ਸਾਹਿਤਕ ਨਾਮ: ਬਰਜਿੰਦਰ ਚੌਹਾਨ
ਅਜੋਕਾ ਨਿਵਾਸ: ਨਵੀਂ ਦਿੱਲੀ, ਇੰਡੀਆ
ਪ੍ਰਕਾਸ਼ਿਤ ਕਿਤਾਬਾਂ: ਗ਼ਜ਼ਲ ਸੰਗ੍ਰਹਿ ' ਪੌਣਾਂ ਉੱਤੇ ਦਸਤਖ਼ਤ’ (ਪਹਿਲੀ ਵਾਰ 1995 ਤੇ ਦੂਜੀ ਵਾਰ 2000 ਵਿਚ) ਛਪ ਚੁੱਕਿਆ ਹੈ। ਦੂਜਾ ਸੰਗ੍ਰਹਿ ਆਉਂਦੇ ਸਾਲ ਦੇ ਸ਼ੁਰੂ ਵਿੱਚ ਛਪਣ ਲਈ ਤਿਆਰ ਹੈ।
----
ਦੋਸਤੋ! ਅੱਜ ਨਵੀਂ ਦਿੱਲੀ ਵਸਦੇ ਸੁਪ੍ਰਸਿੱਧ ਗ਼ਜ਼ਲਗੋ ਜਨਾਬ ਬਰਜਿੰਦਰ ਚੌਹਾਨ ਸਾਹਿਬ ਨੇ ਹਾਲ ਹੀ ਵਿਚ ਫੇਸਬੁੱਕ ‘ਤੇ ਸੰਪਰਕ ਹੋਣ ਤੋਂ ਬਾਅਦ ਮੇਰੀ ਬੇਨਤੀ ਦਾ ਮਾਣ ਰੱਖਦਿਆਂ ਆਪਣੀ ਇਕ ਤਾਜ਼ਾ ਅਤੇ ਬੇਹੱਦ ਖ਼ੂਬਸੂਰਤ ਗ਼ਜ਼ਲ ਆਰਸੀ ਬਲੌਗ ਲਈ ਭੇਜੀ ਹੈ। ਮੈਂ ਕਈ ਸਾਲਾਂ ਜਿਨ੍ਹਾਂ ਸ਼ਾਇਰ ਸਾਹਿਬਾਨ ਦੀ ਹਾਜ਼ਰੀ ਇਸ ਬਲੌਗ ‘ਤੇ ਲਵਾਉਣਾ ਚਾਹੁੰਦੀ ਸੀ, ਉਨ੍ਹਾਂ ‘ਚ ਚੌਹਾਨ ਸਾਹਿਬ ਦਾ ਨਾਮ ਵੀ ਸ਼ਾਮਿਲ ਹੈ। ਮੈਂ ਚੌਹਾਨ ਸਾਹਿਬ ਦੀ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ। ਸਮੂਹ ਆਰਸੀ ਪਰਿਵਾਰ ਵੱਲੋਂ ਉਹਨਾਂ ਨੂੰ ਖ਼ੁਸ਼ਆਮਦੀਦ ਆਖਦਿਆਂ, ਅੱਜ ਦੀ ਪੋਸਟ ‘ਚ ਇਸ ਗ਼ਜ਼ਲ ਨੂੰ ‘ਚ ਸ਼ਾਮਿਲ ਕਰਦਿਆਂ, ਦਿਲੀ ਖ਼ੁਸ਼ੀ ਦਾ ਅਨੁਭਵ ਕਰ ਰਹੀ ਹਾਂ....ਪੂਰਨ ਆਸ ਹੈ ਕਿ ਚੌਹਾਨ ਸਾਹਿਬ ਭਵਿੱਖ ਵਿਚ ਵੀ ਹਾਜ਼ਰੀ ਅਤੇ ਸੁਝਾਵਾਂ ਨਾਲ਼ ਸਾਡਾ ਮਾਣ ਵਧਾਉਂਦੇ ਰਹਿਣਗੇ...ਬਹੁਤ-ਬਹੁਤ ਸ਼ੁਕਰੀਆ ਜੀ!
