਚੁੱਕਿਆ ਹੈ।
-----
ਦੋਸਤੋ! ਪਿੰਡ ਸੋਹੀਆਂ, ਜ਼ਿਲ੍ਹਾ ਲੁਧਿਆਣਾ ਵਸਦੇ ਸ਼ਾਇਰ ਪ੍ਰਭਜੋਤ ਸੋਹੀ ਜੀ ਨੇ ਆਪਣੀਆਂ ਚੰਦ ਬੇਹੱਦ ਖ਼ੂਬਸੂਰਤ ਨਜ਼ਮਾਂ, ਫ਼ੋਟੋ ਅਤੇ ਸਾਹਿਤਕ ਵੇਰਵੇ ਸਹਿਤ ਘੱਲੀਆਂ ਹਨ, ਉਹਨਾਂ ਨੂੰ ਆਰਸੀ ਪਰਿਵਾਰ ‘ਚ ਖ਼ੁਸ਼ਆਮਦੀਦ ਆਖਦਿਆਂ, ਇਹਨਾਂ ਨਜ਼ਮਾਂ ਨੂੰ ਅੱਜ ਦੀ ਪੋਸਟ ‘ਚ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਹੁਤ-ਬਹੁਤ ਸ਼ੁਕਰੀਆ।
ਅਦਬ ਸਹਿਤ
ਤਨਦੀਪ ਤਮੰਨਾ
*******
ਜਦੋਂ ਚੁੱਪ ਬੋਲਦੀ ਹੈ...
ਨਜ਼ਮ
ਅਕਸਰ ਚੁੱਪ ਨਹੀਂ ਬੋਲਦੀ
ਪਰ
ਜਦ ਕਦੇ
ਚੁੱਪ ਬੋਲਦੀ ਹੈ ਤਾਂ
ਦਰਦ ਦਾ ਅਨੁਵਾਦ ਹੁੰਦੀ ਹੈ
ਹੱਥੋਂ ਤਿਲ੍ਹਕ ਗਏ ਮੌਕਿਆਂ
ਜਾਂ
ਚੋਰੀ ਕੀਤੇ ਪਲਾਂ ਦੀ
ਜਲੂਣ ਹੁੰਦੀ ਹੈ
ਅਕਸਰ ਚੁੱਪ ਨਹੀਂ ਬੋਲਦੀ
ਪਰ
ਜਦ ਕਦੇ
ਚੁੱਪ ਬੋਲਦੀ ਹੈ ਤਾਂ
ਸੈਲਾਬ ਹੁੰਦੀ ਹੈ
ਰੁੜ੍ਹ ਜਾਂਦੇ ਨੇ ਮੁਕਟ
ਖੁਰ ਜਾਂਦੀਆਂ ਨੇ ਪਦਵੀਆਂ
ਬਗ਼ਾਵਤੀ ਸੀਨਿਆਂ ਚੋਂ ਨਿੱਕਲ਼ੀ
ਵੰਗਾਰ...ਹੂ-ਬ-ਹੂ
ਇਨਕਲਾਬ ਹੁੰਦੀ ਹੈ
ਅਕਸਰ ਚੁੱਪ ਨਹੀਂ ਬੋਲਦੀ
ਪਰ
ਜਦ ਕਦੇ
ਚੁੱਪ ਬੋਲਦੀ ਹੈ ਤਾਂ
ਕਈ ਵਾਰ
ਅੰਦਰ ਲਹਿ ਜਾਂਦੀ ਹੈ
ਸਾਹਾਂ ਸੰਗ ਤਰਦੀ
ਮਹੀਨ ਪਲਾਂ ਨੂੰ ਫੜਦੀ
ਦਾਇਰੇ ਤੋਂ ਬਿੰਦੂ ਤਕ ਦਾ
ਸਫ਼ਰ ਤੈਅ ਕਰਦੀ
ਕੁਝ ਅਣਕਿਹਾ ਵੀ
ਕਹਿ ਜਾਂਦੀ ਹੈ
ਅਕਸਰ ਚੁੱਪ ਨਹੀਂ ਬੋਲਦੀ...
=====
ਆਖਿਰ ਕਿਉਂ?
ਨਜ਼ਮ
ਆਖਿਰ ਕਿਉਂ
ਉਦਾਸ ਹੋਂ ਹਜ਼ੂਰ...
