ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, July 13, 2011

ਲੋਕ-ਕਵੀ ਬਾਬਾ ਨਜਮੀ ਜੀ - ਆਰਸੀ 'ਤੇ ਖ਼ੁਸ਼ਆਮਦੀਦ

ਆਰਸੀ 'ਤੇ ਖ਼ੁਸ਼ਆਮਦੀਦ
ਸਾਹਿਤਕ ਨਾਮ: ਬਾਬਾ ਨਜਮੀ

ਅਜੋਕਾ ਨਿਵਾਸ: ਲਾਹੌਰ, ਪਾਕਿਸਤਾਨ


ਪ੍ਰਕਾਸ਼ਿਤ ਕਿਤਾਬਾਂ: ਅੱਖਰਾਂ ਵਿਚ ਸਮੁੰਦਰ, ਸੋਚਾਂ ਵਿਚ ਜਹਾਨ, ਮੇਰਾ ਨਾਂ ਇਨਸਾਨ ਆਦਿ ਕਾਵਿ ਅਤੇ ਗ਼ਜ਼ਲ-ਸੰਗ੍ਰਹਿ ਪ੍ਰਕਾਸ਼ਿਤ ਹੋ ਚੁੱਕੇ ਹਨ।


ਦੋਸਤੋ! ਲਾਹੌਰ ਪਾਕਿਸਤਾਨ ਵਸਦੇ ਸਾਂਝੇ ਪੰਜਾਬ ਦੇ ਸੁਪ੍ਰਸਿੱਧ ਲੋਕ-ਕਵੀ ਬਾਬਾ ਨਜਮੀ ਜੀ ਦੀਆਂ ਚੋਣਵੀਆਂ ਰਚਨਾਵਾਂ ਦਾ ਸੰਗ੍ਰਹਿ ਹਰਭਜਨ ਸਿੰਘ ਹੁੰਦਲ ਜੀ ਵੱਲੋਂ ਸ਼ਾਹਮੁਖੀ ਤੋਂ ਗੁਰਮੁਖੀ ਚ ਲਿਪੀਅੰਤਰ ਕੀਤਾ ਅਤੇ ਯੂਰਪੀ ਪੰਜਾਬੀ ਸੱਥ ਵੱਲੋਂ ਹਾਲ ਹੀ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ। ਯੂਰਪੀ ਪੰਜਾਬੀ ਸੱਥ ਦੇ ਕਰਤਾ-ਧਰਤਾ ਸ: ਮੋਤਾ ਸਿੰਘ ਸਰਾਏ ਸਾਹਿਬ ਵੱਲੋਂ ਇਹ ਕਿਤਾਬ ਸੱਥ ਵੱਲੋਂ ਛਾਪੀਆਂ ਗਈਆਂ 23 ਹੋਰ ਕਿਤਾਬਾਂ ਸਹਿਤ ਮੈਨੂੰ ਭੇਜੀ ਗਈ ਹੈ। ਬਾਕੀ ਕਿਤਾਬਾਂ ਨੂੰ ਵੇਖਣਾ, ਪੜ੍ਹਨਾ ਅਜੇ ਬਾਕੀ ਹੈ, ਪਰ ਜਿਹੜੀ ਕਿਤਾਬ ਪੜ੍ਹ ਕੇ ਰੂਹ ਨੂੰ ਸਰੂਰ ਆ ਗਿਆ ਹੈ, ਉਹ ਬਾਬਾ ਨਜਮੀ ਜੀ ਦੀਆਂ ਚੋਣਵੀਆਂ ਰਚਨਾਵਾਂ ਦੀ ਕਿਤਾਬ ਹੈ।
----