ਅਦਬ ਸਹਿਤ
ਤਨਦੀਪ
*****
ਗ਼ਜ਼ਲ
ਮਿਟੀ ਪਹਿਚਾਨ ਰੰਗਾਂ ਦੀ ਤੇ ਹਰ ਮੰਜ਼ਰ ਫ਼ਨਾਹ ਹੋਇਆ।
ਅਜੇਹੀ ਰਾਤ ਹੈ ਉਤਰੀ ਦਿਸੇ ਸਭ ਕੁਝ ਸਿਆਹ ਹੋਇਆ।
ਰਹੀ ਬੇਚੈਨ ਭਾਵੇਂ ਰੂਹ ਹਮੇਸ਼ਾ ਏਸ ਦੇ ਅੰਦਰ,
ਮੇਰੇ ਤੋਂ ਫੇਰ ਵੀ ਇਹ ਜਿਸਮ ਦਾ ਚੋਲ਼ਾ ਨਾ ਲਾਹ ਹੋਇਆ।
ਯਕੀਨਨ ਹਸ਼ਰ ਮੇਰਾ ਵੀ ਉਹੀ ਹੋਣਾ ਹੈ ਆਖ਼ਰ ਨੂੰ,
ਕਦੇ ਚੁਣਿਆ ਸੀ ਜੋ ਸੁਕਰਾਤ ਨੇ ਹੁਣ ਮੇਰਾ ਰਾਹ ਹੋਇਆ।
ਤੇਰੇ ਦਰਬਾਰ ਵਿਚ ਫ਼ਰਿਆਦ ਕੀ ਕਰੀਏ ਕਿ ਏਥੇ ਤਾਂ,
ਕਦੇ ਹੱਸਣਾ ਗੁਨਾਹ ਹੋਇਆ ਕਦੇ ਰੋਣਾ ਗੁਨਾਹ ਹੋਇਆ।
ਕਦੇ ਜੇ ਅਕਲ ਦੀ ਵੀ ਗੱਲ ਸੁਣੀ ਹੁੰਦੀ ਤਾਂ ਚੰਗਾ ਸੀ,
ਸੁਣੀ ਪਰ ਮੈਂ ਸਦਾ ਦਿਲ ਦੀ ਤੇ ਆਖ਼ਰ ਨੂੰ ਤਬਾਹ ਹੋਇਆ।
ਕਈ ਮਾਸੂਮ ਰੀਝਾਂ ਰੋਜ਼ ਇਸ ਅੰਦਰ ਜ਼ਿਬਾਹ ਹੁੰਦੀਆਂ,
ਮੇਰਾ ਦਿਲ ਵੀ ਜਿਵੇਂ ਰੀਝਾਂ ਦੀ ਕੋਈ ਕ਼ਤਲਗਾਹ ਹੋਇਆ।
9 comments:
ਤੇਰੇ ਦਰਬਾਰ ਵਿੱਚ ਫਰਿਆਦ ਕੀ ਕਰੀਏ ਕਿ ਏਥੇ ਤਾਂ,
ਕਦੇ ਹੱਸਣਾ ਗੁਨਾਹ ਹੋਇਆ ਕਦੇ ਰੋਣਾ ਗੁਨਾਹ ਹੋਇਆ । ......ਬਹੁਤ ਹੀ ਖੂਬਸੂਰਤ ਗ਼ਜ਼ਲ
ਤੇਰੇ ਦਰਬਾਰ ਵਿੱਚ ਫਰਿਆਦ ਕੀ ਕਰੀਏ ਕਿ ਏਥੇ ਤਾਂ,
ਕਦੇ ਹੱਸਣਾ ਗੁਨਾਹ ਹੋਇਆ ਕਦੇ ਰੋਣਾ ਗੁਨਾਹ ਹੋਇਆ । ......ਬਹੁਤ ਹੀ ਖੂਬਸੂਰਤ ਗ਼ਜ਼ਲ
ਯਕੀਨਨ ਹਸ਼ਰ ਮੇਰਾ ਵੀ ਉਹੀ ਹੋਣਾ ਹੈ ਆਖ਼ਰ ਨੂੰ,
ਕਦੇ ਚੁਣਿਆ ਸੀ ਜੋ ਸੁਕਰਾਤ ਨੇ ਹੁਣ ਮੇਰਾ ਰਾਹ ਹੋਇਆ।
ਅਤੇ
ਕਦੇ ਜੇ ਅਕਲ ਦੀ ਵੀ ਗੱਲ ਸੁਣੀ ਹੁੰਦੀ ਤਾਂ ਚੰਗਾ ਸੀ,
ਸੁਣੀ ਪਰ ਮੈਂ ਸਦਾ ਦਿਲ ਦੀ ਤੇ ਆਖ਼ਰ ਨੂੰ ਤਬਾਹ ਹੋਇਆ।
ਬੇਹਦ ਖੂਬਸੂਰਤ ਸ਼ਿਅਰ !!
kmaal di ghazal hai chauhan sahib....
beAuTiFuLLLLLL !!!!!!