ਆਹ ਲਉ
ਇਕ ਲੱਪ ਖ਼ੁਸ਼ੀਆਂ ਦੀ...
ਇਕ ਰੁੱਗ ਹਾਸਿਆਂ ਦਾ...
ਕਰੋ ਖਾਰਜ ਉਦਾਸੀਆਂ
ਬੁੱਲ੍ਹਾਂ ਤੇ ਲਿਆਉ ਹਾਸੀਆਂ
ਭਰੋ ਸੁਪਨਿਆਂ ‘ਚ ਰੰਗ
ਛਣਕਣ ਦਿਉ ਵੰਗ
ਨੱਚੇ ਅੰਗ – ਅੰਗ
ਇਕ ਵਾਰ
ਫਿਰ ਤੋਂ
ਰੁਕੋ...
ਤੱਕੋ...
ਸੋਚੋ...
ਇਹ ਸਤਰੰਗੀ ਪੀਂਘ
ਭੰਵਰੇ ਦੀ ਗੂੰਜ
ਤ੍ਰੇਲ ਦਾ ਤੁਪਕਾ
ਮਹਿਕਦੀ ਬਾਰਿਸ਼
ਗਾਉਂਦੇ ਪਰਿੰਦੇ
ਝੂੰਮਦੇ ਪੇੜ-ਪੌਦੇ
ਸਮੁੱਚੀ ਕਾਇਨਾਤ
ਕਿੰਨੀ ਤੱਤਪਰ ਹੈ
ਤੁਹਾਡਾ ਸਾਥ ਦੇਣ ਲਈ।
ਆਖਿਰ ਕਿਉਂ
ਉਦਾਸ ਹੋਂ ਹਜ਼ੂਰ...
=====
ਸਵੇਰ ਹੁੰਦੀ ਹੈ.....
ਨਜ਼ਮ
ਸਵੇਰ ਹੁੰਦੀ ਹੈ
ਸੂਰਜ ਲੈਂਦਾ ਹੈ ਅੰਗੜਾਈ
ਹਨੇਰਾ ਸਮੇਟ ਲੈਂਦਾ ਹੈ ਆਪਣੇ ਪਰ
ਪਰਿੰਦੇ....
ਭੋਜਨ ਦੇ ਆਹਰ ਵਿਚ
ਭਰਦੇ ਨੇ ਉਡਾਰੀ
ਖੁੱਲ੍ਹੇ ਅਕਾਸ਼ ਵਿਚ
ਪੈੜਾਂ....
ਤੁਰਦੀਆਂ ਨੇ ਘਰੋਂ
ਰੋਜ਼ੀ ਲਈ
ਵਿਸ਼ਾਲ ਇਮਾਰਤਾਂ ਵੱਲ
ਅੱਖਾਂ.......
ਲਟਕ ਜਾਂਦੀਆਂ ਨੇ
ਘਰ ਦੇ ਦਰਵਾਜ਼ੇ ਨਾਲ਼
ਚੁੱਪ ਚਾਪ.....
ਇਕ ਟੱਕ......
=====
ਜੇ ਕਿਤੇ ਇੰਝ ਹੋ ਜਾਵੇ...
ਨਜ਼ਮ
ਜੇ ਕਿਤੇ ਇੰਝ ਹੋ ਜਾਵੇ
ਕਿ ਅਚਨਚੇਤ
ਬੁੱਲ੍ਹੀਆਂ ਤੇ ਤੇਰਾ ਨਾਂ ਆਵੇ
ਨੂਰੋ-ਨੂਰ ਜਾਂ ਤੇਰੀ ਕਾਇਆ
ਮਨ ਮੇਰਾ ਰੁਸ਼ਨਾਵੇ
ਘਟ ਵਿਚ ਰਿਸ਼ਮ ਜਗਾਵੇ...
ਘਟ ਵਿਚ ਰਿਸ਼ਮ ਜਗਾਵੇ...
ਜੇ ਕਿਤੇ ਇੰਝ ਹੋ ਜਾਵੇ...