ਬਾਬਾ ਨਜਮੀ ਜੀ ਨਾਲ਼ ਮੇਰੀ ਗੱਲਬਾਤ ਪਿਛਲੇ ਸਾਲ ਹੋਈ ਸੀ, ਜਦੋਂ ਉਹ ਲਾਹੌਰ ਆਸਿਫ਼ ਰਜ਼ਾ ਹੁਰਾਂ ਦੇ ਦਫ਼ਤਰ
ਚ ਬੈਠੇ ਸਨ ਤੇ ਆਸਿਫ਼ ਜੀ ਨੇ ਮੈਨੂੰ ਕਾਲ ਕੀਤੀ ਤੇ ਕਿਹਾ: ਤਮੰਨਾ, ਤੁਹਾਡੇ ਲਈ ਸਰਪ੍ਰਾਈਜ਼ ਏ, ਅੱਜ ਉਸ ਸ਼ਖ਼ਸ ਨਾਲ਼ ਤੁਹਾਡੀ ਗੱਲ ਕਰਵਾ ਰਿਹਾਂ, ਜਿਨ੍ਹਾਂ ਤੋਂ ਵੱਡਾ ਪੰਜਾਬੀ ਚ ਕੋਈ ਹੋਰ ਲੇਖਕ ਨਹੀਂ। ਏਨਾ ਆਖ ਉਹਨਾਂ ਫ਼ੋਨ ਬਾਬਾ ਨਜਮੀ ਜੀ ਨੂੰ ਫੜਾ ਦਿੱਤਾ। ਮੇਰੇ ਹੈਲੋ ਕਹਿਣ ਤੇ ਇਕ ਬੜੀ ਪਿਆਰੀ ਜਿਹੀ ਆਵਾਜ਼ ਨੇ ਮੇਰਾ ਇਹ ਕਹਿ ਕੇ ਸਵਾਗਤ ਕੀਤਾ ਕਿ ਤਮੰਨਾ, ਮੈਂ ਬਾਬਾ ਨਜਮੀ ਬੋਲ ਰਿਹਾਂ....। ਮੈਂ ਹੈਰਾਨ ਵੀ ਸੀ ਤੇ ਖ਼ੁਸ਼ ਵੀ ਕਿ ਆਸਿਫ਼ ਨੇ ਪਹਿਲਾਂ ਕਿਉਂ ਨਾ ਦੱਸਿਆ ਕਿ ਬਾਬਾ ਨਜਮੀ ਹੁਰਾਂ ਨਾਲ਼ ਗੱਲ ਕਰਵਾ ਰਹੇ ਨੇ, ਘੱਟੋ-ਘੱਟ ਮੈਂ ਏਨੇ ਵੱਡੇ ਲੇਖਕ ਨਾਲ਼ ਗੱਲ ਕਰਨ ਤੋਂ ਪਹਿਲਾਂ ਤਿਆਰ ਤਾਂ ਹੁੰਦੀ..ਖ਼ੈਰ..ਕਾਫ਼ੀ ਦੇਰ ਗੱਲਾਂ ਹੁੰਦੀਆਂ ਰਹੀਆਂ....ਫੇਰ ਬਾਬਾ ਜੀ ਨੇ ਆਪਣੀ ਇਕ ਨਜ਼ਮ ਮੈਨੂੰ ਸੁਣਾਉਣ ਉਪਰੰਤ ਪੰਜਾਬੀ ਆਰਸੀ ਲਈ ਅਸੀਸਾਂ ਦਿੱਥੀਆਂ ਤੇ ਫ਼ੋਨ ਆਸਿਫ਼ ਨੂੰ ਦਿੰਦਿਆਂ ਕਿਹਾ: ਯੂ.ਟਿਊਬ ਤੇ ਵੇਖੀਂ...ਮੇਰੀਆਂ ਕੁਝ ਵੀਡੀੳਜ਼ ਹੁਣੇ ਹੁਣੇ ਪਾਈਆਂ ਨੇ, ਜਦੋਂ ਗੁਰਮੁਖੀ ਚ ਕਿਤਾਬ ਆਈ ਆਸਿਫ਼ ਤੁਹਾਨੂੰ ਘੱਲ ਦੇਵੇਗਾ।