BeAuTiFuL !!!!
ਕਦੇ ਜੇ ਅਕਲ ਦੀ ਵੀ ਗੱਲ ਸੁਣੀ ਹੁੰਦੀ ਤਾਂ ਚੰਗਾ ਸੀ,
ਸੁਣੀ ਪਰ ਮੈਂ ਸਦਾ ਦਿਲ ਦੀ 'ਤੇ ਆਖਿਰ ਨੂੰ ਤਬਾਅ ਹੋਇਆ | ਜੀਓ |
ਬਰਜਿੰਦਰ ਚੌਹਾਨ ਜਦੀਦ ਪੰਜਾਬੀ ਗ਼ਜ਼ਲ ਦਾ ਮਾਣ-ਮੱਤਾ ਹਸਤਾਖ਼ਰ ਹੈ। ਉਸਦੀ ਹਾਜ਼ਰੀ ਨਾਲ 'ਆਰਸੀ' ਨੂੰ ਚਾਰ-ਚੰਨ ਲੱਗੇ ਹਨ। ਭਾਵੇਂ ਦੇਰ ਨਾਲ ਹੀ ਸਹੀ, ਪੰਜਾਬੀ ਗ਼ਜ਼ਲ ਦੇ ਪਾਠਕਾਂ ਨੂੰ ਸਹੀ ਗ਼ਜ਼ਲਗੋਅ ਦੀ ਗ਼ਜ਼ਲ ਪੜ੍ਹਨੀ ਨਸੀਬ ਹੋਈ ਹੈ। ਚਿਰਾਂ ਮਗਰੋਂ ਦਿਲ ਦੇ ਸ਼ਾਂਤ ਤਲਾਅ ਵਿਚ ਕਿਸੇ ਨੇ ਦਿਲ ਵਿੰਨ੍ਹਵੇਂ ਸ਼ੇਅਰਾਂ ਦੀਆਂ ਠੀਕਰਾਂ ਮਾਰ ਕੇ ਹਲਚਲ ਪੈਦਾ ਕੀਤੀ ਹੈ। ਕੋਈ ਹੈ ਜਵਾਬ ਇਸ ਸ਼ੇਅਰ ਦਾ-
ਕਈ ਮਾਸੂਮ ਰੀਝਾਂ ਰੋਜ਼ ਇਸ ਅੰਦਰ ਜ਼ਿਬਾਹ ਹੁੰਦੀਆਂ,
ਮੇਰਾ ਦਿਲ ਵੀ ਜਿਵੇਂ ਰੀਝਾਂ ਦੀ ਕੋਈ ਕਤਲਗਾਹ ਹੋਇਆ।
ਕਤਲਗਾਹ ਦੇ 'ਕੱਕੇ' ਪੈਰ ਬਿੰਦੀ ਦੇਖ ਕੇ ਰੂਹ ਸਰਸ਼ਾਰ ਹੋ ਗਈ। ਅੱਜ ਜਦੋਂ ਕਿ 'ਵਿਦਵਾਨ' ਲੋਕ 'ਗ', 'ਫ', 'ਖ' ਦੇ ਪੈਰੋਂ ਬਿੰਦੀ ਲਾਹੁੰਣ ਲਈ ਅੱਡੀਆਂ ਭਾਰ ਹੋ ਰਹੇ ਹਨ, ਤੁਸੀਂ 'ਕੱਕੇ' ਦੇ ਪੈਰ ਵਿਚ ਬਿੰਦੀ ਪਾ ਕੇ ਆਪਣੀ ਸੂਖਮ ਸਮਝ ਅਤੇ ਭਾਸ਼ਾ ਪ੍ਰਤੀ ਮੋਹ ਦਾ ਸਬੂਤ ਦਿੱਤਾ ਹੈ। ਏਨੀ ਮਹੀਨ ਬੁੱਧੀ ਰੱਖਣ ਲਈ ਚੌਹਾਨ ਜੀ ਅਤੇ ਤਮੰਨਾ ਜੀ, ਮੁਬਾਰਕਾਂ।
ਸੁਰਿੰਦਰ ਸੋਹਲ
====
ਬਹੁਤ-ਬਹੁਤ ਸ਼ੁਕਰੀਆ ਸੋਹਲ ਸਾਹਿਬ...:)
ਅਦਬ ਸਹਿਤ
ਤਨਦੀਪ
Barjinder ji diyan ghazlan Punjabi shayri da maan han.
Post a Comment