ਵਸਲ ਦਾ ਜਦ ਉਹ ਪਲ ਆਵੇ
ਹੋਸ਼ ਮੇਰੀ ਨਾ ਖੋ ਜਾਵੇ
ਇਕ ਛਿਣ ਦਾ ਬੱਸ ਮੇਲ ਵੇ ਸਾਈਆਂ
ਜਨਮਾਂ ਦੀ ਮੈਲ ਨੂੰ ਧੋ ਜਾਵੇ...
ਜਨਮਾਂ ਦੀ ਮੈਲ ਨੂੰ ਧੋ ਜਾਵੇ...
ਜੇ ਕਿਤੇ ਇੰਝ ਹੋ ਜਾਵੇ...
ਤੈਨੂੰ ਮਿਲ਼ਣ ਦਾ ਸੁਪਨਾ ਮੇਰਾ
ਸੱਚ ਹੋ ਜਾਵੇ ਇਕ ਪਲ ਦੇ ਲਈ
ਮੈਂ ਵਿਯੋਗਣ ਦਰਸ ਨੂੰ ਤੜਪਾਂ
ਜਿਉਂ ਮੀਨ ਪਈ ਤੜਪੇ ਜਲ ਦੇ ਲਈ
ਦੇਹਿ ਦਰਸ
ਬੱਸ ਪਲ ਦੇ ਲਈ...
ਬੱਸ ਪਲ ਦੇ ਲਈ...
ਜੇ ਕਿਤੇ ਇੰਝ ਹੋ ਜਾਵੇ...
ਦਾਇਰੇ ਤੋਂ ਬਿੰਦੂ ਹੋ ਜਾਵਾਂ
ਭੁੱਲ ਕੇ ਆਪਣੀ ਹਉਂ ਤੇ ਹਸਤੀ
ਵਿਚ ਮੁਰਸ਼ਦ ਦੇ ਖੋ ਜਾਵਾਂ
ਮੈਂ ਰੂਪ ਉਸੇ ਦਾ ਹੋ ਜਾਵਾਂ...
ਮੈਂ ਰੂਪ ਉਸੇ ਦਾ ਹੋ ਜਾਵਾਂ...
ਜੇ ਕਿਤੇ ਇੰਝ ਹੋ ਜਾਵੇ...
ਮਾਹੀ ਮੈਂਡੇ ਦੀ ਦੱਸ ਕੋਈ ਪਾਵੇ
ਲਏ ਨਿਚੋੜ ਭਾਵੇਂ ਰੱਤ ਸਾਰੀ
ਖੱਲੜੀ ਦੀ ਪਿਆ ਜੁੱਤੀ ਬਣਾਵੇ
ਉਸ ਰਾਹ ਦੀ ਮੈਂ ਰੇਤਾ ਬਣਜਾਂ
ਜਿਸ ਰਸਤੇ ਮੇਰਾ ਸੱਜਣ ਆਵੇ
ਮੈ ਤੱਤੜੀ ਨੂੰ ਮੇਰਾ ਪ੍ਰੀਤਮ
ਕੋਈ ਆਣ ਮਿਲਾਵੇ....
ਕੋਈ ਆਣ ਮਿਲਾਵੇ....
ਜੇ ਕਿਤੇ ਇੰਝ ਹੋ ਜਾਵੇ...
ਕਾਸ਼! ਜੇ ਕਿਤੇ ਇੰਝ ਹੋ ਜਾਵੇ...
=====
ਅਨਹਦ
ਨਜ਼ਮ
ਜ਼ਿੰਦਗੀ ਸ਼ਿਕਾਇਤ ਬਣੀ
ਖੜ੍ਹੀ ਹੈ ਸਾਹਮਣੇ...
ਜਜ਼ਬਾਤ ‘ਤੇ ਕਾਬਜ਼
'ਅਕਲ'
ਸੁੱਟ ਚੁੱਕੀ ਹੈ
ਆਖਰੀ ਹਥਿਆਰ
ਤਾਕਤ ਦਾ ਨਸ਼ਾ...
ਅਕਲ ਦਾ ਮਾਣ...
ਕਮਜ਼ੋਰੀ ਦੀ ਨਮੋਸ਼ੀ...