ਹੁਣ ਸਰਾਏ ਸਾਹਿਬ ਨੇ ਕਿਤਾਬ ਘੱਲ ਦਿੱਤੀ ਹੈ ਤਾਂ ਮੈਂ ਬਾਬਾ ਨਜ਼ਮੀ ਜੀ ਨੂੰ ਆਰਸੀ ਪਰਿਵਾਰ ਚ ਖ਼ੁਸ਼ਆਮਦੀਦ ਆਖਦਿਆਂ, ਉਹਨਾਂ ਦੀਆਂ ਚੰਦ ਬੇਹੱਦ ਖ਼ੂਬਸੂਰਤ ਗ਼ਜ਼ਲਾਂ ਅੱਜ ਆਰਸੀ ਚ ਸ਼ਾਮਿਲ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ। ਪੰਜਾਬੀ ਸੱਥ ਅਤੇ ਸਰਾਏ ਸਾਹਿਬ ਦਾ ਇਸ ਕਿਤਾਬ ਲਈ ਬਹੁਤ-ਬਹੁਤ ਸ਼ੁਕਰੀਆ। ਹੁੰਦਲ ਸਾਹਿਬ ਨੂੰ ਇਸ ਕਿਤਾਬ ਦਾ ਲਿਪੀਅੰਤਰ ਕਰਨ ਤੇ ਦਿਲੀ ਮੁਬਾਰਕਬਾਦ ਹੋਵੇ। ਉਹਨਾਂ ਦੀ ਹਾਜ਼ਰੀ ਸਾਡੇ ਲਈ ਵੱਡੇ ਸੁਭਾਗ ਦੀ ਗੱਲ ਹੈ। ਉਹਨਾਂ ਦਾ ਪੰਜਾਬੀ ਭਾਸ਼ਾ ਲਈ ਮੋਹ, ਲਿਖਤਾਂ ਚ ਕਿੰਝ ਠਾਠਾਂ ਮਾਰਦਾ ਹੈ...ਕੁਝ ਸ਼ਿਅਰ ਵੇਖੋ....



ਉੱਚਾ ਕਰਨ ਲਈ ਆਪਣਾ ਸ਼ਮਲਾ, ਮੈਂ ਪੰਜਾਬੀ ਲਿਖਦਾ ਨਈਂ,


ਮਾਂ ਬੋਲੀ ਦੇ ਹੱਕ਼ ਦੀ ਖ਼ਾਤਰ, ਲੋਕਾਂ ਅੱਗੇ ਡਟਿਆ ਵਾਂ।



ਅੱਖਰਾਂ ਵਿੱਚ ਸਮੁੰਦਰ ਰੱਖਾਂ, ਮੈਂ ਇਕਬਾਲ ਪੰਜਾਬੀ ਦਾ।


ਝੱਖੜਾਂ ਦੇ ਵਿਚ ਰੱਖ ਦਿੱਤਾ ਏ, ਦੀਵਾ ਬਾਲ਼ ਪੰਜਾਬੀ ਦਾ।



ਮੇਰੇ ਸ਼ਿਅਰਾਂ ਵਿੱਚ ਹੱਯਾਤੀ ਲੋਕਾਂ ਦੀ,


ਮੇਰੀ ਸ਼ਾਇਰੀ ਮਸਲੇ ਵੀ ਹੱਲ ਕਰਦੀ ਏ।



ਤੁਹਾਡੀ ਕਲਮ ਨੂੰ ਸਲਾਮ ਬਾਬਾ ਜੀ! ਇਸ ਕਿਤਾਬ ਲਈ ਬਾਦਲ ਸਾਹਿਬ ਨੇ ਤਾਂ ਤੁਹਾਨੂੰ ਵਧਾਈਆਂ ਦੇ ਦਿੱਤੀਆਂ ਨੇ, ਮੈਂ ਜਲਦੀ ਹੀ ਕਾਲ ਕਰਕੇ ਤੁਹਾਨੂੰ ਮੁਬਾਰਕਬਾਦ ਆਖਾਂਗੀ। ਬਹੁਤ-ਬਹੁਤ ਸ਼ੁਕਰੀਆ।


ਅਦਬ ਸਹਿਤ
ਤਨਦੀਪ


******


ਗ਼ਜ਼ਲ


ਰੱਬ ਜਾਣੇ ਕੀ ਆਖਣ ਛੱਲਾਂ ਨੱਸ ਨੱਸ ਆ ਕੇ ਕੰਢਿਆਂ ਨੂੰ।


ਪਿਛਲੇ ਪੈਰੀਂ ਕਿਉਂ ਮੁੜ ਜਾਵਣ ਸੀਨੇ ਲਾ ਕੇ ਕੰਢਿਆਂ ਨੂੰ।



ਇੱਕ ਵੀ ਸੂਤਰ ਅੱਗੇ ਪਿੱਛੇ ਆਪਣੀ ਥਾਂ ਤੋਂ ਹੁੰਦੇ ਨਈਂ,


ਖੌਰੇ ਛੱਲਾਂ ਜਾਵਣ ਕਿਹੜੀਆਂ ਕਸਮਾਂ ਪਾ ਕੇ ਕੰਢਿਆਂ ਨੂੰ।



ਚਿੱਟੇ ਦਿਨ ਜੇ ਮਿਲ਼ ਸਕਨਾ ਏਂ ਤਾਂ ਮੈਂ ਯਾਰੀ ਲਾਵਾਂਗਾ,


ਮਿਲ਼ਦੀਆਂ ਵੇਖ ਲੈ ਜਿਸਰਾਂ ਛੱਲਾਂ ਵੱਜ ਵਜਾ ਕੇ ਕੰਢਿਆਂ ਨੂੰ।



ਉੱਚੇ ਮਹਿਲਾਂ ਦੇ ਵਸਨੀਕੋ, ਉਵੇਂ ਸਾਨੂੰ ਰੱਖੋ ਨਾ,


ਜਿਉਂ ਛੱਲਾਂ ਨੇ ਰੱਖਿਆ, ਆਪਣੀ ਖੇਡ ਬਣਾ ਕੇ ਕੰਢਿਆਂ ਨੂੰ।



ਕਿਸਰਾਂ ਆਪਣੇ ਅੱਖਰ ਬਦਲਾਂ ਵੇਖ ਕੇ ਗੱਡੀ ਸੂਲ਼ੀ ਨੂੰ,


ਕਦ ਮਿਲ਼ਦੀਆਂ ਨੇ ਛੱਲਾਂ ਆਪਣਾ ਰੂਪ ਵਟਾ ਕੇ ਕੰਢਿਆਂ ਨੂੰ।



ਮੈਨੂੰ ਤੇ ਇੰਜ ਲਗਦਾ ਏ ਬਾਬਾ, ਛੱਲਾਂ ਤੰਗ ਸਮੁੰਦਰ ਤੋਂ,


ਮੁੜ-ਮੁੜ ਆਉਂਦੀਆਂ ਵੇਖਣ ਕਿਸਰਾਂ, ਲੰਘੀਏ ਢਾਹ ਕੇ ਕੰਢਿਆਂ ਨੂੰ।


=====


ਗ਼ਜ਼ਲ


ਸ਼ੀਸ਼ੇ ਉੱਤੇ ਧੂੜਾਂ ਜੰਮੀਆਂ, ਕੰਧਾਂ ਝਾੜੀ ਜਾਂਦੇ ਨੇ।


ਜਿਲਦਾਂ ਸਾਂਭ ਰਹੇ ਨੇ ਝੱਲੇ, ਵਰਕੇ ਪਾੜੀ ਜਾਂਦੇ ਨੇ।



ਉਹਨਾਂ ਦਾ ਵੀ ਤੂੰਹੀਓਂ ਰੱਬ ਏਂ, ਇਹਦਾ ਅੱਜ ਜਵਾਬ ਤਾਂ ਦੇ,


ਈਦਾਂ ਵਾਲ਼ੇ ਦਿਨ ਵੀ ਜਿਹੜੇ, ਕਰਨ ਦਿਹਾੜੀ ਜਾਂਦੇ ਨੇ।



ਜਿਹਨਾਂ ਦੇ ਗਲ਼ ਲੀਰਾਂ ਪਈਆਂ, ਉਹਨਾਂ ਵੱਲੇ ਤੱਕਦੇ ਨਈਂ,


ਕਬਰਾਂ ਉੱਤੇ ਤਿੱਲੇ ਜੜੀਆਂ, ਚੱਦਰਾਂ ਚਾੜ੍ਹੀ ਜਾਂਦੇ ਨੇ।