ਸਭ ਤਰਾਂ ਦੇ ਭਾਵ
ਜ਼ਿੰਦਗੀ ਨੂੰ
ਆਖ ਗਏ ਨੇ
ਅਲਵਿਦਾ
ਹੁਣ ਤਾਂ ਖ਼ਿਲਾਅ ਹੈ ਸਿਰਫ਼
ਤੇ ਇਸ ਖ਼ਿਲਾਅ ਦੀ ਚੀਕ
ਰਹੀ ਹੈ ਗੂੰਜ
ਅੰਦਰ...ਬਾਹਰ
ਤੇ ਮੈਂ ਕਰ ਰਿਹਾਂ ਹਾਂ ਉਡੀਕ
ਕਿਸੇ ਅਨਹਦ ਨਾਦ ਦੀ...
5 comments:
तनदीप जी
प्रभजोत सोही जी की कविताएं बहुत अच्छी लगीं। इनमें से दो कविताएं -'जदों चुप बोलदी है' और 'अनहद' तो बहुत ही सुन्दर कविताएं है… मैंने इनका अपने ब्लॉग 'सेतु साहित्य' के मई अंक के लिए अनुवाद किया है। आपसे अनुरोध है कि सोही जी का मेल आई डी या फोन नंबर जल्द उपलब्ध करायें ताकि मैं इन कविताओं को अपने ब्लॉग पर प्रकाशित कर सकूं।
bahut khoobsoorat ji
ਹਮੇਸ਼ਾਂ ਦੀ ਤਰਾਂ ਪ੍ਰਭਜੋਤ ਵੀਰ, ਬਹੁੱਤ ਖੂਬਸੂਰਤੀ ਹੈ ਹਰ ਨਜ਼ਮ ਵਿੱਚ....ਸਾਂਝੀਆਂ ਕਰਨ ਲਈ ਸ਼ੁਕਰੀਆ ਤਨਦੀਪ ਜੀ....
ਪ੍ਰਭਜੋਤ ਸੋਹੀ ਦੀਆਂ ਰਚਨਾਵਾਂ ਲਈ ਆਰਸੀ ਪਰਿਵਾਰ ਦਾ ਧੰਨਵਾਦ...'ਜਦੋਂ ਚੁੱਪ ਬੋਲਦੀ ਹੈ...' ਤੋਂ ਬਾਅਦ 'ਆਖਿਰ ਕਿਓਂ..' ਬਹੁਤ ਭਾਵਪੂਰਤ ਕਵਿਤਾ ਹੈ.. ਅਨੰਦ ਦੀ ਅਵਿਸਥਾ ਨੂੰ ਸ਼ਾਖਸ਼ਾਤ ਕਰਦੀ... 'ਜੇ ਕਿਤੇ ਇੰਝ ਹੋ ਜਾਵੇ ...' ਅਤੇ 'ਅਨਹਦ'... ਮਾਫ ਕਰਨਾ ਇੰਝ ਲਗਦੈ ਜਿਵੇਂ ਮੈਂ ਖੁਦ ਲਿਖੀਆਂ ਹੋਣ... ਬਹੁਤ ਖੂਬ ! -
ਧਰਮਿੰਦਰ ਸੇਖੋਂ +91 9876261775
ਪ੍ਰਭਜੋਤ ਸੋਹੀ ਦੀਆਂ ਰਚਨਾਵਾਂ ਲਈ ਆਰਸੀ ਪਰਿਵਾਰ ਦਾ ਧੰਨਵਾਦ...'ਜਦੋਂ ਚੁੱਪ ਬੋਲਦੀ ਹੈ...' ਤੋਂ ਬਾਅਦ 'ਆਖਿਰ ਕਿਓਂ..' ਬਹੁਤ ਭਾਵਪੂਰਤ ਕਵਿਤਾ ਹੈ.. ਅਨੰਦ ਦੀ ਅਵਿਸਥਾ ਨੂੰ ਸ਼ਾਖਸ਼ਾਤ ਕਰਦੀ... 'ਜੇ ਕਿਤੇ ਇੰਝ ਹੋ ਜਾਵੇ ...' ਅਤੇ 'ਅਨਹਦ'... ਮਾਫ ਕਰਨਾ ਇੰਝ ਲਗਦੈ ਜਿਵੇਂ ਮੈਂ ਖੁਦ ਲਿਖੀਆਂ ਹੋਣ... ਬਹੁਤ ਖੂਬ ! -
ਧਰਮਿੰਦਰ ਸੇਖੋਂ +91 9876261775
Post a Comment