ਰੱਸੀ ਕਿੱਥੋਂ ਤੀਕ ਕਰੇਂਗਾ ਢਿੱਲੀ ਉਹਨਾਂ ਲੋਕਾਂ ਦੀ,


ਜਿਹੜੇ ਇਕ ਹਵੇਲੀ ਬਦਲੇ, ਝੁੱਗੀਆਂ ਸਾੜੀ ਜਾਂਦੇ ਨੇ।



ਸ਼ੀਸ਼ੇ ਉੱਤੇ ਮਲ਼ੇ ਸਿਆਹੀਆਂ, ਹੱਕ਼ ਏ ਮੇਰੇ ਦੁਸ਼ਮਣ ਦਾ,


ਸੱਜਣਾਂ ਨੂੰ ਕੀ ਬਣੀਆਂ, ਮੇਰੇ ਫੁੱਲ ਲਿਤਾੜੀ ਜਾਂਦੇ ਨੇ।



ਚੱਲ ਉਏ ਬਾਬਾ ਨਜਮੀ ਆਪਣੇ ਪਿੰਡਾਂ ਨੂੰ ਮੂੰਹ ਕਰ ਲਈਏ,


ਸ਼ਹਿਰਾਂ ਦੇ ਵਸਨੀਕ ਤੇ ਆਪਣੇ ਸ਼ਹਿਰ ਉਜਾੜੀ ਜਾਂਦੇ ਨੇ।


=====


ਗ਼ਜ਼ਲ


ਵਾਰਸ ਬੁੱਲ੍ਹੇ ਵਰਗੇ ਬੈਠੇ, ਹੰਸ ਵਿਸਾਰ ਪੰਜਾਬੀ ਦੇ।


ਕਿਸਰਾਂ ਆਖਾਂ ਮਾਂ ਬੋਲੀ ਦੇ ਬਰਖ਼ੁਦਾਰ ਪੰਜਾਬੀ ਨੇ।



ਬਾਲਾਂ ਦੇ ਮੂੰਹ ਜਿਹੜੇ ਅੱਖਰ ਚੋਗੇ ਵਾਂਗੂੰ ਦੇਣੇ ਸਨ,


ਉਹਨਾਂ ਬਦਲੇ ਫੜ ਫੜ ਓਬੜ ਤੁੰਨਦੇ ਯਾਰ ਪੰਜਾਬੀ ਨੇ।



ਅੱਚਣਚੇਤੀ ਵੀ ਨਾ ਲਾਵੀਂ ਮੇਰੇ ਮੱਥੇ ਉਹਨਾਂ ਨੂੰ,


ਜਿਹੜੇ ਵੀ ਇਸ ਧਰਤੀ ਉੱਤੇ ਬਦਬੂਦਾਰ ਪੰਜਾਬੀ ਨੇ।



ਓਧਰ ਓਧਰ ਕਰਾਂ ਸਲਾਮਾਂ ਦਿਲ ਦੀ ਦੁਨੀਆਂ ਕਹਿੰਦੀ ਏ,


ਜਿੱਧਰ ਜਿੱਧਰ ਜਾਂਦੇ ਮੇਰੇ ਬਾਕਿਰਦਾਰ ਪੰਜਾਬੀ ਨੇ।



ਕੰਡ ਕਦੇ ਨਾ ਲੱਗੇ ਰੱਬਾ ਵਿਚ ਮੈਦਾਨੇ ਉਹਨਾਂ ਦੀ,


ਜਿਹੜੇ ਆਪਣੀ ਮਾਂ ਬੋਲੀ ਦੇ ਖ਼ਿਦਮਤਗਾਰ ਪੰਜਾਬੀ ਨੇ।



ਖ਼ਵਾਜਾ ਫ਼ਰੀਦ, ਮੁਹੰਮਦ, ਵਾਰਸ, ਨਾਨਕ, ਬੁੱਲ੍ਹਾ, ਬਾਹੂ, ਲਾਲ,


ਇਹ ਪੰਜਾਬੀ ਉੱਚੇ ਸੁੱਚੇ, ਇਹ ਸਰਦਾਰ ਪੰਜਾਬੀ ਨੇ।



ਆਪਣੀ ਬੋਲੀ ਬੋਲਣ ਵੇਲ਼ੇ ਜਿਹਨਾਂ ਦਾ ਸਾਹ ਘੁੱਟਦਾ ਏ,


ਬਾਬਾ ਨਜਮੀ ਦੇ ਦੇ ਫ਼ਤਵਾ, ਉਹ ਗ਼ੱਦਾਰ ਪੰਜਾਬੀ ਨੇ।


=====


ਗ਼ਜ਼ਲ


ਜਿਸ ਧਰਤੀ ਤੇ ਰਜਵਾਂ ਟੁੱਕਰ ਖਾਂਦੇ ਨਈਂ ਮਜ਼ਦੂਰ।


ਉਸ ਧਰਤੀ ਦੇ ਹਾਕਮ ਕੁੱਤੇ, ਉਸ ਦੇ ਹਾਕਮ ਸੂਰ।



ਮੇਰੇ ਵਾਂਗੂੰ ਚਾਰ ਦਿਹਾੜੇ ਭੱਠੀ ਕੋਲ਼ ਖਲੋ,


ਮੁੱਲਾਂ ਫੇਰ ਵਿਖਾਵੀਂ ਮੈਨੂੰ ਆਪਣੇ ਮੂੰਹ ਦਾ ਨੂਰ।



ਇੱਟ-ਖੜਿੱਕਾ ਨਾਲ਼ ਗਵਾਂਢੀ, ਦੇਖੋ ਆਗੂ ਵੱਲ,


ਉਹਦੇ ਨਾਲ਼ ਯਰਾਨਾ, ਜਿਹੜਾ ਸੱਤ ਸਮੁੰਦਰ ਦੂਰ।



ਪਲ ਪਲ ਚੌੜਾ ਹੁੰਦਾ ਜਾਵੇ, ਲੋੜਾਂ ਦਾ ਦਰਿਆ,


ਹੌਲ਼ੀ ਹੌਲ਼ੀ ਡੁੱਬਦਾ ਜਾਵੇ, ਸੱਧਰਾਂ ਵਾਲ਼ਾ ਪੂਰ।



ਇਸ ਧਰਤੀ ਤੋਂ ਖੌਰੇ ਕਦ ਦਾ ਕਰ ਜਾਂਦਾ ਮੈਂ ਕੂਚ,


ਸੁਣਿਆ ਜੇ ਨਾ ਹੁੰਦਾ ਬਾਬਾ ਤੇਰਾ ਮੈਂ ਮਨਸ਼ੂਰ ।



ਵਿੱਚ ਹਨੇਰੇ ਫੁੱਲ ਵੀ ਦੇਵੇਂ, ਉਹਨਾਂ ਉੱਤੇ ਥੂਹ,


ਸਿਖਰ ਦੁਪਹਿਰੇ ਬਲ਼ਦੇ ਪੱਥਰ ਮੈਨੂੰ ਨੇ ਮਨਜ਼ੂਰ।



ਹੱਥੋਂ ਸੁੱਟ ਜਦੋਂ ਦਾ ਆਸਾ, ਆਂਦੀ ਕਲਮ ਦਵਾਤ,


ਮੰਜ਼ਿਲ ਮੈਨੂੰ ਵਾਜਾਂ ਮਾਰੇ, ਰਸਤੇ ਨੂਰੋ-ਨੂਰ।



ਉਹਦੇ ਵਿੱਚੋਂ ਲੱਭੇ ਬਾਬਾ ਕੰਮੀਆਂ ਦੇ ਹੱਕ ਵੇਖ,


ਜਿਹੜਾ ਉਚੇ ਮਹਿਲੀਂ ਬਹਿ ਕੇ, ਬਣਦਾ ਏ ਦਸਤੂਰ।







7 comments:

ਕੁਲਵਿੰਦਰ ਬੱਛੋਆਣਾ said...

ਬਹੁਤ ਖੂਬਸੂਰਤ ਸਾਦਗੀ ਭਰਪੂਰ ਗ਼ਜ਼ਲਾਂ...
ਇਉਂ ਲਗਦਾ ਹੈ ਜਿਵੇਂ ਬੁੱਲ੍ਹੇ ਨੇ ਦੁਬਾਰਾ ਜਨਮ ਲੈ ਲਿਆ ਹੋਵੇ.....

surjit said...

Very simple but impressive, thanks for sharing Tandeep !

M S Sarai said...

Tandeep Jio
Your response and thoughts are inspiring. I feel honoured to get to know your literary contribution.
All the best.
M S Sarai

Rajinderjeet said...

Baba Najmi diyan rachnavan sanjhian karan layi bahut shukria Tandeep jio, us da har shabad lokaan di zuban wich hai.

सुभाष नीरव said...

बाबा नज्मी की ग़ज़लों से रू-ब-रू करवाने के लिए तनदीप जी बहुत बहुत शुक्रिया। बाबा नज्मी जी की सभी ग़ज़लें बहुत उम्दा हैं और एक एक शे'र प्रभावित करता है। ग़ज़ल में सादगी है लेकिन विचार की ऊँचाई भी बहुत है। दिल को छूते हैं इनके अशयार!

हरकीरत ' हीर' said...

ਤਨਦੀਪ ਜੀ ਕਿਵੇਂ ਹੋ .....?
ਬਾਬਾ ਨਜਮੀ ਜੀ ਨਾਲ ਵਾਰਤਾ ਦੀ ਵਧਾਈ ....
ਏਕ ਗੁਜਾਰਿਸ਼ ਹੈ ....
ਆਪਣੀਆਂ ਕੁਛ ਛੋਟੀਆਂ -ਛੋਟੀਆਂ ੧੦, ੧੨ ਰਚਨਾਵਾਂ ਹਿੰਦੀ ਵਿਚ (ਛ੍ਣੀਕਾਵਾਂ )
ਸਰਸ੍ਵਤੀ-ਸੁਮਨ ਪਤਰਿਕਾ ਲਈ ਭੇਜੋ , ਅਪਣੇ ਸਛਿਪਤ ਪਰਿਚਯ ਅਤੇ ਤਸਵੀਰ ਨਾਲ ...
ਇੰਤਜਾਰ ਹੈ ....
harkirathaqeer@gmail.com

Surinder Kamboj said...

ਬਾਬਾ ਨਜ਼ਮੀ ਜੀ ਨੂੰ ਪਹਿਲੀ ਵਾਰ ਪੜਿਆ ਹੈ ,,
ਤਨਦੀਪ ਜੀ ਤੇ ਆਰਸੀ ਪਰਿਵਾਰ ਦਾ ਬਹੁਤ-ਬਹੁਤ ਸ਼ੁਕਰੀਆ ।
ਸ਼ਬਦਾਂ ਵਿੱਚ ਇਹਨਾਂ ਬਾਰੇ ਕਿਹਾ ਨਹੀਂ ਜਾ ਸਕਦਾ । ਸ਼ਬਦਾਂ ਤੋਂ ਪਰੇ ਦੀ ਗੱਲ ਹੈ ।